ਆਟੋਮੋਬਾਈਲ ਨਿਰਮਾਤਾਵਾਂ ਨੂੰ ਵੈਂਟੀਲੇਟਰ ਬਣਾਉਣ ਦੇ ਨਿਰਦੇਸ਼

ਨਵੀ ਦਿੱਲੀ (ਸਮਾਜ ਵੀਕਲੀ)- ਕੇਂਦਰ ਸਰਕਾਰ ਨੇ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਆਟੋਮੋਬਾਈਲ ਨਿਰਮਾਤਾਵਾਂ ਨੂੰ ਆਪਣੀ ਫੈਕਟਰੀਆਂ ਵਿੱਚ ਵੈਂਟੀਲੇਟਰ ਦਾ ਉਤਪਾਦਨ ਕਰਨ ਲਈ ਕਿਹਾ ਹੈ। ਸਰਕਾਰ ਨੇ ਕਿਹਾ ਕਿ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਅਗਲੇ ਹਫ਼ਤੇ ਤੋਂ ਰੋਜ਼ਾਨਾ 20 ਹਜ਼ਾਰ ਐੱਨ-95 ਮਾਸਕ ਬਣਾਉਣਾ ਸ਼ੁਰੂ ਕਰ ਦੇਵੇਗਾ।

ਸਿਹਤ ਮੰਤਰਾਲੇ ਮੁਤਾਬਕ ਦੇਸ਼ ਦੇ ਵੱਖ ਵੱਖ ਹਸਪਤਾਲਾਂ ਵਿੱਚ ਕੋਵਿਡ-19 ਪੀੜਤ ਮਰੀਜ਼ਾਂ ਲਈ 14 ਹਜ਼ਾਰ ਤੋਂ ਵੱਧ ਵੈਂਟੀਲੇਟਰ ਵੱਖਰੇ ਰੱਖੇ ਗਏ ਹਨ, ਜਦੋਂਕਿ ਸਟਾਕ ਵਿੱਚ 11.5 ਲੱਖ ਐੱਨ-95 ਮਾਸਕ ਮੌਜੂਦ ਹਨ। ਮੰਤਰਾਲੇ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਦੌਰਾਨ ਪੰਜ ਲੱਖ ਮਾਸਕ ਵੰਡੇ ਸਨ ਤੇ ਅੱਜ 1.40 ਲੱਖ ਮਾਸਕ ਹੋਰ ਵੰਡੇ ਦਿੱਤੇ ਹਨ। ਮੰਤਰਾਲੇ ਨੇ ਦੱਸਿਆ ਕਿ 3.34 ਲੱਖ ਨਿੱਜੀ ਸੁਰੱਖਿਆ ਉਪਕਰਨ (ਪੀਪੀਈ) ਵਾਲੇ ਰੱਖਿਆ ਸੂਟ ਦੇਸ਼ ਦੇ ਹਸਪਤਾਲਾਂ ਵਿੱਚ ਉਪਲੱਬਧ ਹਨ ਤੇ 4 ਅਪਰੈਲ ਤਕ ਦਾਨ ਵਿੱਚ ਮਿਲੇ ਤਿੰਨ ਲੱਖ ਅਜਿਹੇ ਰੱਖਿਆ ਸੂਟ ਵਿਦੇਸ਼ ਤੋਂ ਆ ਜਾਣਗੇ। ਸਿਹਤ ਮੰਤਰੀ ਨੇ ਇਕ ਟਵੀਟ ’ਚ ਕਿਹਾ, ‘ਆਟੋਮੋਬਾਈਲ ਨਿਰਮਾਤਾਵਾਂ ਨੂੰ ਵੈਂਟੀਲੇਟਰ ਬਣਾਉਣ ਲਈ ਕਿਹਾ ਹੈ ਤੇ ਉਹ ਇਸ ਦਿਸ਼ਾ ’ਚ ਕੰਮ ਕਰ ਰਹੇ ਹਨ।’ ਇਸੇ ਤਰ੍ਹਾਂ ਮੰਤਰਾਲੇ ਨੇ ਰੱਖਿਆ ਮੰਤਰਾਲੇ ਅਧੀਨ ਆਉਂਦੀ ਸਰਕਾਰੀ ਕੰਪਨੀ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀਈਐੱਲ) ਨੂੰ ਸਥਾਨਕ ਨਿਰਮਾਤਾਵਾਂ ਨਾਲ ਮਿਲ ਕੇ ਅਗਲੇ ਦੋ ਮਹੀਨਿਆਂ ਵਿੱਚ 30 ਹਜ਼ਾਰ ਵੈਂਟੀਲੇਟਰ ਬਣਾਉਣ ਲਈ ਕਿਹਾ ਹੈ।

ਮੰਤਰਾਲੇ ਨੇ ਇਕ ਹੋਰ ਟਵੀਟ ’ਚ ਕਿਹਾ ਕਿ ਨੌਇਡਾ ਦੀ ਨਿੱਜੀ ਖੇਤਰ ਦੀ ‘ਅਗਵਾ ਹੈੱਲਥਕੇਅਰ’ ਨੂੰ ਇਕ ਮਹੀਨੇ ਅੰਦਰ 10 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਆਰਡਰ ਦਿੱਤਾ ਹੈ। ਇਨ੍ਹਾਂ ਦੀ ਸਪਲਾਈ ਅਪਰੈਲ ਦੇ ਦੂਜੇ ਹਫ਼ਤੇ ਵਿੱਚ ਸ਼ੁਰੂ ਹੋਣ ਦੀ ਆਸ ਹੈ। ਟਵੀਟ ’ਚ ਅੱਗੇ ਕਿਹਾ ਗਿਆ ਹੈ ਕਿ ਦੋ ਮੁਕਾਮੀ ਨਿਰਮਾਤਾ ਰੋਜ਼ਾਨਾ 50 ਹਜ਼ਾਰ ਐੱਨ-95 ਮਾਸਕਾਂ ਦਾ ਉਤਪਾਦਨ ਕਰ ਰਹੇ ਹਨ। ਇਨ੍ਹਾਂ ਦੇ ਅਗਲੇ ਹਫ਼ਤੇ ਤਕ ਉਤਪਾਦਨ ਨੂੰ ਇਕ ਲੱਖ ਰੋਜ਼ਾਨਾ ਕਰ ਦੇਣ ਦੀ ਉਮੀਦ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪੀਪੀਈ ਰੱਖਿਆ ਸੂਟ ਤਿਆਰ ਕਰਨ ਵਾਲੇ 11 ਮੁਕਾਮੀ ਉਤਪਾਦਕ ਹੁਣ ਤਕ ਮਾਪਦੰਡਾਂ ’ਤੇ ਖਰੇ ਉਤਰੇ ਹਨ ਤੇ ਉਨ੍ਹਾਂ ਨੂੰ 21 ਲੱਖ ਅਜਿਹੇ ਸੂਟ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ।

Previous articleਪੈਸੇ ਕਢਵਾਉਣ ਲਈ ਲੋਕਾਂ ਨੇ ਛਿੱਕੇ ਟੰਗੀਆਂ ਹਦਾਇਤਾਂ
Next articleਮੋਬਾਈਲ ਫੋਨ ਨਾ ਦੇਣ ’ਤੇ ਛੋਟੇ ਭਰਾ ਦਾ ਕਤਲ