ਅਮਰੀਕੀ ਹਿੰਦੂਆਂ ਨੂੰ ਬਾਇਡਨ ਦੇ ਹੱਕ ’ਚ ਭੁਗਤਣ ਦੀ ਅਪੀਲ

ਵਾਸ਼ਿੰਗਟਨ, (ਸਮਾਜ ਵੀਕਲੀ) : ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਾਂ ਦੇ ਉਮੀਦਵਾਰ ਜੋਅ ਬਾਇਡਨ ਦੀ ਚੋਣ ਪ੍ਰਚਾਰ ਮੁਹਿੰਮ ’ਚ ਸ਼ਾਮਲ ਭਾਰਤੀ ਮੂਲ ਦੇ ਮੈਂਬਰਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੀ ਜਿੱਤ ’ਚ ਹਿੰਦੂ ਅਮਰੀਕੀ ਅਹਿਮ ਭੂਮਿਕਾ ਨਿਭਾਉਣਗੇ ਅਤੇ ਬਾਇਡਨ ਭਰੋਸੇ ਤੇ ਸੰਵਾਦ ਦੇ ਆਧਾਰ ’ਤੇ ਭਾਰਤ ਨਾਲ ਰਚਨਾਤਮਕ ਤੇ ਸਾਕਾਰਾਤਮਕ ਸਬੰਧ ਸਥਾਪਤ ਕਰਨ ਲਈ ਹਮੇਸ਼ਾ ਕੰਮ ਕਰਨਗੇ।

ਅਮਰੀਕਾ ’ਚ ਨਵੰਬਰ ਮਹੀਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ। ‘ਹਿੰਦੂ ਅਮੇਰੀਕਨਜ਼ ਫਾਰ ਬਾਇਡਨ’ ਅਤੇ ‘ਸਾਊਥ ਏਸ਼ੀਅਨਜ਼ ਫਾਰ ਬਾਇਡਨ’ ਵੱਲੋਂ ਕਰਵਾਏ ਗਏ ਸਮਾਗਮ ’ਚ ਦੱਖਣੀ ਤੇ ਮੱਧ ਏਸ਼ੀਆ ਲਈ ਵਿਦੇਸ਼ ਮੰਤਰਾਲੇ ਦੀ ਸਾਬਕਾ ਸਹਾਇਕ ਮੰਤਰੀ ਨਿਸ਼ਾ ਬਿਸਵਾਲ ਨੇ ਕਿਹਾ ਕਿ ਬਾਇਡਨ ਦਾ ਪ੍ਰਸ਼ਾਸਨ ਭਾਰਤ ਨਾਲ ਰਚਨਾਤਮਕ ਤੇ ਸਕਾਰਾਤਮਕ ਸਬੰਧ ਬਣਾੲੇ ਰੱਖਣ ਲਈ ਹਮੇਸ਼ਾ ਕੰਮ ਕਰਦਾ ਰਹੇਗਾ।

ਉਨ੍ਹਾਂ ਕਿਹਾ, ‘ਬਾਇਡਨ ਦੇ ਪ੍ਰਸ਼ਾਸਨ ’ਚ ਭਾਰਤ ਨੂੰ ਲੈ ਕੇ ਹਮੇਸ਼ਾ ਵਿਸ਼ਵਾਸ ਤੇ ਸੰਵਾਦ ਰਹੇਗਾ।’ ਕੇਪੀਐਮਜੀ ਇੰਡੀਆ ਦੇ ਸੀਈਓ ਤੇ ਪ੍ਰਧਾਨ ਅਰੁਣ ਕੁਮਾਰ ਨੇ ਕਿਹਾ, ‘ਹਿੰਦੂ ਸਚਾਈ ਦੀ ਖੋਜ ਲਈ ਸ਼ਮੂਲੀਅਤ ਕਰ ਰਹੇ ਹਨ।’ ਅਰੁਣ ਕੁਮਾਰ, ਕੈਲੀਫੋਰਨੀਆ ਦੇ ਫ੍ਰੇਮੌਂਟ ਦੀ ਸਾਬਕਾ ਉੱਪ ਮੇਅਰ ਅਨੂ ਨਟਰਾਜਨ ਅਤੇ ਕੈਰੇਬਿਆਈ ਹਿੰਦੂ ਨੇਤਾ ਅਮਿੰਤਾ ਕਿਲਾਵਨ ਨਰਾਇਣੇ ਸਮੇਤ ਕਈ ਆਗੂਆਂ ਨੇ ਭਾਰਤੀ-ਅਮਰੀਕੀਆਂ ਨੂੰ ਬਾਇਡਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

Previous articleਇਮਰਾਨ ਨੂੰ ਗੱਦੀ ਤੋਂ ਲਾਹੁਣ ਲਈ ਵਿਰੋਧੀ ਪਾਰਟੀਆਂ ਇਕਜੁੱਟ
Next articleਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਵਿਧਾਨ ਸਭਾ ਚੋਣਾਂ 24 ਅਕਤੂਬਰ ਨੂੰ