World ਅਮਰੀਕੀ ਔਰਤ ਨੂੰ ਲਾਭ ਪਹੁੰਚਾਉਣ ਦੇ ਮਾਮਲੇ ‘ਚ ਜੌਨਸਨ ਘਿਰੇ

ਅਮਰੀਕੀ ਔਰਤ ਨੂੰ ਲਾਭ ਪਹੁੰਚਾਉਣ ਦੇ ਮਾਮਲੇ ‘ਚ ਜੌਨਸਨ ਘਿਰੇ

ਲੰਡਨ : ਬਰਤਾਨੀਆ ‘ਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਲੰਡਨ ਦੇ ਮੇਅਰ ਦੇ ਰੂਪ ‘ਚ ਅਹੁਦੇ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ‘ਚ ਜੌਨਸਨ ‘ਤੇ ਉਸ ਸਮੇਂ ਦੀ ਆਪਣੀ ਮਹਿਲਾ ਮਿੱਤਰ ਜੈਨੀਫਰ ਆਰਕਰੀ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਦੋਸ਼ ਲੱਗ ਰਿਹਾ ਹੈ। ਇਸ ਬਾਰੇ ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ (ਆਈਓਪੀਸੀ) ਤੋਂ ਮਿਲੇ ਪੱਤਰ ਨੂੰ ਗ੍ਰੇਟਰ ਲੰਡਨ ਅਥਾਰਟੀ (ਜੀਐੱਲਏ) ਨੇ ਪ੍ਰਧਾਨ ਮੰਤਰੀ ਕੋਲ ਭੇਜਿਆ ਹੈ। ਮਾਮਲੇ ‘ਚ ਛੇਤੀ ਜਾਂਚ ਸ਼ੁਰੂ ਹੋ ਸਕਦੀ ਹੈ।
ਬੋਰਿਸ ਜੌਨਸਨ ਸੰਨ 2008 ਤੋਂ 2016 ਦੌਰਾਨ ਲੰਡਨ ਦੇ ਮੇਅਰ ਸਨ। ਉਸ ਦੌਰਾਨ ਉਨ੍ਹਾਂ ਦੇ ਅਮਰੀਕੀ ਔਰਤ ਜੈਨੀਫਰ ਆਰਕਰੀ ਨਾਲ ਸਬੰਧ ਬਣੇ। ਦੱਸਿਆ ਜਾਂਦਾ ਹੈ ਕਿ ਜੌਨਸਨ ਆਰਕਰੀ ਦੇ ਈਸਟ ਲੰਡਨ ਸਥਿਤ ਫਲੈਟ ‘ਤੇ ਅਕਸਰ ਜਾਂਦੇ ਸਨ ਤੇ ਉਨ੍ਹਾਂ ਨੂੰ ਅਕਸਰ ਇਕੱਠੇ ਵੇਖਿਆ ਜਾਂਦਾ ਸੀ। ਆਰਕਰੀ ਵੀ ਉਨ੍ਹਾਂ ਨੂੰ ਆਪਣੇ ਸਭ ਤੋਂ ਚੰਗੇ ਦੋਸਤਾਂ ‘ਚੋਂ ਇਕ ਦੱਸਦੀ ਸੀ। ਇਸੇ ਦੌਰਾਨ ਆਰਕਰੀ ਦੀ ਕੰਪਨੀ ਨੂੰ ਗ੍ਰੇਟਰ ਲੰਡਨ ਅਥਾਰਟੀ ਵੱਲੋਂ ਕਈ ਸਮਾਜਕ ਕੰਮਾਂ ਲਈ ਹਜ਼ਾਰਾਂ ਪਾਊਂਡ ਮਦਦ ਮਿਲੀ। ਆਰਕਰੀ ਨੇ ਸਰਕਾਰੀ ਖ਼ਰਚ ‘ਤੇ ਕਈ ਯਾਤਰਾਵਾਂ ਵੀ ਕੀਤੀਆਂ। ਇਸੇ ਦੌਰਾਨ ਆਰਕਰੀ ਦੀ ਕੰਪਨੀ ਨੂੰ ਸਾਈਬਰ ਸਬੰਧੀ ਇਕ ਯੋਜਨਾ ਲਈ ਇਕ ਲੱਖ ਪਾਊਂਡ ਦਾ ਫੰਡ ਵੀ ਮਿਲਿਆ। ਆਈਓਪੀਸੀ ਨੇ ਸ਼ੁਰੂਆਤੀ ਜਾਂਚ ‘ਚ ਇਸ ਨੂੰ ਸਰਕਾਰੀ ਅਹੁਦੇ ‘ਤੇ ਰਹਿੰਦੇ ਹੋਏ ਲਾਭ ਦੇਣ ਦਾ ਅਪਰਾਧਿਕ ਮਾਮਲਾ ਮੰਨਿਆ। ਇਸ ਅਪਰਾਧਿਕ ਮਾਮਲੇ ਦੇ ਘੇਰੇ ‘ਚ ਪ੍ਰਧਾਨ ਮੰਤਰੀ ਜੌਨਸਨ ਆ ਰਹੇ ਹਨ। ਉਸ ਨੇ ਆਪਣੀ ਰਿਪੋਰਟ ਜੀਐੱਲਏ ਨੂੰ ਦਿੱਤੀ ਤੇ ਜੀਐੱਲਏ ਨੇ ਉਸ ਨੂੰ ਪ੍ਰਧਾਨ ਮੰਤਰੀ ਕੋਲ ਭੇਜਿਆ ਹੈ। ਹੁਣ ਫ਼ੈਸਲਾ ਹੋਣਾ ਹੈ ਕਿ ਸ਼ੁਰੂਆਤੀ ਜਾਂਚ ਦੇ ਨਤੀਜੇ ‘ਤੇ ਅੱਗੇ ਜਾਂਚ ਕਰਵਾਈ ਜਾਵੇ ਜਾਂ ਨਹੀਂ। ਸੰਡੇ ਟਾਈਮਜ਼ ‘ਚ ਪ੍ਰਕਾਸ਼ਿਤ ਰਿਪੋਰਟ ਤੋਂ ਬਾਅਦ ਪ੍ਰਧਾਨ ਮੰਤਰੀ ਜੌਨਸਨ ਨੇ ਕੁਝ ਵੀ ਗ਼ਲਤ ਕਰਨ ਤੋਂ ਇਨਕਾਰ ਕੀਤਾ ਹੈ। ਆਰਕਰੀ ਵੀ ਅਮਰੀਕਾ ਪਰਤ ਚੁੱਕੀ ਹੈ।
Previous articleਚੀਨ ਨੇ ਅਮਰੀਕੀ ਸਿੱਖਿਆ ਮਾਹਿਰ ਵਾਪਸ ਭੇਜਿਆ
Next articleਮੁਹਾਜਿਰਾਂ ‘ਤੇ ਜ਼ੁਲਮ ਖ਼ਿਲਾਫ਼ ਐੱਮਕਿਊਐੱਮ ਨੇ ਕੀਤਾ ਪ੍ਰਦਰਸ਼ਨ