ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਨੇ ਕਰਫਿਊ ’ਚ ਛੋਟਾਂ ਦਿੱਤੀਆਂ

ਕਰੋਨਾਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਵਿੱਚ ਕੁੱਝ ਛੋਟਾਂ ਦਾ ਐਲਾਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦਵਾਈਆਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਦਿਨ ਭਰ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ ਹੈ।
ਜਾਰੀ ਕੀਤੇ ਗਏ ਹੁਕਮਾਂ ਵਿੱਚ ਡੀਸੀ ਨੇ ਆਖਿਆ ਹੈ ਕਿ ਸਾਰੀਆਂ ਵਪਾਰਕ ਥਾਵਾ ਉੱਤੇ ਕੰਮ ਕਰਦੇ ਮੁਲਾਜ਼ਮ ਤੇ ਮਾਲਕ ਆਪਣੇ ਮੂੰਹ ਮਾਸਕ ਨਾਲ ਢੱਕਣ, ਦਸਤਾਨਿਆਂ ਦੀ ਵਰਤੋਂ ਕਰਨ ਅਤੇ ਗਾਹਕਾਂ ਦੀ ਆਪਸੀ ਦੂਰੀ ਵੀ ਘੱਟੋ-ਘੱਟ ਦੋ ਮੀਟਰ ਦੀ ਰੱਖਣੀ ਆਪ ਯਕੀਨੀ ਬਣਾਉਣਗੇ। ਪਰਮਿਟ ਜਾਰੀ ਕਰਨ ਵਾਲੇ ਅਧਿਕਾਰੀ ਵੱਲੋਂ ਕਿਸੇ ਵੇਲੇ ਵੀ ਇਨ੍ਹਾਂ ਦੀ ਪੜਤਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਮਾਲ ਢੋਣ ਵਾਲੇ ਵਾਹਨਾਂ ਵਿਚ ਵੀ ਤਿੰਨ ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਅਤੇ ਸਾਰਿਆਂ ਦੇ ਮੂੰਹ ਮਾਸਕ ਨਾਲ ਢੱਕੇ ਹੋਣ। ਗੱਡੀ ਵਿੱਚ ਸੈਨੇਟਾਈਜ਼ਰ ਵੀ ਜ਼ਰੂਰ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਮ੍ਰਿਤਸਰ ਦੇ ਸਾਰੇ ਐੱਸਡੀਐੱਮਜ਼, ਡੀਐੱਸਪੀਜ਼ ਤੇ ਸਹਾਇਕ ਕਮਿਸ਼ਨਰ ਪੁਲੀਸ ਵੀ ਲੋੜਵੰਦ ਵਿਅਕਤੀ ਤੇ ਅਦਾਰਿਆਂ ਨੂੰ ਆਪਣੇ ਪੱਧਰ ਉੱਤੇ ਪਰਮਿਟ ਜਾਰੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਹੈ ਕਿ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਲਈ ਕੈਮਿਸਟਾਂ ਦਾ ਫੋਟੋ ਲੱਗਾ ਲਾਇਸੈਂਸ ਹੀ ਕਰਫਿਊ ਪਾਸ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਪੈਟਰੋਲ ਪੰਪ ਦਿਨ ਭਰ ਖੁੱਲ੍ਹੇ ਰਹਿਣਗੇ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਉਨ੍ਹਾਂ ਦੇ ਸਟਾਫ ਨੂੰ ਪਾਸ ਜਾਰੀ ਕਰਨਗੇ। ਖੇਤੀਬਾੜੀ ਉਤਪਾਦ ਗੰਨਾ, ਆਲੂ ਆਦਿ ਦੀ ਕਟਾਈ, ਸਟੋਰ, ਪ੍ਰੋਸੈਸਿੰਗ ਅਤੇ ਉਸ ਦੀ ਟਰਾਂਸਪੋਰਟੇਸ਼ਨ ਲਈ ਮੁੱਖ ਖੇਤੀਬਾੜੀ ਅਧਿਕਾਰੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਇਨ੍ਹਾਂ ਵਸਤਾਂ ਲਈ ਪਰਮਿਟ ਜਾਰੀ ਕਰਨਗੇ। ਇਸੇ ਤਰਾਂ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜਾਂ ਸਬੰਧੀ ਦੁਕਾਨਾਂ ਨੂੰ ਵੀ ਮੁੱਖ ਖੇਤੀਬਾੜੀ ਅਧਿਕਾਰੀ ਹੀ ਪਰਮਿਟ ਦੇਣਗੇ। ਜ਼ਿਲ੍ਹੇ ਵਿੱਚ ਆਟਾ ਚੱਕੀਆਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ।
ਉਨ੍ਹਾਂ ਕਿਹਾ ਕਿ ਆਂਡੇ, ਬਰਾਇਲਰ ਤੇ ਪੋਲਟਰੀ ਦੀ ਘਰੋ-ਘਰੀ ਸਪਲਾਈ ਕਰਨ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹੀ ਪਰਮਿਟ ਜਾਰੀ ਕਰਨਗੇ ਪਰ ਇਨ੍ਹਾਂ ਵਸਤਾਂ ਦੀ ਘਰੋ-ਘਰੀ ਸਪਲਾਈ ਹੀ ਹੋਵੇਗੀ। ਇਸ ਤੋਂ ਇਲਾਵਾ ਵੈਟਰਨਰੀ ਸੇਵਾਵਾਂ ਵੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਤੋਂ ਪਰਮਿਟ ਲੈ ਕੇ ਜਾਰੀ ਰਹਿ ਸਕਣਗੀਆਂ। ਉਨ੍ਹਾਂ ਕਿਹਾ ਕਿ ਮਿੱਲਾਂ ਤੇ ਥੋਕ ਵਪਾਰੀਆਂ ਤੋਂ ਪ੍ਰਚੂਨ ਕਾਰੋਬਾਰੀਆਂ ਤੱਕ ਮਾਲ ਦੀ ਢੋਆ ਢੁਆਈ ਲਈ ਪਰਮਿਟ ਪੁਲੀਸ ਕਮਿਸ਼ਨਰ ਦੇ ਦਫ਼ਤਰ ਜਾਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਾਸੋਂ ਲਏ ਜਾ ਸਕਦੇ ਹਨ। ਕੈਂਸਰ, ਦਿਲ ਤੇ ਸ਼ੂਗਰ ਦੇ ਮਰੀਜ਼, ਡਾਇਲੈਸਿਜ਼ ਕੇਸ, ਗਰਭਵਤੀ ਔਰਤਾਂ ਅਤੇ ਹੋਰ ਐਮਰਜੈਂਸੀ ਦੀ ਸਥਿਤੀ ਵਿਚ ਇਲਾਜ ਲਈ ਜਾਂਦੇ ਸਮੇਂ ਮਰੀਜ਼ ਡਾਕਟਰ ਵੱਲੋਂ ਦਿੱਤੀ ਪਰਚੀ ਨਾਲ ਰੱਖਦੇ ਹੋਏ ਹਸਪਤਾਲ ਤੱਕ ਜਾ ਸਕਦੇ ਹਨ। ਇਨ੍ਹਾਂ ਮਰੀਜ਼ਾਂ ਦੀਆਂ ਸੇਵਾਵਾਂ ਲਈ ਕਲੀਨਿਕ ਅਤੇ ਕਲੀਨੀਕਲ ਲੈਬਾਰਟਰੀਆਂ ਵੀ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਬਜ਼ੀ ਮੰਡੀਆਂ ਸਵੇਰੇ 3 ਤੋਂ 8 ਵਜੇ ਤੱਕ ਐੱਸਡੀਐੱਮ ਜਾਂ ਜ਼ਿਲ੍ਹਾ ਮੰਡੀ ਅਫ਼ਸਰ ਪਾਸੋਂ ਪਰਮਿਟ ਪ੍ਰਾਪਤ ਕਰ ਕੇ ਖੋਲ੍ਹੀ ਜਾ ਸਕਦੀਆਂ ਹਨ।

Previous articleਪਰਵਾਸੀ ਕਾਮਿਆਂ ਦੀ ਹਾਲਤ ਲਈ ਸਰਕਾਰ ਜ਼ਿੰਮੇਵਾਰ: ਕਾਂਗਰਸ
Next articleC-19 Relief Grossly Inadequate – National Platform For The Rights of the Disabled (NPRD)