ਅਸਾਮ ਦੇ 24 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ

ਗੁਹਾਟੀ/ਸ਼ਿਲੌਂਗ (ਸਮਾਜਵੀਕਲੀ) : ਅਸਾਮ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਅੱਜ ਨਗਾਓਂ ਤੇ ਮੋਰੀਗਾਓਂ ਜ਼ਿਲ੍ਹਿਆਂ ’ਚ ਦੋ ਹੋਰ ਮੌਤਾਂ ਹੋੋਣ ਨਾਲ ਮ੍ਰਿਤਕਾਂ ਦੀ ਗਿਣਤੀ 87 ਹੋ ਗਈ ਹੈ। ਅਸਾਮ ਦੇ 33 ’ਚੋਂ 24 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ ਤੇ 24.20 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।

ਅਸਾਮ ਤੋਂ ਇਲਾਵਾ ਮੇਘਾਲਿਆ ਤੇ ਪੱਛਮੀ ਗਾਰੋ ਦੇ ਪਹਾੜੀ ਜ਼ਿਲ੍ਹਿਆਂ ’ਚ ਵੀ ਹੜ੍ਹਾਂ ਕਾਰਨ ਘੱਟੋ ਘੱਟ ਪੰਜ ਮੌਤਾਂ ਹੋ ਚੁੱਕੀਆਂ ਹਨ ਤੇ ਪਿਛਲੇ ਪੰਜ ਦਿਨਾਂ ਦੌਰਾਨ ਇੱਕ ਲੱਖ ਦੇ ਕਰੀਬ ਵਿਅਕਤੀ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਇਸੇ ਦੌਰਾਨ ਮੌਨਸੂਨ ਕਾਰਨ ਉੱਤਰ-ਪੂਰਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ’ਚ ਆਮ ਜੀਵਨ ਪ੍ਰਭਾਵਿਤ ਹੈ।

ਤ੍ਰਿਪੁਰਾ, ਮੇਘਾਲਿਆ ਤੇ ਮਿਜ਼ੋਰਮ ’ਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੇ ਹੇਠਲੇ ਇਲਾਕਿਆਂ ’ਚ ਭਰ ਚੁੱਕਾ ਹੈ। ਇਸ ਵਾਰ ਮੌਨਸੂਨ ਕਾਰਨ ਆਏ ਹੜ੍ਹਾਂ ਨਾਲ ਅਸਾਮ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਅਾ ਹੈ। ਜੰੰਗਲਾਤ ਵਿਭਾਗ ਤੇ ਅਸਾਮ ਰਾਜ ਆਫਤ ਪ੍ਰਬੰਧਨ ਅਥਾਰਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ 116 ਪਸ਼ੂਆਂ ਦੀ ਵੀ ਮੌਤ ਹੋਈ ਹੈ ਜਦਕਿ 143 ਜਾਨਵਰਾਂ ਨੂੰ ਬਚਾਇਆ ਗਿਆ ਹੈ।

ਜਾਨਵਰਾਂ ਦੀ ਵਿਸ਼ਵ ਪ੍ਰਸਿੱਧ ਰੱਖ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ 90 ਫੀਸਦ ਹਿੱਸਾ ਹੜ੍ਹਾਂ ਦੀ ਮਾਰ ਹੇਠ ਆ ਚੁੱਕਾ ਹੈ। ਇੱਥੇ 2200 ਤੋਂ ਵੱਧ ਗੈਂਡੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਬ੍ਰਹਮਪੁੱਤਰ ਤੋਂ ਇਲਾਵਾ ਸੂਬੇ ਦੀਆਂ 8 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।

 

Previous articleਪ੍ਰਸ਼ਾਂਤ ਭੂਸ਼ਨ ਤੇ ਟਵਿੱਟਰ ਖਿਲਾਫ਼ ਅਦਾਲਤੀ ਹੱਤਕ ਤਹਿਤ ਕਾਰਵਾਈ ਸ਼ੁਰੂ
Next articleਸਨਮਾਨਤ ਢੰਗ ਨਾਲ ਰਾਜਸਥਾਨ ਦਾ ਮਸਲਾ ਹੱਲ ਹੋਵੇ: ਖੁਰਸ਼ੀਦ