ਆਜ਼ਮ ਖ਼ਾਨ ਨੂੰ ਸਪੀਕਰ ਅੱਗੇ ਪੇਸ਼ ਹੋਣ ਦੇ ਹੁਕਮ

ਲੋਕ ਸਭਾ ਵਿੱਚ ਭਾਜਪਾ ਆਗੂ ਰਮਾ ਦੇਵੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ’ਤੇ ਮੁਆਫ਼ੀ ਮੰਗਣ ਲਈ ਦਬਾਅ ਵਧ ਗਿਆ ਹੈ। ਇਸ ਕਾਰਨ ਆਜ਼ਮ ਖ਼ਾਨ ਨੂੰ 29 ਜੁਲਾਈ ਨੂੰ ਸਪੀਕਰ ਓਮ ਬਿਰਲਾ ਅੱਗੇ ਪੇਸ਼ ਹੋ ਕੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਆਖ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਆਜ਼ਮ ਨੂੰ ਇਸ ਪੇਸ਼ੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਜੇ ਉਹ ਪੇਸ਼ ਨਹੀਂ ਹੁੰਦੇ ਤਾਂ ਸਪੀਕਰ ਉਨ੍ਹਾਂ ਖ਼ਿਲਾਫ਼ ਸਖ਼ਤ ਕਰਵਾਈ ਕਰ ਸਕਦੇ ਹਨ। ਖਾਨ ਵਲੋਂ ਬੀਤੇ ਦਿਨ ਤੀਹਰੇ ਤਲਾਕ ਬਾਰੇ ਬਿੱਲ ’ਤੇ ਚਰਚਾ ਦੌਰਾਨ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੀ ਅੱਜ ਲੋਕ ਸਭਾ ਦੇ ਮੈਂਬਰਾਂ ਨੇ ਕਰੜੀ ਨਿੰਦਾ ਕਰਦਿਆਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ’ਤੇ ਖਾਨ ਨੂੰ ਸਦਨ ਵਿਚੋਂ ਮੁਅੱਤਲ ਕਰਨ ਦੀ ਮੰਗ ਵੀ ਉੱਠੀ ਹੈ। ਅੱਜ ਸਿਫ਼ਰ ਕਾਲ ਦੌਰਾਨ ਭਾਜਪਾ ਦੇ ਸੰਘਮਿਤਰਾ ਮੌਰਿਆ ਵਲੋਂ ਇਹ ਮੁੱਦਾ ਚੁੱਕੇ ਜਾਣ ਮਗਰੋਂ ਸੰਸਦ ਮੈਂਬਰਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨ੍ਹਾਂ ਟਿੱਪਣੀਆਂ ਨੂੰ ਦੋਹਰੇ ਅਰਥਾਂ ਵਾਲੀਆਂ ਅਤੇ ਮਾੜੀ ਭਾਵਨਾ ਨਾਲ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦੱਸਦਿਆਂ ਇਸ ਘਟਨਾ ਨੂੰ ਸਾਰੇ ਸੰਸਦ ਮੈਂਬਰਾਂ ਲਈ ਧੱਬਾ ਕਰਾਰ ਦਿੱਤਾ ਹੈ। ਵੱਖ-ਵੱਖ ਪਾਰਟੀਆਂ ਭਾਜਪਾ, ਕਾਂਗਰਸ, ਐੱਨਸੀਪੀ, ਤ੍ਰਿਣਮੂਲ ਕਾਂਗਰਸ, ਡੀਐੱਮਕੇ ਅਤੇ ਬੀਜੇਡੀ ਦੇ ਮੈਂਬਰਾਂ ਨੇ ਆਖਿਆ ਕਿ ਸਦਨ ਵਲੋਂ ਅਜਿਹੇ ਵਿਹਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੰਸਦ ਭਵਨ ਦੇ ਬਾਹਰ ਸਪੀਕਰ ਬਿਰਲਾ ਦੀ ਅਗਵਾਈ ਵਿੱਚ ਸਾਰੀਆਂ ਪਾਰਟੀਆਂ ਦੇ ਸੰਸਦੀ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ ਜਾਂ ਤਾਂ ਆਜ਼ਮ ਖ਼ਾਨ ਮੁਆਫ਼ੀ ਮੰਗੇ, ਜਾਂ ਫਿਰ ਕਾਰਵਾਈ ਦਾ ਸਾਹਮਣਾ ਕਰੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸਪੀਕਰ ਵਲੋਂ ਖਾਨ ਨੂੰ ਸਦਨ ਵਿੱਚ ਬਿਨਾਂ ਸ਼ਰਤ ਤੋਂ ਮੁਆਫ਼ੀ ਮੰਗਣ ਲਈ ਆਖਿਆ ਜਾਵੇਗਾ। ਜੋਸ਼ੀ ਨੇ ਕਿਹਾ, ‘‘ਸਪੀਕਰ ਵਲੋਂ ਸਦਨ ਵਿੱਚ ਆਜ਼ਮ ਖਾਨ ਨੂੰ ਉਸ ਵਲੋਂ ਰਮਾ ਦੇਵੀ ਵਿਰੁਧ ਕੀਤੀਆਂ ਟਿੱਪਣੀਆਂ ਬਾਰੇ ਬਿਨਾਂ ਕਿਸੇ ਸ਼ਰਤ ਤੋਂ ਮੁਆਫ਼ੀ ਮੰਗਣ ਲਈ ਆਖਿਆ ਜਾਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਸਪੀਕਰ ਕੋਲ ਉਸ ਖ਼ਿਲਾਫ਼ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ।’’ ਸੂਤਰਾਂ ਅਨੁਸਾਰ ਲੋਕ ਸਭਾ ਵਲੋਂ ਮਤਾ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਵਿੱਚ ਸਪੀਕਰ ਨੂੰ ਖਾਨ ਖ਼ਿਲਾਫ਼ ‘ਮਿਸਾਲੀ ਕਾਰਵਾਈ’ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਮੰਨਣਾ ਹੈ ਕਿ ਮਹਿਲਾਵਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੂੰ ਸਦਨ ਸਹਿਣ ਨਹੀਂ ਕਰੇਗਾ। ਕਈ ਮਹਿਲਾ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਖਾਨ ਖ਼ਿਲਾਫ਼ ਕਾਰਵਾਈ ਲਈ ਪੱਤਰ ਵੀ ਲਿਖੇ ਹਨ। ਰਮਾ ਦੇਵੀ ਦਾ ਕਹਿਣਾ ਹੈ ਕਿ ਉਸ ਨੂੰ ਮੌਜੂਦਾ ਲੋਕ ਸਭਾ ਦੇ ਪੂਰੇ ਕਾਰਜਕਾਲ (ਪੰਜ ਸਾਲਾਂ) ਲਈ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸੰਸਦ ਵਿੱਚ ਵੱਖ ਵੱਖ ਪਾਰਟੀਆਂ ਦੀਆਂ ਮਹਿਲਾ ਸੰਸਦ ਮੈਂਬਰਾਂ ਸਣੇ ਕਈ ਪਾਰਟੀਆਂ ਦੇ ਨੇਤਾਵਾਂ ਨੇ ਕਰੀਬ ਇੱਕ ਘੰਟਾ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ’ਤੇ ਕਰੜਾ ਵਿਰੋਧ ਪ੍ਰਗਟਾਇਆ। ਇਸ ਕਾਰਵਾਈ ਦੌਰਾਨ ਕਾਂਗਰਸ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਵਿਚਾਲੇ ਕੁਝ ਤਿੱਖੀ ਬਹਿਸਬਾਜ਼ੀ ਵੀ ਹੋਈ। ਕੱਪੜਾ ਸਨਅਤ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ, ‘‘ਇਹ ਪੁਰਸ਼ਾਂ ਸਣੇ ਸਾਰੇ ਸੰਸਦ ਮੈਂਬਰਾਂ ’ਤੇ ਧੱਬਾ ਹੈ।’’ ਉਨ੍ਹਾਂ ਸਪਾ ਆਗੂ ਅਖਿਲੇਸ਼ ਯਾਦਵ ਵਲੋਂ ਵੀਰਵਾਰ ਨੂੰ ਆਜ਼ਮ ਖਾਨ ਦਾ ਪੱਖ ਲਏ ਜਾਣ ਕਾਰਨ ਉਸ ’ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਵਲੋਂ ਔਰਤਾਂ ਪ੍ਰਤੀ ਮੰਦੀ ਭਾਵਨਾ ਰੱਖਣ ਵਾਲੇ ਦਾ ਪੱਖ ਪੂਰੇ ਜਾਣ ਦੀ ਕਾਰਵਾਈ ਸ਼ਰਮਨਾਕ ਹੈ। ਸਦਨ ਵਿੱਚ ਖਾਨ ਅਤੇ ਅਖਿਲੇਸ਼ ਮੌਜੂਦ ਨਹੀਂ ਸਨ। ਇਰਾਨੀ ਨੇ ਕਿਹਾ ਕਿ ਜੇਕਰ ਖਾਨ ਨੇ ਇਹ ਟਿੱਪਣੀਆਂ ਸਦਨ ਦੇ ਬਾਹਰ ਕੀਤੀਆਂ ਹੁੰਦੀਆਂ ਤਾਂ ਪੁਲੀਸ ਨੇ ਮਹਿਲਾ ਦੇ ਬਚਾਅ ਲਈ ਆ ਜਾਣਾ ਸੀ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠਣ ਅਤੇ ਸਪੀਕਰ ਨੂੰ ਕਾਰਵਾਈ ਕੀਤੇ ਜਾਣ ਦੀ ਅਪੀਲ ਕੀਤੀ। ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ‘‘ਇਟਲੀ ਦੀ ਕਠਪੁਤਲੀ ਅਤੇ ਇਟਲੀ ਦੀ ਬੇਟੀ’’ ਕਹਿ ਕੇ ਬੁਲਾਏ ਜਾਣ ਦੀਆਂ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਪਾਰਟੀ ਦੇ ਸੰਸਦੀ ਆਗੂ ਅਧੀਰ ਰੰਜਨ ਚੌਧਰੀ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਮਹਿਲਾਵਾਂ ਖ਼ਿਲਾਫ਼ ਅਜਿਹੇ ਦੁਰਵਿਹਾਰ ਦੇ ਵਿਰੁਧ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਹੈਰਾਨੀ ਪ੍ਰਗਟਾਈ ਕਿ ਇਸ ਮੁੱਦੇ ’ਤੇ ਸਟੈਂਡ ਲੈਣ ਵਿੱਚ ਏਨੀ ‘ਦੁਚਿੱਤੀ’ ਅਤੇ ‘ਝਿਜਕ’ ਕਿਉਂ ਹੈ? ਉਨ੍ਹਾਂ ਨੇ ਇਹ ਗੱਲ ਵਿਰੋਧੀ ਧਿਰ ਵਲੋਂ ਉਨ੍ਹਾਂ ਦੀਆਂ ਟਿੱਪਣੀਆਂ ’ਤੇ ਇਤਰਾਜ਼ ਕੀਤੇ ਜਾਣ ਮਗਰੋਂ ਕਹੀ। ਤ੍ਰਿਣਮੂਲ ਕਾਂਗਰਸ ਦੀ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ ਕਿ ਮਹਿਲਾ ਨੂੰ ਇੱਜ਼ਤ ਨਾ ਦੇ ਸਕਣ ਵਾਲੇ ਵਿਅਕਤੀ ਨੂੰ ਭਾਰਤੀ ਸਭਿਅਤਾ ਦੀ ਕੋਈ ਸਮਝ ਨਹੀਂ ਹੈ। ਐੱਨਸੀਪੀ ਦੀ ਸੁਪ੍ਰਿਆ ਸੂਲੇ ਨੇ ਕਿਹਾ ਕਿ ਖਾਨ ਦੀਆਂ ਟਿੱਪਣੀਆਂ ਕਰਕੇ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ ਅਤੇ ਉਨ੍ਹਾਂ ਸਖ਼ਤ ਸਜ਼ਾ ਦੀ ਮੰਗ ਕੀਤੀ। ਡੀਐੱਮਕੇ ਦੀ ਕਨੀਮੋੜੀ ਨੇ ਹੈਰਾਨੀ ਪ੍ਰਗਟਾਈ ਕਿ ਜੇਕਰ ਸੰਸਦ ਦੇ ਅੰਦਰ ਇਹ ਹਾਲ ਹੈ ਤਾਂ ਭਾਰਤੀ ਔਰਤਾਂ ਨਾਲ ਬਾਹਰ ਕਿਹੋ ਜਿਹਾ ਵਿਹਾਰ ਹੁੰਦਾ ਹੋਵੇਗਾ।

Previous articleਹਜੂਮੀ ਹਿੰਸਾ: ਹਦਾਇਤਾਂ ਲਾਗੂ ਨਾ ਕਰਨ ’ਤੇ ਕੇਂਦਰ ਅਤੇ ਸੂਬਿਆਂ ਨੂੰ ਨੋਟਿਸ
Next articleਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸਲਾਮ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਦਿੱਤੀਆਂ ਸ਼ਰਧਾਂਜਲੀਆਂ * ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਦਾ ਮੁੱਖ ਸਮਾਗਮ ਦਰਾਸ ’ਚ ਹੋਇਆ * ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਜੰਗੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ * ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਅਤਿਵਾਦੀਆਂ ਅਤੇ ਪਾਕਿਸਤਾਨ ਨੂੰ ਦਿੱਤੀ ਚਿਤਾਵਨੀ