ਅੱਜ ਪਹਿਲੀ ਵਾਰ ਸੁਲਤਾਨਪੁਰ ਲੋਧੀ ”ਚ ਹੋਵੇਗੀ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ

ਸੁਲਤਾਨਪੁਰ ਲੋਧੀ – (ਹਰਜਿੰਦਰ ਛਾਬੜਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੁਲਤਾਨਪੁਰ ਲੋਧੀ ‘ਚ ਕੌਮਾਂਤਰੀ ਪੱਧਰ ‘ਤੇ ਕਰਵਾਉਣ ਲਈ ਆਪਣੀ ਸਰਕਾਰ ਦੀ ਸਮੁੱਚੀ ਕੈਬਨਿਟ ਦੀ ਮੀਟਿੰਗ ਅੱਜ ਸੁਲਤਾਨਪੁਰ ਲੋਧੀ ‘ਚ ਕਰਕੇ ਪੰਥਕ ਸਿਆਸਤ ‘ਚ ਕੈਪਟਨ ਸਰਕਾਰ ਨਵਾਂ ਇਤਿਹਾਸ ਸਿਰਜਨ ਜਾ ਰਹੀ ਹੈ। ਜਿਹੜਾ ਕੰਮ ਅੱਜ ਤੱਕ ਪੰਥਕ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਨਹੀਂ ਸੀ ਕਰ ਸਕੀ, ਉਹ ਕਾਂਗਰਸ ਸਰਕਾਰ ਅੱਜ ਕਰਨ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ‘ਚ ਪੂਰਾ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਡਟਿਆ ਹੋਇਆ ਹੈ। ਪੰਜਾਬ ਦੇ ਇਤਿਹਾਸ ‘ਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਸੁਲਤਾਨਪੁਰ ਲੋਧੀ ‘ਚ ਹੋਣ ਜਾ ਰਹੀ ਹੈ। ਇਹ ਮੀਟਿੰਗ ‘ਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਅਤੇ ਸਰਕਾਰ ਦੇ ਸਾਰੇ ਮੁੱਖ ਸਕੱਤਰ ਆਦਿ ਅਧਿਕਾਰੀ ਬੁਲਾਏ ਗਏ ਹਨ।

ਇਥੇ ਦੱਸ ਦੇਈਏ ਕਿ ਕੈਬਨਿਟ ਦੀ ਮੀਟਿੰਗ ‘ਚ ਸ੍ਰੀ ਗੁਰੂ ਨਾਨਕ ਦੇਵ ਦਾ 550ਵਾਂ ਗੁਰਪੁਰਬ ਮਨਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ 12 ਨਵੰਬਰ ਦੇ ਮੁੱਖ ਸਮਾਗਮ ਸੰਬੰਧੀ ਵੀ ਅਹਿਮ ਐਲਾਨ ਹੋ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸ਼ਤਾਬਦੀ ਸਮਾਗਮ ਨੂੰ ਲੈ ਕੇ ਪਏ ਰੇੜਕੇ ਕਾਰਨ ਹੁਣ ਤੱਕ ਕੈਪਟਨ ਸਰਕਾਰ ਵੱਲੋਂ ਵੱਖਰੇ ਤੌਰ ‘ਤੇ ਸਮਾਗਮ ਗੁਰਦੁਆਰਾ ਬੇਰ ਸਾਹਿਬ ਦੇ ਸਾਹਮਣੇ ਪਵਿੱਤਰ ਵੇਈਂ ਦੇ ਪਾਰ ਕਰਵਾਉਣ ਲਈ ਤਿਆਰੀ ਕੱਸ ਰਹੀ ਹੈ ਜਦਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਗੁਰਦੁਆਰਾ ਹੱਟ ਸਾਹਿਬ ਵਿਚਕਾਰ ਪੈਂਦੇ ਗੁਰੂ ਨਾਨਕ ਸਟੇਡੀਅਮ ਵਿਖੇ 1 ਨਵੰਬਰ ਤੋਂ 13 ਨਵੰਬਰ ਤੱਕ ਦੇ ਕੌਮਾਂਤਰੀ ਪੱਧਰ ਦੇ ਸਮਾਗਮ ਕਰਵਾਉਣ ਲਈ ਤਿਆਰੀਆਂ ਕੱਸ ਰਿਹਾ ਹੈ ।

ਜਿਸ ਕਾਰਨ ਇਸ ਮੀਟਿੰਗ ਦੀ ਅਹਿਮੀਅਤ ਹੋਰ ਵੀ ਵੱਧ ਗਈ ਹੈ।ਹੋਰ ਜਾਣਕਾਰੀ ਅਨੁਸਾਰ ਚੰਡੀਗੜ੍ਹ ਜਦੋਂ ਦੀ ਪੰਜਾਬ ਦੀ ਰਾਜਧਾਨੀ ਬਣੀ ਹੈ, ਉਸ ਤੋਂ ਬਾਅਦ ਪੰਜਾਬ ਕੈਬਨਿਟ ਦੀ ਕੋਈ ਵੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਕਦੇ ਨਹੀਂ ਹੋਈ। ਹੁਣ ਅੱਜ ਦੁਪਹਿਰ ਨੂੰ ਸੁਲਤਾਨਪੁਰ ਲੋਧੀ ‘ਚ ਵਜ਼ਾਰਤ ਦੀ ਮੀਟਿੰਗ ਕਰਕੇ ਨਵਾਂ ਇਤਿਹਾਸ ਰਚਣ ਦਾ ਯਤਨ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ‘ਚ ਕਈ ਸਰਕਾਰਾਂ ਬਣਾਉਣ ਦੇ ਮੌਕੇ ਮਿਲੇ ਹਨ ਪਰ ਉਹ ਕੋਈ ਵੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਨਹੀਂ ਕਰ ਸਕੇ। ਮੀਟਿੰਗ ਸੁਲਤਾਨਪੁਰ ਲੋਧੀ ਦੇ ਮਾਰਕੀਟ ਕਮੇਟੀ ਦੇ ਕੰਪਲੈਕਸ ਵਿੱਚ ਕੀਤੀ ਜਾਵੇਗੀ ।ਕੈਪਟਨ ਸਰਕਾਰ ਚੰਡੀਗੜ੍ਹ ਤੋਂ ਬਾਹਰ ਸੁਲਤਾਨਪੁਰ ਲੋਧੀ ਚ ਮੀਟਿੰਗ ਕਰਕੇ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ ਉਹ ਗੁਰਪੁਰਬ ਅਤੇ ਸ਼ਤਾਬਦੀਆਂ ਮਨਾਉਣ ਦੇ ਮਾਮਲੇ ‘ਚ ਅਕਾਲੀਆਂ ਨਾਲੋਂ ਅੱਗੇ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਚਾਰ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਨੂੰ ਵਾਈਟ ਪੇਂਟ ਕਰਨ ਦੀ ਸੇਵਾ ਅਕਾਲੀ ਦਲ ਵੱਲੋਂ ਸ਼ੁਰੂ ਕਰਕੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਸੀ ।

Previous articleਅਫ਼ਗਾਨਿਸਤਾਨ: 9/11 ਦੀ 18ਵੀਂ ਬਰਸੀ ‘ਤੇ ਕਾਬੁਲ ‘ਚ ਅਮਰੀਕੀ ਦੂਤਘਰ ‘ਤੇ ਰਾਕੇਟ ਨਾਲ ਅੱਤਵਾਦੀ ਹਮਲਾ
Next articleBlast at US embassy in Afghanistan on 9/11 anniversary