ਅੱਖਾਂ

ਰੋਮੀ ਘੜਾਮੇਂ ਵਾਲ਼ਾ 
(ਸਮਾਜ ਵੀਕਲੀ)

ਹੁੰਦਾ ਛਲ, ਕਪਟ ਨਾ ਕੋਈ ਬਚਪਨੇ ਵਿੱਚ,
ਤੱਕਣ ਸਭ ਨੂੰ ਇੱਕ ਸਮਾਨ ਅੱਖਾਂ।
ਅੱਗੇ ਪਹੁੰਚ ਕੇ ਅਲ੍ਹੜ ਵਰੇਸ ਅੰਦਰ,
ਗੱਲਾਂ ਕਰਦੀਆਂ ਵਾਂਗ ਜ਼ੁਬਾਨ ਅੱਖਾਂ।
ਪਹਿਲਾਂ ਵੱਜਦੀਆਂ ਤੇ ਫਿਰ ਲੜਦੀਆਂ ਨੇ,
ਸਾਜਣ ਸੁਪਨੇ, ਖ਼ੁਆਬ, ਅਰਮਾਨ ਅੱਖਾਂ।
ਧੱਕੇ ਚੜ੍ਹ ਕੇ ਕਾਮ, ਵਿਭਚਾਰ ਦੇ ਜੀ,
ਬਣ ਜਾਂਦੀਆਂ ਕਦੇ ਸ਼ੈਤਾਨ ਅੱਖਾਂ।
ਛਿੱਕੇ ਟੰਗਦੀਆਂ ਰਿਸ਼ਤੇ, ਨਾਤਿਆਂ ਨੂੰ,
ਜਦੋਂ ਨਸ਼ੇ ‘ਚ ਹੋਣ ਗੁਲਤਾਨ ਅੱਖਾਂ।
ਕਿਤੇ ਪਹਿਰਕੇ ਚਸ਼ਮਾ ਧਰਮ ਵਾਲ਼ਾ,
ਭਸਮ ਕਰਨ ਹਜ਼ਾਰਾਂ ਇਨਸਾਨ ਅੱਖਾਂ।
ਫਿਰ ਦਿੱਲੀ, ਗੁਜਰਾਤ ਜਾਂ ਗੋਧਰਾ ਵਿੱਚ,
ਚਿੱਟੇ ਦਿਨ ਹੀ ਪਾਉਣ ਘਮਸਾਨ ਅੱਖਾਂ।
ਕਹਿੰਦੇ ਰੱਬ ਨੇ ਬੰਦੇ ਦੀ ਲਿਖੀ ਜਿੰਨੀ,
ਹੁੰਦੀਆਂ ਉਨੇ ਕੁ ਚਿਰ ਮਹਿਮਾਨ ਅੱਖਾਂ।
ਲਿਖੀ ਲੁਖੀ ਦੀਆਂ ਬੇਫਜੂਲ ਗੱਲਾਂ,
ਮਿੱਟੀ ਕਰ ਦੇਣ ਵਿੱਚ ਸ਼ਮਸ਼ਾਨ ਅੱਖਾਂ।
ਘੜਾਮੇਂ ਵਾਲ਼ਿਆਂ ਜੇ ਉਮਰ ਤੋਂ ਬਾਅਦ ਵੀ ਤੂੰ,
ਚਾਹੁੰਨੈ ਜਿਊਂਦੀਆਂ ਵਿੱਚ ਜਹਾਨ ਅੱਖਾਂ।
ਮਿੰਟ ਲਾ ਨਾ ਰੋਮੀਆਂ ਭਰ ਫ਼ਾਰਮ,
ਚੁੱਪ ਕਰਕੇ ਤੂੰ ਕਰਦੇ ਦਾਨ ਅੱਖਾਂ।
ਵੇਖੀਂ ਸੜਨ, ਦਬਣ ਜਾਂ ਰੁੜ੍ਹਨ ਨਾਲੋਂ,
ਬਣ ਜਾਣੀਆਂ ਫੇਰ ਮਹਾਨ ਅੱਖਾਂ।
ਬਣ ਜਾਣੀਆਂ ਫੇਰ ਮਹਾਨ ਅੱਖਾਂ।
ਬਣ ਜਾਣੀਆਂ ਫੇਰ ਮਹਾਨ ਅੱਖਾਂ।
                     ਰੋਮੀ ਘੜਾਮੇਂ ਵਾਲ਼ਾ।
                     98552-81105
Previous articleਡਾ ਬੀ ਆਰ ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਸਬੰਧੀ ਭਲਾਣਾ ਵਿਖੇ ਸਮਾਗਮ ਆਯੋਜਿਤ
Next articleਨਵਨਿਯੁਕਤ ਡੀ .ਈ. ਓ ਸੈਕੰਡਰੀ ਸਿਖਿਆ ਗੁਰਦੀਪ ਸਿੰਘ ਗਿੱਲ ਦਾ ਕੀਤਾ ਸਨਮਾਨ*