ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪ੍ਰਿੰ. ਗੁਰਬਖਸ਼ ਸਿੰਘ ਸ਼ੇਰਗਿੱਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ (ਸਮਾਜ ਵੀਕਲੀ) : ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਵੱਲੋਂ ਪ੍ਰਿੰ. ਗੁਰਬਖਸ਼ ਸਿੰਘ ਸ਼ੇਰਗਿੱਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਪ੍ਰੋ. ਮੋਹਨ ਸਿੰਘ, ਸ. ਹਰਜਾਪ ਸਿੰਘ ਔਜਲਾ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਿੰ. ਕੁਲਵੰਤ ਸਿੰਘ ਅਣਖੀ, ਪ੍ਰਧਾਨ ਮਨਮੋਹਨ ਸਿੰਘ ਬਰਾੜ ਤੇ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਕਿਹਾ ਕਿ ਉਹ  ਬਹੁਤ ਹੀ ਮਿਲਾਪੜੇ ਸੁਭਾਅ ਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ।

ਜਦ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ ਤਾਂ ਮੰਚ ਦੇ ਬਹੁਤ ਸਾਰੇ ਮੈਂਬਰ ਤੇ ਅਹੁਦੇਦਾਰ ਉਨ੍ਹਾਂ ਦੇ ਵਿਦਿਆਰਥੀ ਜਾਂ ਉਨ੍ਹਾਂ ਨਾਲ ਬਤੌਰ ਲੈਕਚਰਾਰ ਕੰਮ ਕਰਦੇ ਸਨ। ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਤਰੱਕੀ ਲਈ ਦਿਨ ਰਾਤ ਕੰਮ ਕੀਤਾ। ਵੱਖ ਵੱਖ ਸਕੂਲਾਂ ਵਿੱਚੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਮੈਰਿਟ ਸੈਕਸ਼ਨ ਬਣਾ ਕੇ ਦਾਖ਼ਲ ਕੀਤਾ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕਾਲਜ ਦੇ ਵਿਦਿਆਰਥੀ ਮੈਰਿਟ ਵਿੱਚ ਆ ਕੇ ਮੈਡੀਕਲ ਕਾਲਜਾਂ, ਇੰਜੀਨੀਰਿੰਗ ਕਾਲਜਾਂ ਤੇ ਹੋਰ ਪੇਸ਼ਾਵਰ ਕਾਲਜਾਂ ਵਿੱਚ ਜਾਣ ਲੱਗੇ।

ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਬਾਨੀਆ ਵਿੱਚੋਂ ਇੱਕ ਸਨ। ਇਸ ਲਈ ਉਹ ਚਾਹੁੰਦੇ ਸਨ ਕਿ ਵੱਧ ਤੋਂ ਵੱਧ ਕਾਲਜ ਦੇ ਵਿਦਿਆਰਥੀ ਉਚੇਰੀ ਸਿੱਖਿਆ ਲਈ ਵੱਖ ਵੱਖ ਕਾਲਜਾਂ ਵਿੱਚ ਜਾ ਕੇ ਉੱਚ ਵਿੱਦਿਆ ਪ੍ਰਾਪਤ ਕਰਕੇ ਆਪਣਾ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ। ਇਸ ਲਈ ਉਨ੍ਹਾਂ ਨੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ। ਗਰੀਬ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਕੀਤੀ। ਉਨ੍ਹਾਂ ਨੇ ਕਾਲਜ ਦੇ ਅਧਿਆਪਕਾਂ ਨੂੰ ਆਪਣੀ ਯੋਗਤਾ ਵਧਾਉਣ ਲਈ ਉਤਸ਼ਾਹਿਤ ਕੀਤਾ।

