ਅੱਜ ਤੋਂ ਖੁੱਲ੍ਹਣਗੀਆਂ ਨਾਈ ਦੀਆਂ ਦੁਕਾਨਾਂ ਤੇ ਬਿਊਟੀ ਪਾਰਲਰ

ਚੰਡੀਗੜ੍ਹ (ਸਮਾਜਵੀਕਲੀ): ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਸਿਟੀ ਬਿਊਟੀਫੁੱਲ ਵਿੱਚ ਲੌਕਡਾਊਨ-5 ਦਾ ਗੇੜ 30 ਜੂਨ ਤੱਕ ਜਾਰੀ ਰਹੇਗਾ ਜਦੋਂਕਿ ਯੂਟੀ ਪ੍ਰਸ਼ਾਸਨ ਵੱਲੋਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਬਾਜ਼ਾਰ ਖੋਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਜਿੱਥੇ ਸ਼ਹਿਰ ਵਿਚਲੀਆਂ ਨਾਈ ਦੀਆਂ ਦੁਕਾਨਾਂ ਨੂੰ ਮੰਗਲਵਾਰ ਤੋਂ ਖੁੋਲ੍ਹਣ ਦੇ ਆਦੇਸ਼ ਦਿੱਤੇ ਹਨ, ਉੱਥੇ ਹੀ ਜਿੰਮ, ਸਪਾ, ਸਵਿਮਿੰਗ ਪੂਲ, ਬਿਊਟੀ ਪਾਰਲਰ ਅਗਲੇ ਆਦੇਸ਼ਾਂ ਤੱਕ ਬੰਦ ਰਹਿਣਗੇ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਿੱਚ ਹੋਈ ਕੋਵਿਡ-19 ਦੀ ਸਮੀਖਿਆ ਬੈਠਕ ਦੌਰਾਨ ਲਿਆ ਗਿਆ।

ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਸੈਕਟਰ-46 ਦੀ ਰੇਹੜੀ ਮਾਰਕੀਟ, ਸੈਕਟਰ-22 ਡੀ, ਸ਼ਾਸਤਰੀ ਮਾਰਕੀਟ, ਸੈਕਟਰ-15 ਦੀ ਪਟੇਲ ਮਾਰਕੀਟ, ਸੈਕਟਰ-41, ਕ੍ਰਿਸ਼ਨਾ ਮਾਰਕੀਟ, ਸੈਕਟਰ-19, ਸਦਰ ਬਾਜ਼ਾਰ, ਪਾਲਿਕਾ ਬਾਜ਼ਾਰ, ਸੈਕਟਰ-18 ਗਾਂਧੀ ਮਾਰਕੀਟ, ਸੈਕਟਰ-27 ਜਨਤਾ ਮਾਰਕੀਟ ਨੂੰ ਔਡ/ਈਵਨ ਫਾਰਮੂਲੇ ਤਹਿਤ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਸ੍ਰੀ ਬਦਨੌਰ ਨੇ ਦੱਸਿਆ ਕਿ ਸ਼ਹਿਰ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਪਾਸ ਦੀ ਲੋੜ ਨਹੀਂ ਹੋਵੇਗੀ, ਸਿਰਫ਼ ਸ਼ਹਿਰ ਵਿੱਚ ਦਾਖਲ ਹੋਣ ਸਮੇਂ ਸਕਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ 14 ਦਿਨ ਖ਼ੁਦ ਦੀ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਯੂਟੀ ਪ੍ਰਸ਼ਾਸਨ ਨੇ ਯੂਟੀ ਦੇ ਦਫ਼ਤਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ 75 ਫੀਸਦ ਸਟਾਫ਼ ਨਾਲ ਖੋਲ੍ਹਣ ਦਾ ਐਲਾਨ ਕੀਤਾ ਹੈ ਜਦਕਿ 8 ਜੂਨ ਤੋਂ ਬਾਅਦ ਲੋੜ ਅਨੁਸਾਰ 100 ਫ਼ੀਸਦ ਸਟਾਫ਼ ਨੂੰ ਵੀ ਸੱਦਿਆ ਜਾ ਸਕਦਾ ਹੈ। ਆਮ ਲੋਕ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਸਵੇਰੇ 11 ਤੋਂ 12 ਵਜੇ ਦੇ ਵਿਚਕਾਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਣਗੇ।

ਪ੍ਰਸ਼ਾਸਨ ਨੇ ਕਿਹਾ ਕਿ 8 ਜੂਨ ਤੋਂ ਰੈਸਟੋਰੈਂਟ ਨੂੰ ਵੀ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸੈਕਟਰ-26 ਸਥਿਤ ਥੋਕ ਮਾਰਕੀਟ ਖੁੱਲ੍ਹੀ ਰਹੇਗੀ ਅਤੇ ਅਗਲੇ ਆਦੇਸ਼ਾਂ ਤੱਕ ਸੈਕਟਰ-17 ਬੱਸ ਅੱਡੇ ’ਤੇ ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਲੱਗਣਗੀਆਂ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।

Previous articleਮੁਲਕ ’ਚ ਰੇਲ ਸੇਵਾ ਅੰਸ਼ਕ ਤੌਰ ’ਤੇ ਬਹਾਲ
Next articleਅੰਮ੍ਰਿਤਸਰ ’ਚ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਦਾ ਕਰਫਿਊ ਜਾਰੀ ਰਹੇਗਾ