ਅੰਮ੍ਰਿਤਸਰ ਵਿਖੇ ਟੂਰਿਜ਼ਮ ਦੇ ਵਿਕਾਸ ਲਈ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇਵੇ : ਅੰਮ੍ਰਿਤਸਰ ਵਿਕਾਸ ਮੰਚ

ਡਾ. ਚਰਨਜੀਤ ਸਿੰਘ ਗੁਮਟਾਲਾ

ਜਾਰੀ ਕਰਤਾ: ਡਾ. ਚਰਨਜੀਤ ਸਿੰਘ ਗੁਮਟਾਲਾ, +91- 9417533060

ਅੰਮ੍ਰਿਤਸਰ : ਅੰਮ੍ਰਿਤਸਰ ਵਿਕਾਸ ਮੰਚ ਨੇ ਪੰਜਾਬ ਸਰਕਾਰ ਨੂੰ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਬਰਾੜ ਤੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਆਉਣ ਵਾਲੇ  ਯਾਤਰੂਆਂ  ਦੇ ਜੋ ਅੰਕੜੇ ਜਾਰੀ ਕੀਤੇ ਹਨ ਉਨ੍ਹਾਂ ਅਨੁਸਾਰ ਪੰਜਾਬ ਦੇ ਘਰੇਲੂ ਯਾਤਰੂਆਂ ਦਾ  27%  ਤੇ  ਵਿਦੇਸ਼ੀ ਯਾਤਰੂਆਂ ਦਾ 30% ਵਾਧਾ ਜੋ ਦਰਸਾਇਆ ਗਿਆ ਹੈ, ਉਸ ਵਿੱਚ 90% ਯੋਗਦਾਨ ਕੇਵਲ ਅੰਮ੍ਰਿਤਸਰ ਦਾ ਹੈ ਜਿਥੇ ਰੋਜ਼ਾਨਾ ਇੱਕ ਤੋਂ ਦੋ ਲੱਖ ਦੇ ਕਰੀਬ ਯਾਤਰੂ ਆਉਂਦੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਸਿੱਧੀਆਂ ਅੰਤਰ-ਰਾਸ਼ਟਰੀ ਹਵਾਈ ਸੇਵਾਵਾਂ ਰਾਹੀਂ ਲੰਡਨ, ਬਰਮਿੰਘਮ, ਸਿੰਗਾਪੁਰ, ਕੁਆਲਾਲੰਪੁਰ, ਦੁਬਈ, ਦੋਹਾ, ਸ਼ਾਰਜਾਹ, ਅਸ਼ਕਾਬਾਦ ਤੇ ਤਾਸ਼ਕੰਦ ਤੋਂ ਇਲਾਵਾ ਭਾਰਤ ਦੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੂਆਂ ਦੀ ਗਿਣਤੀ 2019-20 ਵਿੱਚ 30 ਲੱਖ ਦੇ ਕਰੀਬ ਪਹੁੰਚਣ ਵਾਲੀ ਹੈ। ਇਸ ਲਈ ਅੰਮ੍ਰਿਤਸਰ ਵਿਖੇ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੈਡੀਸਿਟੀ ਬਣਾਈ ਜਾਵੇ, ਜਿਥੇ ਵਿਸ਼ਵ ਪ੍ਰਸਿੱਧ ਹਸਪਤਾਲਾਂ ਨੂੰ ਜਗ੍ਹਾ ਅਲਾਟ ਕੀਤੀ ਜਾਵੇ। ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਸਾਫਟ ਵੇਅਰ ਟਕਨਾਲੋਜੀ ਪਾਰਕ (ਐਸ ਟੀ ਪੀ ਆਈ) ਦਾ ਇਨਕਯੂਬੇਸ਼ਨ ਕੇਂਦਰ ਆਉਂਦੇ 6 ਮਹੀਨੇ ਵਿੱਚ ਚਾਲੂ ਹੋ ਜਾਵੇਗਾ, ਇਸ ਲਈ ਅੰਮ੍ਰਿਤਸਰ ਵਿਖੇ ਆਈ. ਟੀ ਪਾਰਕ ਦੀ ਸਥਾਪਨਾ ਕੀਤੀ ਜਾਵੇ ਤੇ ਦੇਸ਼ ਵਿਦੇਸ਼ ਦੇ ਪ੍ਰਮੁੱਖ ਆਈ ਟੀ ਕੰਪਨੀਆਂ ਨੂੰ ਜਗ੍ਹਾ ਅਲਾਟ ਕੀਤੀ ਜਾਵੇ।

ਅੰਮ੍ਰਿਤਸਰ ਵਿਖੇ ਪਿਛਲੇ 14 ਸਾਲਾਂ ਤੋਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਹੋ ਰਿਹਾ ਹੈ ਜਿਸ ਵਿੱਚ ਹਰ ਸਾਲ 200 ਕਰੋੜ ਤੋਂ ਜ਼ਿਆਦਾ ਵਪਾਰ ਹੋ ਰਿਹਾ ਹੈ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਪਰਮਾਨੈਂਟ ਐਗਜੀਬੀਸ਼ਨ ਸੈਂਟਰ ਸਥਾਪਤ ਕਰਨ ਸੰਬੰਧੀ ਕੋਈ ਵੀ ਯਤਨ ਨਹੀਂ ਕੀਤਾ ਗਿਆ। ਮੰਚ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਵਿਖੇ ਜਲਦੀ ਤੋਂ ਜਲਦੀ, ਪਰਮਾਨੈਂਟ ਐਗਜੀਬੀਸ਼ਨ ਸੈਂਟਰ ਤੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੀ ਸਥਾਪਨਾ ਕੀਤੀ ਜਾਵੇ। ਪੰਜਾਬ ਸਰਕਾਰ ਅੰਮ੍ਰਿਤਸਰ ਵਿਖੇ ਇੱਕ ਵਿਸ਼ਵ ਪੱਧਰੀ ਟੂਰਿਜ਼ਮ ਪਾਰਕ ਜਿਸ ਵਿੱਚ ਵਿਸ਼ਵ ਪੱਧਰੀ ਮੱਛਲੀ ਘਰ,  ਥੀਮ ਪਾਰਕ, ਵਾਟਰ ਸਪੋਰਟਸ ਆਦਿ ਸਥਾਪਤ ਕੀਤੇ ਜਾਣ ਤਾਂ ਜੋ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਯਾਤਰੂ ਜ਼ਿਆਦਾ ਸਮਾਂ ਅੰਮ੍ਰਿਤਸਰ ਵਿਖੇ ਬਤੀਤ ਕਰ ਸਕਣ।

Previous articleਸ਼ਿਵਾ ਵੀਡੀਓਜ਼ ਬ੍ਰਦਰਜ਼ ਨਕੋਦਰ ਐਂਡ ਲੰਡਨ ਨੂੰ ਸਦਮਾ, ਮਾਤਾ ਜੀ ਦਾ ਦੇਹਾਂਤ
Next articleहर तरफ धुआं ही धुआं