ਅਯੁੱਧਿਆ ’ਚ ਧਰਮ ਸਭਾ ਅੱਜ; ਵਿਆਪਕ ਸੁਰੱਖਿਆ ਪ੍ਰਬੰਧ

ਅਯੁੱਧਿਆ ਵਿਚ ਐਤਵਾਰ ਨੂੰ ਹੋ ਰਹੀ ਧਰਮ ਸਭਾ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਬੇਹੱਦ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਵਿਚ ਚੱਪੇ ਚੱਪੇ ਉੱਤੇ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਫੈਜ਼ਾਬਾਦ ਤੇ ਅਯੁੱਧਿਆ ਵਿਚ ਦਫਾ 144 ਤਹਿਤ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਹਨ। ਉੱਤਰ ਪ੍ਰਦੇਸ਼ ਪੁਲੀਸ ਦੇ ਬੁਲਾਰੇ ਅਨੁਸਾਰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਉਤਰ ਪ੍ਰਦੇਸ਼ ਪੁਲੀਸ ਦੇ ਏਡੀਜੀਪੀ ਦੀ ਅਗਵਾਈ ਵਿਚ ਇੱਕ ਡੀਜੀਪੀ, ਤਿੰਨ ਐੱਸਐੱਸਪੀ, 10 ਏਐੱਸਪੀ, 21 ਡੀਐੱਸਪੀ, 160 ਇੰਸਪੈਕਟਰਜ਼, 700 ਸਿਪਾਹੀ, ਪੀਏਸੀ ਦੀਆਂ 12 ਕੰਪਨੀਆਂ, ਆਰਏਐਫ ਦੀਆਂ ਚਾਰ ਕੰਪਨੀਆਂ ਅਤੇ ਏਟੀਐੱਸ ਕਮਾਂਡੋਜ਼ ਤਾਇਨਾਤ ਕੀਤੇ ਗਏ ਹਨ। ਸਥਿਤੀ ਉੱਤੇ ਨਜ਼ਰ ਰੱਖਣ ਲਈ ਡਰੋਨ ਵੀ ਤਾਇਨਾਤ ਕੀਤੇ ਗਏ ਹਨ।
ਇਸ ਸਬੰਧੀ ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ
ਪੁਲੀਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਉੱਤੇ ਤਸੱਲੀ ਪ੍ਰਗਟਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਗਮ ਦੇ ਲਈ 13 ਪਾਰਕਿੰਗ ਸਥਾਨ ਬਣਾਏ ਗਏ ਹਨ। ਲਖਨਊ ਤੋਂ 120 ਕਿਲੋਮੀਟਰ ਦੂਰ ਪੈਂਦੇ ਇਸ ਸ਼ਹਿਰ ਵਿਚ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ, ਵਿਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਇਕ ਵਾਰ ਫਿਰ ਤੋਂ ਸਥਿਤੀ ਤਣਾਅਪੂਰਵਕ ਬਣ ਗਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਸੰਗਠਨ ਇੱਥੇ ਰਾਮ ਮੰਦਰ ਦੀ ਜਲਦੀ ਉਸਾਰੀ ਕਰਨ ਦੀ ਮੰਗ ਨੂੰ ਲੈ ਕੇ ਧਰਮ ਸਭਾ ਕਰ ਰਹੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮ ਮੰਦਰ ਦੀ ਉਸਾਰੀ ਜਲਦੀ ਕਰਵਾਉਣ ਲਈ ਆਰੰਭੀ ਮੁਹਿੰਮ ਨੂੰ ਤੇਜ਼ ਕਰਨ ਲਈ ਇਕ ਇਸ਼ਤਿਹਾਰ ਵੀ ਜਾਰੀ ਕੀਤਾ ਹੈ, ਇਸ ’ਚ ਲਿਖਿਆ ਹੈ,‘ ਸੁਗੰਧ ਰਾਮ ਕੀ ਖਾਤੇ ਹੈਂ ਹਮ, ਮੰਦਰ ਭਵਯ ਬਨਾਏਗੇਂ।’ ਭਾਵੇਂ ਕਿ ਸਰਦੀ ਦਾ ਮੌਸਮ ਆ ਰਿਹਾ ਹੈ ਪਰ ਰਾਮ ਮੰਦਰ ਮੁੱਦੇ ਉੱਤੇ ਸਿਆਸਤ ਫਿਰ ਗਰਮਾ ਗਈ ਹੈ।

Previous articleਗ੍ਰਨੇਡ ਹਮਲਾ: ਦੂਜਾ ਸਾਜ਼ਿਸ਼ਕਰਤਾ ਅਵਤਾਰ ਸਿੰਘ ਵੀ ਕਾਬੂ
Next articleਅਯੁੱਧਿਆ ਦਾ ਅਮਨ ਭੰਗ ਨਾ ਕਰਨ ਦਿੱਤਾ ਜਾਵੇ: ਅੰਸਾਰੀ