ਉਨ੍ਹਾਂ ਨੂੰ ਪੀ-ਐਚ.ਡੀ. ਕਰਨ ਲਈ ਪ੍ਰੇਰਿਆ ਤੇ ਲੰਬੀ ਛੁੱਟੀ ‘ਤੇ ਭੇਜਿਆ। ਇਹੋ ਕਾਰਨ ਸੀ ਕਿ ਕਾਲਜ ਦੇ ਇਤਿਹਾਸ ਵਿੱਚ ਵੱਡੀ ਗਿਣਤੀ ਵਿੱਚ ਪ੍ਰੋਫੈਸਰਾਂ ਨੇ ਪੀ-ਐਚ.ਡੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੇ ਸੇਵਾ ਮੁਕਤ ਹੋ ਕੇ ਸ਼ਲਾਘਾਯੋਗ ਕੰਮ ਕੀਤਾ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਣ ਕੇ ਬੋਰਡ ਦੇ ਕੰਮ ਕਾਜ ਵਿਚ ਸੁਧਾਰ ਲਿਆਂਦਾ। ਪੰਜਾਬ ਦੇ ਵਿਰਸੇ ਨੂੰ ਸੰਭਾਲਣ ਲਈ ਇਨਟੈਕ ਦੇ ਪੰਜਾਬ ਚੈਪਟਰ ਦੇ ਬਤੌਰ ਚੇਅਰਮੈਨ ਵਜੋਂ ਉਨ੍ਹਾਂ ਸੇਵਾ ਨਿਭਾਈ।

ਪੰਜਾਬ ਦੀ ਸਿੱਖਿਆ ਦੇ ਵਿਕਾਸ ਅਤੇ ਵਿਰਸੇ ਨੂੰ ਸੰਭਾਲਣ ਲਈ ਉਨ੍ਹਾਂ ਪੰਜਾਬ ਐਜ਼ੂਕੇਸ਼ਨ ਐਂਡ ਹੈਰੀਟੇਜ਼ ਫਾਊਂਡੇਸ਼ਨ ਬਣਾਈ, ਜਿਸ ਨੇ ਇਤਿਹਾਸਕ ਸਥਾਨਾਂ ਨੂੰ ਸੰਭਾਲਣ ਲਈ ਸ਼ਲਾਘਾਯੋਗ ਕੰਮ ਕੀਤਾ। ਇਸ ਦੀਆਂ ਅੰਮ੍ਰਿਤਸਰ, ਰੋਪੜ ਤੇ ਹੋਰ ਸ਼ਹਿਰਾਂ ਵਿੱਚ ਬ੍ਰਾਂਚਾਂ ਸਥਾਪਤ ਕੀਤੀਆਂ। ਅੰਮ੍ਰਿਤਸਰ ਦੇ ਇਤਿਹਾਸਕ ਰਾਮ ਬਾਗ ਨੂੰ ਕੌਮੀ ਸਮਾਰਕ ਘੋਸ਼ਿਤ ਕਰਾਇਆ। ਕਿਲ੍ਹਾ ਗੋਬਿੰਦਗੜ੍ਹ ਦੀ ਵਿਰਾਸਤ ਵਜੋਂ ਸਾਂਭ ਸੰਭਾਲ ਲਈ ਯਤਨ ਕੀਤੇ।

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਛਪੜਝਿੜੀ ਦੀ ਮੁਹਿੰਮ 2001 ਵਿੱਢੀ ਤੇ ਸਰਕਾਰੀ ਪੱਧਰ ‘ਤੇ ਇਸ ਦੀ ਪ੍ਰਵਾਨਗੀ ਕਰਵਾਈ। ਮਹਾਰਾਜਾ ਰਣਜੀਤ ਸਿੰਘ ਹਿਲ ਪਾਰਕ, ਨਵਾਂ ਸ਼ਹਿਰ ਅਤੇ ਰੋਪੜ ਦੇ ਦਰਮਿਆਨ ਸਤਲੁਜ ਦਰਿਆ ਦੇ ਕੰਢੇ ‘ਤੇ ਇਤਿਹਾਸਕ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦੀ ਸਥਾਪਨਾ ਕਰਵਾਈ।

