ਅੱਗ ਲੱਗਣ ਕਾਰਨ ਸਵਾ ਸੌ ਏਕੜ ਤੋਂ ਵੱਧ ਕਣਕ ਸੜੀ

ਪਿੰਡ ਭੂੰਦੜ ਅਤੇ ਤਾਮਕੋਟ ਦੀ ਹੱਦ ਕੋਲ ਲੱਗੀ ਅੱਗ ਕਾਰਨ 80 ਏਕੜ ਤੋਂ ਵੱਧ ਪੱਕੀ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਤਾਮਕੋਟ ਦੇ ਕਿਸਾਨ ਨਾਜਰ ਸਿੰਘ ਪੁੱਤਰ ਜਰਨੈਲ ਸਿੰਘ ਦੇ 30 ਏਕੜ, ਜੈਲ ਸਿੰਘ ਪੁੱਤਰ ਨਿਰੰਜਨ ਸਿੰਘ ਦੇ 6, ਅੰਮ੍ਰਿਤਪਾਲ ਸਿੰਘ ਪੁੱਤਰ ਸਰੂਪ ਸਿੰਘ ਦੇ 12, ਲਖਵਿੰਦਰ ਸਿੰਘ, ਗਮਦੂਰ ਸਿੰਘ ਦੇ 3-3 ਏਕੜ ਆਦਿ ਕਿਸਾਨਾਂ ਦੀ ਕਣਕ ਸੜ ਕੇ ਸੁਆਹ ਹੋ ਗਈ। ਨਾਲ ਦੇ ਪਿੰਡਾਂ ਦੇ ਕਿਸਾਨਾਂ ਅਤੇ ਹੋਰ ਲੋਕਾਂ ਦੀ ਮਦਦ ਨਾਲ ਕਿਸਾਨਾਂ ਵੱਲੋਂ ਬੜੀ ਮੁਸ਼ਕਤ ਨਾਲ ਅੱਗ ਨੂੰ ਕਾਬੂ ਕੀਤਾ ਗਿਆ। ਪਤਾ ਲੱਗਦਿਆਂ ਭਾਵੇਂ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਤੋਂ ਅੱਗ ਬੁਝਾਊ ਦਸਤੇ ਪਹੁੰਚ ਗਏ ਸਨ, ਪਰ ਉਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਉਕਤ ਦੋਹਾਂ ਪਿੰਡਾਂ ਦੇ ਮਾਲ ਮਹਿਕਮੇ ਦੇ ਅਧਿਕਾਰੀ ਵੀ ਸਪੈਸ਼ਲ ਗਿਦਾਰਵਰੀ ਲਈ ਪੁੱਜ ਗਏ ਸਨ ਅਤੇ ਮਿਣਤੀ ਗਿਣਤੀ ਆਰੰਭ ਕਰ ਦਿੱਤੀ ਗਈ ਸੀ। ਉਕਤ ਜਾਣਕਾਰੀ ਸਰਪੰਚ ਦੇ ਪਤੀ ਸੁਖਵੀਰ ਸਿੰਘ ਤਾਮਕੋਟ ਨੇ ਦਿੱਤੀ ਅਤੇ ਮੌਕੇ ’ਤੇ ਮੌਜੂਦ ਕਿਸਾਨਾਂ ਅਤੇ ਹੋਰ ਲੋਕਾਂ ਵੱਲੋਂ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਜ਼ਿਲ੍ਹਾ ਮੁਕਤਸਰ ਦੇ ਪਿੰਡ ਮਡਾਹੜ ਕਲ੍ਹਾਂ ਵਿਚ ਅੱਜ ਕਣਕ ਦੀ ਖੜੀ ਫਸਲ ਨੂੰ ਅੱਗ ਲੱਗਣ ਕਾਰਨ 20 ਏਕੜ ਤੋਂ ਵੱਧ ਕਣਕ ਸੜ ਗਈ। ਪਤਾ ਲੱਗਾ ਹੈ ਕਿ ਇਥੋਂ ਦੇ ਗੁਰਵੰਤ ਸਿੰਘ ਪੁੱਤਰ ਚਾਨਣ ਸਿੰਘ, ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ, ਮਨਜੀਤ ਸਿੰਘ, ਰਛਪਾਲ ਸਿੰਘ ਦੇ 4-4 ਏਕੜ ਅਤੇ ਰੇਸ਼ਮ ਸਿੰਘ ਦੀ 2 ਏਕੜ ਆਦਿ ਕਣਕ ਸੜ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਅੱਗ ਬਿਜਲੀ ਦੇ ਸਪਾਰਕ ਤੋਂ ਲੱਗੀ ਹੈ। ਅੱਗ ਲੱਗੀ ਦਾ ਪਤਾ ਲਗਦਿਆਂ ਹੀ ਮਾਲ ਮਹਿਕਮੇ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ, ਕਿਸਾਨਾਂ ਵੱਲੋਂ ਡੀ ਸੀ ਮੁਕਤਸਰ ਨੂੰ ਮਿਲ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।

Previous articleਏਸ਼ੀਅਨ ਅਥਲੈਟਿਕਸ: ਗੋਮਤੀ ਅਤੇ ਤੂਰ ਨੇ ਜਿੱਤੇ ਦੋ ਸੋਨ ਤਗ਼ਮੇ
Next articleਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੀ ਪੇਸ਼ਕਸ਼ ਰੱਦ