ਅਮਰੀਕਾ ਤੋਂ ਪਰਤੇ ਨੌਜਵਾਨਾਂ ਲਈ ਕਰੋਨਾ ਦੀ ਥਾਂ ਭਵਿੱਖ ਜ਼ਿਆਦਾ ਡਰਾਉਣਾ

ਚੰਡੀਗੜ੍ਹ (ਸਮਾਜਵੀਕਲੀ) : ਕਰੋਨਾਵਾਇਰਸ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਇਕਾਂਤਵਾਸ ਕੇਂਦਰਾਂ ’ਚ ਭੇਜਣ ਪਿੱਛੇ ਅਮਰੀਕਾ ਦੇ ਬੰਦੀ ਕੇਂਦਰਾਂ ’ਚੋਂ ਵਾਪਸ ਆਏ ਪੰਜਾਬੀ ਨੌਜਵਾਨਾਂ ਨੂੰ ਕਰੋਨਾ ਦੀ ਥਾਂ ਭਵਿੱਖ ਦੀ ਚਿੰਤਾ ਵਧੇਰੇ ਸਤਾ ਰਹੀ ਹੈ। ਅਮਰੀਕਾ ਪੁਲੀਸ ਦੇ 50 ਕਰਮਚਾਰੀ ਅਤੇ ਅਫ਼ਸਰ ਪਿਛਲੇ ਦਿਨੀਂ 70 ਪੰਜਾਬੀਆਂ ਅਤੇ ਹੋਰਨਾਂ ਸੂਬਿਆਂ ਨਾਲ ਸਬੰਧਤ 95 ਵਿਅਕਤੀਆਂ (ਕੁੱਲ 165) ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਾਹ ਕੇ ਚਲਦੇ ਬਣੇ।

ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਹਾਜ਼ ਵਿੱਚੋਂ ਉਤਰਨ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਜਦੋਂ ਇਕਾਂਤਵਾਸ ਹੋਣ ਲਈ ਹੋਟਲਾਂ ਦੇ ਕਮਰਿਆਂ ਦੇ ਕਿਰਾਏ ਦੀ ਸੂਚੀ ਦਿੱਤੀ ਤਾਂ ਉਨ੍ਹਾਂ ਆਪਣਾ ਦਰਦ ਬਿਆਨਦਿਆਂ ਕਿਹਾ ਕਿ ਉਨ੍ਹਾਂ ਕੋਲ ਤਾਂ ਤਨ ਢੱਕਣ ਲਈ ਜੋ ਕੱਪੜੇ ਪਾਏ ਹਨ, ਉਹੋ ਹੀ ਹਨ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਬੰਦੀ ਕੇਂਦਰਾਂ ਵਿੱਚ ਕੈਦੀਆਂ ਵਾਂਗ ਦਿਨ ਕਟੀ ਕਰਨ ਤੋਂ ਬਾਅਦ ਉਨ੍ਹਾਂ ਦੇ ਪੱਲੇ ਕੱਖ ਵੀ ਨਹੀਂ ਅਤੇ ਸਰਕਾਰ ਜਿੱਥੇ ਰੱਖਣਾ ਚਾਹੁੰਦੀ ਹੈ, ਰੱਖ ਲਵੇ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਈ ਨੌਜਵਾਨਾਂ ਦੇ ਤਾਂ ਕੱਪੜੇ ਵੀ ਘਸੇ-ਫਟੇ ਸਨ। ਇਸ ਲਈ ਤਨ ਢੱਕਣ ਲਈ ਨਵੇਂ ਕੱਪੜੇ ਅਤੇ ਖਾਣੇ ਦਾ ਤੁਰੰਤ ਪ੍ਰਬੰਧ ਕੀਤਾ ਗਿਆ। ਸੂਬੇ ਦੇ ਅਧਿਕਾਰੀਆਂ ਨੇ ਬੰਦੀ ਕੇਂਦਰਾਂ ਵਿੱਚੋਂ ਆਏ ਵਿਅਕਤੀਆਂ ਦੀ ਹਾਲਤ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਹੈ।