ਉਨ੍ਹਾਂ ਨਵੀਂ ਦਿੱਲੀ ਮਠਿਆਈ ਪੁੱਲ ਦੇ ਪਿਛੋਕੜ ਤੇ ਇਤਿਹਾਸਕ ਮਹੱਤਤਾ ਦਿੱਲੀ ਫਤਿਹ ਦੇ ਇਤਿਹਾਸ ਨੂੰ ਮੁੜ ਸਿਰਜੇ ਜਾਣ ਲਈ ਇਤਿਹਾਸਕ ਤੱਥਾਂ ਨੂੰ ਉਭਾਰ ਕੇ ਸਿੱਖ ਕੌਮ ਦੇ ਗੌਰਵ ਵਿਰਸੇ ਨੂੰ ਯਾਦ ਕਰਵਾਇਆ।

ਵਰਣਨਯੋਗ ਹੈ ਕਿ ਇਸ ਸਥਾਨ ਦਾ ਨਾਂ ਅੰਮ੍ਰਿਤਸਰ ਦੇ ਝਬਾਲ ਪਿੰਡ ਦੇ ਰਹਿਣ ਵਾਲੇ  ਸਰਦਾਰ ਬਘੇਲ ਸਿੰਘ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ 1783 ਈ. ਵਿਚ ਦਿੱਲੀ ਵਿਚ ਮਾਤਾ ਸੁੰਦਰੀ ਗੁਰਦੁਆਰਾ, ਬਾਲਾ ਸਾਹਿਬ, ਰਕਾਬ ਗੰਜ,ਬੰਗਲਾ ਸਾਹਿਬ ,ਸ਼ੀਸ਼ਗੰਜ, ਮੋਤੀ ਬਾਗ਼,ਮਜਨੂੰ ਦਾ ਟਿੱਲਾ ਅਤੇ ਦਮਦਮਾ ਸਾਹਿਬ ਗੁਰਦੁਆਰਿਆਂ ਦੀ ਉਸਾਰੀ ਕਰਵਾਈ । ਉਹ ਮਠਿਆਈ ਦੇ ਸ਼ੌਕੀਨ ਸਨ।

 ਉਨ੍ਹਾਂ ਨੇ ਇਸ ਜਗਾਹ ਮਠਿਆਈ ਦੀ ਨੁਮਾਇਸ਼ ਲਗਵਾਈ ਤੇ ਵਧੀਆ ਮਠਿਆਈਆਂ ਬਨਾਉਣ ਵਾਲਿਆਂ ਨੂੰ ਇਨਾਮ ਦਿੱਤੇ, ਜਿਸ ਕਰਕੇ 1930 ਵਿਚ ਬਣੇ ਇਸ ਪੁੱਲ ਦਾ ਨਾਂ ਮਠਿਆਈ ਪੁੱਲ ਮਸ਼ਹੂਰ ਹੋ ਗਿਆ।

 ਉਨ੍ਹਾਂ ਨੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਜੋ ਕਿ ਹਿਮਾਚਲ ਵਿੱਚ ਹਨ ਤੇ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹਨ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਪਾਸ ਪਹੁੰਚ ਕੀਤੀ।ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਇਕ ਵਿਅਕਤੀ ਨਹੀਂ ਸਗੋਂ ਸੰਸਥਾ ਸਨ।

ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਨਿਸ਼ਾਨੇ ਸਿੱਖੀ ਨਾਲ ਸਨਮਾਨਿਤ ਕੀਤਾ ਗਿਆ। ਉਹ ਭਾਵੇਂ ਅੱਜ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਵੱਲੋਂ ਕੀਤੇ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਢਹਿ ਢੇਰੀ ਹੋ ਰਹਿ ਵਿਰਸੇ ਨੂੰ ਬਚਾੲਆ ਜਾਵੇ ਅਤੇ ਸਿੱਖਿਆ ਦੇ ਖੇਤਰ ਵਿਚ ਆ ਰਹੇ ਨਿਘਾਰ ਨੂੰ ਰੋਕਣ ਲਈ ਯਤਨ  ਕੀਤੇ  ਜਾਣ।

ਜਾਰੀ ਕਰਤਾ ਡਾ. ਚਰਨਜੀਤ ਸਿੰਘ ਗੁਮਟਾਲਾ

Previous articleTaimur Ali Khan’s DIY Ganpati idol is made of legos
Next articleSanjay Dutt: Wish that Ganesh Chaturthi removes all obstacles