ਆਈਐੱਸ ਮੈਂਬਰ ਦੇ ਘਰੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵਿਚ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਹੰਮਦ ਮੁਸਤਕੀਮ ਖ਼ਾਨ (36) ਦੇ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਸਥਿਤ ਘਰੋਂ ਵੱਡੀ ਗਿਣਤੀ ਧਮਾਕਾਖ਼ੇਜ਼ ਸਮੱਗਰੀ ਅਤੇ ਆਈਐੱਸਆਈਐੱਸ ਦਾ ਝੰਡਾ ਬਰਾਮਦ ਕੀਤਾ ਹੈ। ਦੱਸਣਯੋਗ ਹੈ ਕਿ ਦਿੱਲੀ ਦੇ ਰਿਜ ਰੋਡ ’ਤੇ ਸ਼ੁੱਕਰਵਾਰ ਰਾਤ ਗੋਲੀਬਾਰੀ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਖ਼ਾਨ ਕੋਲੋਂ ਦੋ ਪ੍ਰੈੱਸ਼ਰ ਕੁੱਕਰ ਆਈਈਡੀ ਮਿਲੇ ਸਨ ਅਤੇ ਉਸ ਦੇ ਅਤਿਵਾਦੀ ਸੰਗਠਨ ਆਈਐੱਸਆਈਐੱਸ ਨਾਲ ਸਬੰਧਤ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਸੀ।

ਦਿੱਲੀ ਪੁਲੀਸ ਦੀ ਵਿਸ਼ੇਸ਼ ਟੀਮ ਉਸ ਨੂੰ ਬਲਰਾਮਪੁਰ ਜ਼ਿਲ੍ਹੇ ਵਿਚ ਸਥਿਤ ਬਧੀਆ ਭਾਈਸ਼ਾਹੀ ਪਿੰਡ ਲੈ ਕੇ ਗਈ ਸੀ। ਉਸ ਦੇ ਘਰੋਂ ਧਮਾਕਾਖ਼ੇਜ਼ ਸਮੱਗਰੀ ਵਾਲੇ ਤਿੰਨ ਪੈਕੇਟ ਇਕ ਭੂਰੀ ਜੈਕੇਟ ਵਿਚੋਂ ਅਤੇ ਚਾਰ ਪੈਕੇਟ ਨੀਲੀ ਜੈਕੇਟ ਵਿਚੋਂ ਬਰਾਮਦ ਕੀਤੇ ਗਏ ਹਨ। ਡੀਸੀਪੀ (ਵਿਸ਼ੇਸ਼ ਸੈੱਲ) ਪੀ.ਐੱਸ. ਕੁਸ਼ਵਾਹਾ ਨੇ ਦੱਸਿਆ ਕਿ ਹਰੇਕ ਪੈਕੇਟ ਪਾਰਦਰਸ਼ੀ ਟੇਪ ਨਾਲ ਲਪੇਟਿਆ ਹੋਇਆ ਸੀ। ਉਸ ਵਿਚ ਧਮਾਕਾ ਕਰਨ ਵਾਲੀ ਸਮੱਗਰੀ ਸੀ। ਗੱਤੇ ਦੀ ਸ਼ੀਟ ਨਾਲ ਬਾਲ ਬੇਅਰਿੰਗ ਜੋੜਿਆ ਗਿਆ ਸੀ ਤੇ ਵਿੱਚੋਂ ਬਿਜਲੀ ਦੀਆਂ ਤਾਰਾਂ ਬਾਹਰ ਆ ਰਹੀਆਂ ਸਨ। ਉਹ ਦਿੱਲੀ ਦੇ ਭੀੜ ਵਾਲੇ ਕਿਸੇ ਇਲਾਕੇ ਵਿਚ ਇਕੱਲਾ ਹੀ ਧਮਾਕਾ ਕਰਨਾ ਚਾਹੁੰਦਾ ਸੀ।

ਡੀਸੀਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਚਮੜੇ ਦੀ ਇਕ ਬੈਲਟ ਤਿੰਨ ਕਿਲੋ ਧਮਾਕਾਖ਼ੇਜ਼ ਸਮੱਗਰੀ ਨਾਲ, ਚਾਰ ਹੋਰ ਪੌਲੀਥੀਨ ਲਿਫਾਫ਼ੇ 8-9 ਕਿਲੋ ਧਮਾਕਾ ਕਰਨ ਵਾਲੀ ਸਮੱਗਰੀ ਨਾਲ ਬਰਾਮਦ ਕੀਤੇ ਗਏ ਹਨ। ਧਾਤ ਦੇ ਤਿੰਨ ਸਿਲੰਡਰ ਆਕਾਰ ਵਾਲੇ ਡੱਬਿਆਂ ਵਿਚੋਂ ਤਾਰਾਂ ਅਤੇ ਧਮਾਕਾਖ਼ੇਜ਼ ਸਮੱਗਰੀ ਮਿਲੀ ਹੈ। ਦੋ ਹੋਰ ਡੱਬਿਆਂ ’ਚੋਂ ਬਾਲ ਬੇਅਰਿੰਗ ਮਿਲੀ ਹੈ। ਲੱਕੜ ਦਾ ਇਕ ਟੁੱਟਿਆ ਹੋਇਆ ਬਕਸਾ ਜੋ ਕਿ ਅਭਿਆਸ ਕਰਨ ਲਈ ਸੀ, ਵੱਖ-ਵੱਖ ਅਕਾਰ ਦੇ ਕੁੱਲ 30 ਬਾਲ ਬੇਅਰਿੰਗ ਤੇ ਤਿੰਨ ਲਿਥੀਅਮ ਬੈਟਰੀਆਂ ਵੀ ਉਸ ਦੇ ਘਰੋਂ ਪੁਲੀਸ ਨੂੰ ਮਿਲੀਆਂ ਹਨ।

ਕੁਸ਼ਵਾਹਾ ਮੁਤਾਬਕ ਬਿਜਲੀ ਦੀਆਂ ਤਾਰਾਂ ਨਾਲ ਜੁੜੇ ਲੋਹੇ ਦੇ ਬਲੇਡ, ਤਾਰਾਂ ਨਾਲ ਜੁੜਿਆ ਅਲਾਰਮ ਵੀ ਮਿਲਿਆ ਹੈ। ਪੁਲੀਸ ਮੁਤਾਬਕ ਉਹ 15 ਅਗਸਤ ਨੂੰ ਦਿੱਲੀ ਵਿਚ ਹਮਲਾ ਕਰਨਾ ਚਾਹੁੰਦਾ ਸੀ ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਅਸਫ਼ਲ ਰਿਹਾ। ਸੁਰੱਖਿਆ ਏਜੰਸੀਆਂ ਉਸ ’ਤੇ ਪਿਛਲੇ ਸਾਲ ਤੋਂ ਨਿਗਰਾਨੀ ਰੱਖ ਰਹੀਆਂ ਸਨ। ਖ਼ਾਨ ਦਾ ਸਿੱਧਾ ਸੰਪਰਕ ਪਹਿਲਾਂ ਭਾਰਤ ਵਿਚ ਆਈਐੱਸਐੱਸ ਦੇ ਮੁਖੀ ਬਣਾਏ ਗਏ ਯੂਸੁਫ਼-ਅਲ ਹਿੰਦੀ ਨਾਲ ਸੀ ਪਰ ਉਹ ਸੀਰੀਆ ਵਿਚ 2017 ’ਚ ਮਾਰਿਆ ਗਿਆ ਸੀ। ਇਸ ਤੋਂ ਬਾਅਦ ਹਮਲਿਆਂ ਬਾਰੇ ਉਹ ਹੋਰਨਾਂ ਤੋਂ ਹਦਾਇਤਾਂ ਲੈਂਦਾ ਰਿਹਾ।

Previous article666 fresh Covid cases in J&K, tally exceeds 32,000
Next articleਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਲਈ ਡਟੀਆਂ ਰਹਿਣ ਸਿਆਸੀ ਧਿਰਾਂ: ਚਿਦੰਬਰਮ