ਆਈਆਈਟੀਜ਼ ਨੇ ਭਾਰਤ ਦਾ ਨਾਂ ਆਲਮੀ ਪੱਧਰ ’ਤੇ ਰੁਸ਼ਨਾਇਆ: ਮੋਦੀ

ਬੀਤੇ 70 ਸਾਲਾਂ ਦੌਰਾਨ ਦੇਸ਼ ਵਿੱਚ ਕੋਈ ਵੀ ਵਿਕਾਸ ਨਾ ਹੋਣ ਦੀ ਰੱਟ ਲਾਉਂਦੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ 56 ਸਾਲ ਪਹਿਲਾਂ ਕਾਇਮ ਆਈਆਈਟੀ-ਬਾਂਬੇ ਵਿੱਚ ਦੇਸ਼ ਭਰ ਦੇ ਭਾਰਤੀ ਤਕਨਾਲੋਜੀ ਅਦਾਰਿਆਂ (ਆਈਆਈਟੀਜ਼) ਦੇ ਰੱਜ ਕੇ ਸੋਹਲੇ ਗਾਏ। ਉਨ੍ਹਾਂ ਕਿਹਾ ਕਿ ਨਵੀਆਂ ਕਾਢਾਂ ਤੇ ਉੱਦਮਸ਼ੀਲਤਾ ਹੀ ਵਿਕਸਤ ਭਾਰਤ ਦੇ ਆਧਾਰ ਹਨ, ਜਿਨ੍ਹਾਂ ਵਿੱਚ ਆਈਆਈਟੀਜ਼ ਦਾ ਭਾਰੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਮਾਜ ਇਨੋਵੇਸ਼ਨ ਭਾਵ ਕੁਝ ਨਵਾਂ ਨਹੀਂ ਕਰਦੇ, ਉਨ੍ਹਾਂ ਵਿੱਚ ਖੜੋਤ ਆ ਜਾਂਦੀ ਹੈ। ਆਈਆਈਟੀਜ਼ ਨੇ ਬਰਾਂਡ ਇੰਡੀਆ ਨੂੰ ਆਲਮੀ ਪੱਧਰ ਉਤੇ ਚਮਕਾਇਆ ਹੈ ਤੇ ਹੁਣ ਇਹ ‘ਤਬਦੀਲੀ ਦੇ ਯੰਤਰ’ ਬਣ ਗਏ ਹਨ।
ਉਹ ਇਥੇ ਆਈਆਈਟੀ-ਬਾਂਬੇ ਦੀ 56ਵੀਂ ਸਾਲਾਨਾ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨੋਵੇਸ਼ਨ 21ਵੀਂ ਸਦੀ ਦਾ ਸਭ ਤੋਂ ਵੱਧ ਚਰਚਿਤ ਸ਼ਬਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੋਜ ਪੱਖੀ ਮਾਹੌਲ ਸਿਰਜਣ ਲਈ ਵਧੇਰੇ ਤਵੱਜੋ ਉਚੇਰੀ ਸਿੱਖਿਆ ਬਾਰੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਆਪਣੀਆਂ ਆਈਆਈਟੀਜ਼ ਅਤੇ ਇਸ ਦੇ ਪੜ੍ਹੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉਤੇ ਮਾਣ ਹੈ। ਆਈਆਈਟੀਜ਼ ਦੀ ਸਫਲਤਾ ਸਦਕਾ ਹੀ ਦੇਸ਼ ਵਿੱਚ ਅਨੇਕਾਂ ਇੰਜਨੀਅਰਿੰਗ ਕਾਲਜਾਂ ਦੀ ਕਾਇਮੀ ਦਾ ਰਾਹ ਖੁੱਲ੍ਹਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਉਨ੍ਹਾਂ (ਇੰਜਨੀਅਰਿੰਗ ਕਾਲਜ) ਨੂੰ ਪ੍ਰੇਰਨਾ ਆਈਆਈਟੀਜ਼ ਤੋਂ ਮਿਲੀ ਤੇ ਇਸ ਸਦਕਾ ਹੀ ਭਾਰਤ ਤਕਨੀਕੀ ਅਮਲੇ ਦੀ ਬਹੁਤਾਤ ਵਾਲਾ ਦੁਨੀਆ ਦਾ ਇਕ ਮੋਹਰੀ ਮੁਲਕ ਬਣ ਸਕਿਆ ਹੈ। ਆਈਆਈਟੀਜ਼ ਨੇ ਬਰਾਂਡ ਇੰਡੀਆ ਦਾ ਨਾਂ ਆਲਮੀ ਪੱਧਰ ’ਤੇ ਚਮਕਾਇਆ। ਆਈਆਈਟੀਜ਼ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਹੀ ਇਕ-ਇਕ ਇੱਟ ਜੜ ਕੇ, ਜਾਂ ਮੈਂ ਆਖ ਸਕਦਾ ਹਾਂ ਕਿ ਇਕ-ਇਕ ਕਲਿੱਕ ਕਰ ਕੇ ਭਾਰਤੀ ਆਈਟੀ (ਸੂਚਨਾ ਤਕਨਾਲੋਜੀ) ਸੈਕਟਰ ਨੂੰ ਬੁਲੰਦੀਆਂ ਉਤੇ ਪਹੁੰਚਾਇਆ ਹੈ।’’ ਉਨ੍ਹਾਂ ਕਿਹਾ ਕਿ ਹਰ ਸਾਲ ਦੇਸ਼ ਵਿੱਚ ਸੱਤ ਲੱਖ ਇੰਜਨੀਅਰਿੰਗ ਵਿਦਿਆਰਥੀ ਪਾਸ ਹੁੰਦੇ ਹਨ ਤੇ ਇਹ ਯਕੀਨੀ ਬਣਾਉਣ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ ਕਿ ਉਨ੍ਹਾਂ ਨੂੰ ਉੱਚ ਮਿਆਰੀ ਵਿੱਦਿਆ ਹਾਸਲ ਹੋਵੇ ਅਤੇ ਉਹ ਲੋੜੀਂਦੀ ਯੋਗਤਾ ਹਾਸਲ ਕਰ ਸਕਣ।

Previous articleਐਨਆਰਸੀ ਮੁੱਦੇ ’ਤੇ ਸ਼ਾਹ ਨੇ ਮਮਤਾ ਅਤੇ ਰਾਹੁਲ ਨੂੰ ਘੇਰਿਆ
Next articleHeavy rains lash coastal, south Karnataka