ਅੰਮ੍ਰਿਤਸਰ – ਦੇਹਰਾਦੂਨ ਸਿੱਧੀ ਉਡਾਣ 20 ਜਨਵਰੀ ਤੋਂ, 40 ਮਿੰਟ ਵਿਚ ਪੂਰੀ ਹੋਵੇਗੀ ਦੂਰੀ ਹਰਿਦੁਆਰ, ਰਿਸ਼ੀਕੇਸ਼, ਮਸੂਰੀ ਅਤੇ ਹੇਮਕੁੰਟ ਸਾਹਿਬ ਦਾ ਸਫਰ ਵੀ ਹੋ ਜਾਵੇਗਾ ਆਸਾਨ

ਅੰਮ੍ਰਿਤਸਰ:  ਸਪਾਈਸਜੈਟ ਵੱਲੋਂ ਪੰਜਾਬੀਆਂ ਲਈ ਨਵਾਂ ਸਾਲ 2019 ਦਾ ਤੋਹਫ਼ਾ। ਗੁਰੂ ਨਗਰੀ ਅਤੇ ਪੰਜਾਬ ਹੁਣ 20 ਜਨਵਰੀ ਤੋਂ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨਾਲ ਹਵਾਈ ਯਾਤਰਾ ਨਾਲ ਜੁੜ ਜਾਣਗੇ। ਦੇਹਰਾਦੂਨ ਨੋਵਾਂ ਘਰੇਲੂ ਅਤੇ 17ਵਾਂ ਹਵਾਈ ਅੱਡਾ ਬਣਿਆਂ ਜੋ ਕਿ ਹੁਣ ਸਿੱਧਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੁੜ ਗਿਆ ਹੈ। ਸਪਾਇਸ ਜੈੱਟ ਵਲੋਂ ਇਹ ਉਡਾਣ 20 ਜਨਵਰੀ 2019 ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਦੀ ਬੁਕਿੰਗ ਸਪਾਈਸ ਜੈੱਟ ਦੀ ਵੈਬਸਾਈਟ ਤੇ ਸ਼ੁਰੂ ਹੋ ਗਈ ਹੈ।

ਇਹ ਉਡਾਣ ਦੇਹਰਾਦੂਨ ਤੋਂ ਦੁਪਹਿਰੇ 11 ਵੱਜ ਕੇ 55 ਮਿੰਟ ਤੇ ਉੜੇਗੀ ਜੋ ਕਿ ਸਿਰਫ 40 ਮਿੰਟਾਂ ਵਿਚ 12 ਵੱਜ ਕੇ 35 ਮਿੰਟ ਤੇ ਅੰਮ੍ਰਿਤਸਰ ਪੁੱਜੇਗੀ। ਇਹ ਫਿਰ ਦੁਪਹਿਰ 12 ਵੱਜ ਕੇ 55 ਮਿੰਟ ਤੇ ਵਾਪਸ ਦੇਹਰਾਦੂਨ ਲਈ ਰਵਾਨਾ ਹੋਵੇਗੀ ਅਤੇ 1 ਵੱਜ ਕੇ 35 ਮਿੰਟ ਤੇ ਦੇਹਰਾਦੂਨ ਪੁੱਜ ਜਾਵੇਗੀ। ਸਪਾਇਸ ਜੈਟ ਵਲੋਂ ਇਸ ਉਡਾਣ ਲਈ 78 ਸਵਾਰੀਆਂ ਦਾ ਬੰਬਾਰਡੀਅਰ ਕੰਪਨੀ ਦਾ ਜਹਾਜ਼ ਵਰਤਿਆ ਜਾਏਗਾ।

ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਸ਼ੁਰੂ ਹੋ ਰਹੀ ਇਸ ਉਡਾਣ ਵਾਸਤੇ ਸਪਾਈਸ ਜੈਟ ਦਾ ਧੰਨਵਾਦ ਕਰਦੇ ਕਿਹਾ ਕਿ ਹੁਣ ਪੰਜਾਬ ਤੋਂ ਹਰਿਦੁਆਰ, ਰਿਸ਼ੀਕੇਸ਼ ਦੀ ਦੂਰੀ ਵੀ ਘਟ ਜਾਵੇਗੀ। ਇਸ ਦੋਵੇਂ ਸਥਾਨ ਹਵਾਈ ਅੱਡੇ ਤੋਂ ਸਿਰਫ 30 ਤੋਂ 35 ਕਿਲੋਮੀਟਰ ਦੀ ਦੂਰੀ ਤੇ ਹਨ। ਸੈਰ ਸਪਾਟੇ ਲਈ ਮਸ਼ਹੂਰ ਪਹਾੜੀ ਇਲਾਕਾ ਮਸੂਰੀ ਜੋ ਕਿ ਦੇਹਰਾਦੂਨ ਦੇ ਨਜ਼ਦੀਕ ਹੈ ਵੀ ਹੁਣ ਪੰਜਾਬ ਦੇ ਨਾਲ ਜੁੜ ਜਾਵੇਗਾ। ਇਹੀ ਨਹੀਂ ਹੇਮਕੁੰਟ ਸਾਹਿਬ ਅਤੇ ਤਰਾਈ (ਰੁਦਰਪੁਰ, ਹਲਦਵਾਨੀ, ਲਾਲਕੋਨ) ਦਾ ਇਲਾਕਾ ਜਿੱਥੇ ਕਿ ਬਹੁਤ ਹੀ ਪੰਜਾਬੀ ਵਸੇ ਹੋਏ ਹਨ ਉਹਨਾਂ ਦਾ ਤਕਰੀਬਨ 10 ਘੰਟੇ ਦਾ ਸਫਰ ਵੀ ਇਸ ਉਡਾਣ ਨਾਲ ਘੱਟ ਜਾਵੇਗਾ। ਸਪਾਈਸ ਜੈਟ ਵਲੋਂ ਨਵੰਬਰ ਮਹੀਨੇ ਵਿਚ ਬੈਂਕਾਕ ਅਤੇ ਗੋਆ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।

ਫਲਾਈ ਅੰਮ੍ਰਿਤਸਰ ਦੇ ਕੋਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਜੇਕਰ ਏਅਰਪੋਰਟ ਅਥਾਰਿਟੀ ਆਫ ਇੰਡੀਆ ਵਲੋਂ ਹਰ ਮਹੀਨੇ ਜਾਰੀ ਕੀਤੇ ਗਏ ਅੰਕੜਿਆ ਵੱਲ ਦੇਖੀਏ ਤਾਂ ਵਿੱਤੀ ਸਾਲ 2018-19 ਵਿਚ ਪਹਿਲੇ 8 ਮਹੀਨਿਆਂ ਵਿਚ ਇਥੋਂ ਤਕਰੀਬਨ 15.5 ਲੱਖ ਯਾਤਰੂ ਹਵਾਈ ਅੱਡੇ ਤੋਂ ਸਫਰ ਕਰ ਚੁੱਕੇ ਹਨ ਜੋ ਕਿ ਪਿਛਲੇ ਵਿੱਤੀ ਸਾਲ 2017-18 ਦੇ ਮੁਕਾਬਲੇ 9.5 ਪ੍ਰਤੀਸ਼ਤ ਵਾਧਾ ਹੈ। ਇਸ ਵਿੱਤੀ ਸਾਲ ਵਿਚ ਹੁਣ ਤੱਕ 4 ਘਰੇਲੂ ਤੇ 4 ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਹੋਈਆ ਹਨ। ਇਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਵਿਚ ਕੁੱਲ 23.1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਉਹਨਾਂ ਕਿਹਾ ਕਿ ਸਾਲ 2019 ਪੰਜਾਬੀਆਂ ਲਈ ਹੋਰ ਖੁਸ਼ੀਆਂ ਵਾਲੀ ਖਬਰ ਲਿਆਏਗਾ। ਨਵੰਬਰ ਮਹੀਨੇ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਡੇ ਦੇਸ਼ ਦਾ ਆਮ ਨਾਗਰਿਕ (ਉਡਾਨ-ੀ) ਖੇਤਰੀ ਸੰਪਰਕ ਯੋਜਨਾ (ਆਰ.ਸੀ.ਐਸ.) ਸਕੀਮ ਦੇ ਤਹਿਤ ਅੰਮ੍ਰਿਤਸਰ ਏਅਰਪੋਰਟ ਨੂੰ ਸ਼ਾਮਲ ਕਰਨ ਤੇ ਇਥੋਂ 6 ਨਵੇਂ ਰੂਟ ਅਲਾਟ ਕਰਨ ਲਈ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਉਠਾਈਆਂ ਮੰਗਾਂ ਤੇ ਸਹਿਮਤੀ ਪ੍ਰਗਟਾਈ ਸੀ ਜਿਸ ਨਾਲ ਪਟਨਾ, ਜੈਪੁਰ, ਕੋਲਕੱਤਾ, ਧਰਮਸ਼ਾਲਾ, ਵਾਰਾਨਸੀ ਅਤੇ ਗੋਆ ਸ਼ਾਮਲ ਹਨ।

Previous articleWelcome 2019
Next articleHome Secretary bolsters Border Force fleet in the Channel