ਇਨ੍ਹਾਂ ਵਿੱਚ ਗੁਰਦਾਸਪੁਰ ਦੇ 9, ਪਟਿਆਲਾ ਤੇ ਲੁਧਿਆਣਾ ਦੇ 8-8, ਕਪੂਰਥਲਾ ਤੇ ਜਲੰਧਰ ਦੇ 7-7, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ 6-6, ਸੰਗਰੂਰ ਤੇ ਫਤਿਹਗੜ੍ਹ ਸਾਹਿਬ ਦੇ 3-3, ਰੋਪੜ ਤੇ ਫਿਰੋਜ਼ਪੁਰ ਦੇ 2-2, ਪਠਾਨਕੋਟ, ਮੁਹਾਲੀ ਅਤੇ ਫਰੀਦਕੋਟ ਦਾ 1-1 ਵਿਅਕਤੀ ਸ਼ਾਮਲ ਹਨ। ਹੋਰਨਾਂ ਰਾਜਾਂ ਦੇ ਵਿਅਕਤੀ ਜੋ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇ ਉਨ੍ਹਾਂ ਵਿੱਚ ਹਰਿਆਣਾ ਦੇ 74, ਗੁਜਰਾਤ ਨਾਲ ਸਬੰਧਤ 8, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੇ 3-3, ਆਂਧਰਾ ਪ੍ਰਦੇਸ਼, ਗੋਆ ਅਤੇ ਤਾਮਿਲਨਾਡੂ ਦਾ ਇੱਕ-ਇੱਕ, ਕੇਰਲਾ ਅਤੇ ਤਿਲੰਗਾਨਾ ਦੇ 2-2 ਵਿਅਕਤੀ ਸ਼ਾਮਲ ਸਨ।

ਅਮਰੀਕਾ ਦੇ ਬੰਦੀ ਕੇਂਦਰਾਂ ਵਿੱਚੋਂ ਆਏ ਪੰਜਾਬ ਦੇ ਨੌਜਵਾਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਹੱਡ ਬੀਤੀ ਸੁਣਾਉਂਦਿਆਂ ਕਿਹਾ ਕਿ ਉਹ ਜ਼ਮੀਨਾਂ ਵੇਚ ਕੇ ਘਰ-ਬਾਰ ਏਜੰਟਾਂ ਨੂੰ ਲੁਟਾ ਕੇ ਸੁਨਹਿਰੀ ਭਵਿੱਖ ਲਈ ਅਮਰੀਕਾ ’ਚ ਰੋਜ਼ੀ-ਰੋਟੀ ਕਮਾਉਣ ਦੇ ਸੁਫ਼ਨੇ ਲੈ ਕੇ ਗਏ ਸਨ। ਲੂੰ-ਕੰਡੇ ਖੜ੍ਹੇ ਕਰਨ ਵਾਲੀ ਕਹਾਣੀ ਸੁਣਾਉਂਦਿਆਂ ਇਨ੍ਹਾਂ ਮੁੰਡਿਆਂ ਨੇ ਦੱਸਿਆ ਕਿ ਪਹਿਲਾਂ ਤਾਂ ਜੰਗਲਾਂ ’ਚ ਦੁੱਖ ਅਤੇ ਕਸ਼ਟ ਝੱਲ ਕੇ ਉਹ ਮੈਕਸਿਕੋ ਪਹੁੰਚੇ ਅਤੇ ਫਿਰ ਅਮਰੀਕਾ ਪੁਲੀਸ ਦੇ ਹੱਥੇ ਚੜ੍ਹ ਗਏ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਕਰੋਨਾ ਤਾਂ ਪਤਾ ਨਹੀਂ ਜ਼ਿੰਦਗੀ ਨੂੰ ਕੀ ਕਰੂ ਪਰ ਸਭ ਕੁੱਝ ਗੁਆ ਕੇ ਜਦੋਂ ਭਵਿੱਖ ਹੀ ਹਨੇਰੀ ਸੁਰੰਗ ਸਾਹਮਣੇ ਖੜ੍ਹਾ ਦਿਖਾਈ ਦੇ ਰਿਹਾ ਹੋਵੇ ਤਾਂ ਮਹਾਮਾਰੀ ਤੋਂ ਘੱਟ ਡਰਾਉਣਾ ਨਹੀਂ ਲਗਦਾ।

Previous articleਅੰਮ੍ਰਿਤਸਰ ’ਚ ਪ੍ਰਸ਼ਾਸਨ ਤੇ ਪੁਲੀਸ ਨੇ ਕੀਤੀ ਪਰਵਾਸੀਆਂ ਦੀ ‘ਖਾਤਰਦਾਰੀ’
Next articleਪਰਵਾਸੀ ਕਾਮੇ ਪੈਦਲ ਵਾਪਸ ਨਾ ਜਾਣ: ਕੈਪਟਨ