ਅਮਿਤ ਪੰਘਾਲ ਨੇ ਓਲੰਪਿਕ ਦੀ ਟਿਕਟ ਕਟਾਈ

ਵਿਸ਼ਵ ਚਾਂਦੀ ਦਾ ਤਗ਼ਮਾ ਜੇਤੂ ਅਮਿਤ ਪੰਘਾਲ (52 ਕਿਲੋ) ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ, ਜਦਕਿ ਮਨੀਸ਼ ਕੌਸ਼ਿਕ (63 ਕਿਲੋ) ਅੱਜ ਇੱਥੇ ਏਸ਼ੀਆ/ ਓਸ਼ੇਨੀਆ ਕੁਆਲੀਫਾਇਰ ਦੇ ਕੁਆਰਟਰ ਫਾਈਨਲ ਬਾਊਟ ਵਿੱਚ ਹਾਰਨ ਦੇ ਬਾਵਜੂਦ ਟੋਕੀਓ ਟਿਕਟ ਕਟਾਉਣ ਦੀ ਦੌੜ ਵਿੱਚ ਹੈ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ (57 ਕਿਲੋ) ਓਲੰਪਿਕ ਕੋਟਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ।
ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਮੁੱਕੇਬਾਜ਼ ਪੰਘਾਲ ਦਾ ਇਹ ਪਹਿਲਾ ਓਲੰਪਿਕ ਹੋਵੇਗਾ। ਮੌਜੂਦਾ ਏਸ਼ਿਆਈ ਖੇਡਾਂ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜੇਤੂ ਪੰਘਾਲ ਨੇ ਕੁਆਰਟਰ ਫਾਈਨਲ ਵਿੱਚ ਫਿਲਪੀਨਸ ਦੇ ਕਾਰਲੋ ਪਾਲਮ ਨੂੰ 4-1 ਨਾਲ ਸ਼ਿਕਸਤ ਦਿੱਤੀ ਅਤੇ ਸੈਮੀਫਾਈਨਲ ਵਿੱਚ ਥਾਂ ਪੱਕੀ ਕੀਤੀ। ਦੂਜੇ ਪਾਸੇ ਵਿਸ਼ਵ ਕਾਂਸੀ ਦਾ ਤਗ਼ਮਾ ਜੇਤੂ ਕੌਸ਼ਿਕ ਕੁਆਰਟਰ ਫਾਈਨਲ ਵਿੱਚ ਮੰਗੋਲੀਆ ਦੇ ਤੀਜਾ ਦਰਜਾ ਪ੍ਰਾਪਤ ਚਿੰਗਜੋਰਿਗ ਬਤਾਰਸੁਖ ਤੋਂ 2-3 ਨਾਲ ਹਾਰ ਗਿਆ। ਕੌਸ਼ਿਕ ਓਲੰਪਿਕ ਕੋਟਾ ਹਾਸਲ ਕਰਨ ਦੀ ਦੌੜ ਵਿੱਚ ਬਰਕਰਾਰ ਹੈ, ਪਰ ਇਸ ਦੇ ਲਈ ਉਸ ਨੂੰ ਕੁਆਰਟਰ ਫਾਈਨਲ ਵਿੱਚ ਹਾਰਨ ਵਾਲੇ ਮੁੱਕੇਬਾਜ਼ ਤੋਂ ਬੌਕਸ-ਆਫ਼ ਵਿੱਚ ਜਿੱਤਣਾ ਹੋਵੇਗਾ ਕਿਉਂਕਿ 63 ਕਿਲੋ ਭਾਰ ਵਰਗ ’ਚੋਂ ਛੇ ਮੁੱਕੇਬਾਜ਼ ਟੋਕੀਓ ਓਲੰਪਿਕ ਦੀ ਟਿਕਟ ਕਟਾਉਣਗੇ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਸਾਕਸ਼ੀ ਅੱਗੇ ਵਧਣ ਵਿੱਚ ਅਸਫਲ ਰਹੀ। ਉਹ ਕੋਰੀਆ ਦੀ ਇਮ ਆਏਜੀ ਨੂੰ ਕੁਆਰਟਰ ਫਾਈਨਲ ਵਿੱਚ ਚੁਣੌਤੀ ਨਹੀਂ ਦੇ ਸਕੀ ਅਤੇ ਸਾਬਕਾ ਵਿਸ਼ਵ ਯੂਥ ਚੈਂਪੀਅਨ ਤੋਂ 0-5 ਨਾਲ ਹਾਰ ਗਈ। ਇਸ ਟੂਰਨਾਮੈਂਟ ਵਿੱਚ 57 ਕਿਲੋ ਮਹਿਲਾ ਵਰਗ ਵਿੱਚ ਸਿਰਫ਼ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਮੁੱਕੇਬਾਜ਼ ਹੀ ਓਲੰਪਿਕ ਸਥਾਨ ਹਾਸਲ ਕਰੇਗੀ। ਹੁਣ ਸਾਕਸ਼ੀ ਨੂੰ ਓਲੰਪਿਕ ਵਿੱਚ ਕੁਆਲੀਫਾਈ ਕਰਨ ਦਾ ਅਗਲਾ ਮੌਕਾ ਮਈ ਵਿੱਚ ਵਿਸ਼ਵ ਕੁਆਲੀਫਾਇਰ ਵਿੱਚ ਮਿਲੇਗਾ, ਬਸ਼ਰਤੇ ਉਸ ਨੂੰ ਇਸ ਦੇ ਲਈ ਚੁਣਿਆ ਜਾਵੇ।
23 ਸਾਲ ਦਾ ਪੰਘਾਲ ਏਸ਼ੀਆਈ ਖੇਡਾਂ-2018 ਦੇ ਸੈਮੀਫਾਈਨਲ ਅਤੇ ਵਿਸ਼ਵ ਚੈਂਪੀਅਨਸ਼ਿਪ-2019 ਦੇ ਕੁਆਰਟਰ ਫਾਈਨਲ ਵਿੱਚ ਪਾਲਮ ਨੂੰ ਹਰਾ ਚੁੱਕਿਆ ਹੈ। ਪੰਘਾਲ ਨੇ ਮੈਚ ਮਗਰੋਂ ਕਿਹਾ, ‘‘ਮੈਂ ਆਪਣਾ ਓਲੰਪਿਕ ਕੋਟਾ ਆਪਣੇ ਚਾਚਾ ਰਾਜ ਨਾਰਾਇਣ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਉਨ੍ਹਾਂ ਦਾ ਅੱਜ ਜਨਮਦਿਨ ਹੈ ਅਤੇ ਉਹ ਮੇਰਾ ਕਾਫ਼ੀ ਉਤਸ਼ਾਹ ਵਧਾਉਂਦੇ ਹਨ।’’ ਹੁਣ ਸੈਮੀਫਾਈਨਲ ਵਿੱਚ ਪੰਘਾਲ ਦੀ ਟੱਕਰ ਚੀਨ ਦੇ ਜਿਆਂਗੁਆਨ ਹੂ ਨਾਲ ਹੋਵੇਗੀ। ਚੀਨੀ ਮੁੱਕੇਬਾਜ਼ ਨੇ ਇੱਕ ਹੋਰ ਮੁਕਾਬਲੇ ਵਿੱਚ ਵਿਸ਼ਵ ਕਾਂਸੀ ਦਾ ਤਗ਼ਮਾ ਜੇਤੂ ਅਤੇ ਚੌਥਾ ਦਰਜਾ ਪ੍ਰਾਪਤ ਕਜ਼ਾਖ਼ਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ 5-0 ਨਾਲ ਮਾਤ ਦਿੱਤੀ ਹੈ।

Previous articleਦਿੱਲੀ ਹਿੰਸਾ: ਕਾਂਗਰਸ ਦੀ ਤੱਥ-ਖੋਜ ਕਮੇਟੀ ਨੇ ਸੋਨੀਆ ਨੂੰ ਸੌਂਪੀ ਰਿਪੋਰਟ
Next article17 injured in UP Holi skirmishes