ਆਕਸੀਜਨ ਦੀ ਕਿੱਲਤ ਕਰਕੇ ਮੌਤਾਂ ਲਈ ਜਵਾਬਦੇਹੀ ਨਿਰਧਾਰਿਤ ਹੋਵੇ: ਪ੍ਰਿਯੰਕਾ

ਨਵੀਂ ਦਿੱਲੀ (ਸਮਾਜ ਵੀਕਲੀ) ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿੱਚ ‘ਆਕਸੀਜਨ ਦੀ ਕਿੱਲਤ’ ਕਰਕੇ ਹੋ ਰਹੀਆਂ ਮੌਤਾਂ ਲਈ ਯੋਗੀ ਸਰਕਾਰ ਨੂੰ ਘੇਰਦਿਆਂ ਅੱਜ ਕਿਹਾ ਕਿ ਇਨ੍ਹਾਂ ਮੌਤਾਂ ਲਈ ਜਵਾਬਦੇਹੀ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਯੂਪੀ ਸਰਕਾਰ ਸੂਬੇ ਵਿੱਚ ਆਕਸੀਜਨ ਦੀ ਕਿੱਲਤ ਤੋਂ ਲਗਾਤਾਰ ਇਨਕਾਰੀ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਹੁਣ ਤੱਕ ਕਈ ਮਰੀਜ਼ ਇਸ ਕਰਕੇ ਮੌਤ ਦੇ ਮੂੰਹ ਜਾ ਪਏ ਹਨ। ਪ੍ਰਿਯੰਕਾ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਅਲਾਹਾਬਾਦ ਹਾਈ ਕੋਰਟ ਨੇ ਲੰਘੇ ਦਿਨ ਟਿੱਪਣੀ ਕੀਤੀ ਸੀ ਕਿ ਕੋਵਿਡ-19 ਮਰੀਜ਼ਾਂ ਦੀ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਕਰਕੇ ਹੋਣ ਵਾਲੀ ਮੌਤ ਅਪਰਾਧਿਕ ਕਾਰਵਾਈ ਹੈ ਤੇ ਇਹ ਕਿਸੇ ‘ਨਸਲਕੁਸ਼ੀ ਤੋਂ ਘੱਟ ਨਹੀਂ ਹੈ।’

ਪ੍ਰਿਯੰਕਾ ਗਾਂਧੀ ਨੇ ਕੋਰਟ ਦੀ ਇਸ ਟਿੱਪਣੀ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਹਾਈ ਕੋਰਟ ਨੇ ਸਰਕਾਰ ਨੂੰ ਸ਼ੀਸ਼ਾ ਵਿਖਾਇਆ ਹੈ। ਕਾਂਗਰਸ ਦੀ ਜਨਰਲ ਸਕੱਤਰ ਨੇ ਹਿੰਦੀ ਵਿੱਚ ਕੀਤੀ ਫੇਸਬੁੱਕ ਪੋਸਟ ’ਚ ਕਿਹਾ, ‘‘ਯੂਪੀ ਸਰਕਾਰ ਆਕਸੀਜਨ ਦੀ ਕਿੱਲਤ ਤੋਂ ਲਗਾਤਾਰ ਇਨਕਾਰੀ ਹੈ। ਆਕਸੀਜਨ ਦੀ ਕਿੱਲਤ ਦਾ ਮੁੱਦਾ ਚੁੱਕਣ ਵਾਲਿਆਂ ਨੂੰ ਸਰਕਾਰ ਵੱਲੋਂ ਧਮਕਾਇਆ ਜਾ ਰਿਹਾ ਹੈ। ਹਾਲਾਂਕਿ ਸੱਚਾਈ ਇਹ ਹੈ ਕਿ ਆਕਸੀਜਨ ਦੀ ਕਿੱਲਤ ਕਰਕੇ ਲਗਾਤਾਰ ਮੌਤਾਂ ਹੋ ਰਹੀਆਂ ਹਨ ਤੇ ਸਰਕਾਰ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ।’

ਅਲਾਹਾਬਾਦ ਹਾਈ ਕੋਰਟ ਨੇ ਉਪਰੋਕਤ ਟਿੱਪਣੀਆਂ ਲਖਨਊ ਤੇ ਮੇਰਠ ਜ਼ਿਲ੍ਹਿਆਂ ਵਿੱਚ ਆਕਸੀਜਨ ਦੀ ਕਿੱਲਤ ਕਰਕੇ ਹੋਈਆਂ ਮੌਤਾਂ ਦੀ ਸੋਸ਼ਲ ਮੀਡੀਆ ’ਤੇ ਨਸ਼ਰ ਖ਼ਬਰਾਂ ਦਾ ਨੋਟਿਸ ਲੈਂਦਿਆਂ ਕੀਤੀਆਂ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਰਿਆਂ ਲਈ ਮੁਫ਼ਤ ਵੈਕਸੀਨ ਯਕੀਨੀ ਬਣਾਉਣ ਮੋਦੀ: ਮਮਤਾ
Next articleਆਸਟਰੇਲਿਆਈ ਨਾਗਰਿਕ ਵੱਲੋਂ ਸਰਕਾਰ ਦੇ ਦਾਖ਼ਲਾ ਨੇਮਾਂ ਨੂੰ ਚੁਣੌਤੀ