ਅੰਮ੍ਰਿਤਸਰ ਵਿੱਚ ਕਰੋਨਾਵਾਇਰਸ ਦੇ 28 ਹੋਰ ਕੇਸ ਸਾਹਮਣੇ ਆਏ

ਅੰਮ੍ਰਿਤਸਰ (ਸਮਾਜਵੀਕਲੀ)ਸ਼ਹਿਰ ਵਿਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਸ਼ਹਿਰ ਵਿਚ 28 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਅੱਠ ਅਜਿਹੇ ਹਨ, ਜਿਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ ਜਦੋਂਕਿ 20 ਮਰੀਜ਼ ਹੋਰਨਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਇਸ ਰੋਗ ਦੀ ਲਪੇਟ ਵਿਚ ਆਏ ਹਨ।

ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ 8 ‘ਕਮਿਊਨਿਟੀ ਸਪਰੈੱਡ’ ਕੇਸਾਂ ’ਚੋਂ ਇਕ ਛੇਹਰਟਾ, ਇਕ ਕਟੜਾ ਸੰਤ ਸਿੰਘ, ਇਕ ਟੁੰਡਾ ਤਲਾਬ, ਇਕ ਬਾਜ਼ਾਰ ਜੱਟਾਂ ਵਾਲਾ, ਇਕ ਕੋਟ ਖਾਲਸਾ, ਇੱਕ ਕਟੜਾ ਚੜ੍ਹਤ ਸਿੰਘ, ਇਕ ਸ਼ਾਸਤਰੀ ਮਾਰਕੀਟ ਅਤੇ ਇਕ ਦਿਹਾਤੀ ਖੇਤਰ ਜੰਡਿਆਲਾ ਨਾਲ ਸਬੰਧਤ ਹੈ। ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਇਸ ਰੋਗ ਦੀ ਲਪੇਟ ਵਿਚ ਆਏ ਮਰੀਜ਼ਾਂ ’ਚੋਂ 7 ਹਾਊਸਿੰਗ ਬੋਰਡ ਕਲੋਨੀ ਦੇ ਮਰੀਜ਼ ਨਾਲ ਸਬੰਧਤ ਹਨ, ਤਿੰਨ ਕਟੜਾ ਸ਼ੇਰ ਸਿੰਘ ਦੇ ਮਰੀਜ਼ ਨਾਲ, ਇਕ ਫੈਜ਼ਪੁਰਾ, ਇਕ ਕੇਸਰ ਦਾ ਢਾਬਾ ਨੇੜੇ, ਇਕ ਰਣਜੀਤ ਐਵੇਨਿਊ-ਈ ਬਲਾਕ, ਦੋ ਆਰਬੀ ਅਸਟੇਟ, ਦੋ ਰੋਜ਼ ਐਵੇਨਿਊ, ਦੋ ਕੱਟੜਾ ਮੋਤੀ ਰਾਮ ਅਤੇ ਇਕ ਫੁੱਲਾਂ ਵਾਲਾ ਚੌਕ ਨਾਲ ਸਬੰਧਤ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਕਾਰਨ ਕਰੋਨਾ ਪਾਜ਼ੇਟਿਵ ਹੋਏ ਹਨ।

ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੁੱਲ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 468 ਹੋ ਗਈ ਹੈ ਜਦੋਂਕਿ 344 ਸਿਹਤਯਾਬ ਹੋ ਕੇ ਘਰਾਂ ਨੂੰ ਚਲੇ ਗਏ ਹਨ। ਇਸ ਵੇਲੇ 116 ਕਰੋਨਾ ਪਾਜ਼ੇਟਿਵ ਮਰੀਜ ਜ਼ੇਰੇ ਇਲਾਜ ਹਨ ਅਤੇ ਅੱਠ ਦੀ ਮੌਤ ਹੋ ਚੁੱਕੀ ਹੈ।

Previous articleਸ਼ਰਾਬ ਦਾ ਨਾਜਾਇਜ਼ ਕਾਰੋਬਾਰ ਰੋਕਣ ਲਈ ਪੰਜ ਮੈਂਬਰੀ ਆਬਕਾਰੀ ਸੁਧਾਰ ਗਰੁੱਪ ਦਾ ਗਠਨ
Next articleਪੰਜਾਬ ਨੂੰ ਮੰਦੀ ’ਚੋਂ ਕੱਢੇਗਾ ਖੇਤੀ ਅਰਥਚਾਰਾ: ਮਨਪ੍ਰੀਤ