ਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਸਿਖ਼ਰਾਂ ’ਤੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਦੇ ਨਾਲ ਜੰਗ ਦਾ ਵਿਚਾਰ ਠੀਕ ਨਹੀਂ ਹੈ। ਹਾਲਾਂਕਿ ਉਨ੍ਹਾਂ ਬਗਦਾਦ ਸਥਿਤ ਅਮਰੀਕੀ ਸਫ਼ਾਰਤਖ਼ਾਨਾ ’ਤੇ ਇਰਾਨ ਦੀ ਹਮਾਇਤ ਪ੍ਰਾਪਤ ਮੁਜ਼ਾਹਰਾਕਾਰੀਆਂ ਵੱਲੋਂ ਕੀਤੇ ਗਏ ਹਮਲਿਆਂ ਬਾਰੇ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਰਾਕੀ ਸ਼ੀਆ ਬਾਗ਼ੀਆਂ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ, ਨੇ ਅਮਰੀਕੀ ਸਫ਼ਾਰਤਖ਼ਾਨਾ ਕੰਪਲੈਕਸ ਦੀ ਕੰਧ ਤੋੜ ਦਿੱਤੀ ਸੀ। ਉਨ੍ਹਾਂ ‘ਅਮਰੀਕਾ ਮੁਰਦਾਬਾਦ’ ਦੇ ਨਾਅਰੇ ਲਾਉਂਦਿਆਂ ਰਿਸੈਪਸ਼ਨ ਖੇਤਰ ਵਿਚ ਅੱਗ ਲਾ ਦਿੱਤੀ। ਮੁਜ਼ਾਹਰਾਕਾਰੀ ਐਤਵਾਰ ਨੂੰ ਹੋਏ ਅਮਰੀਕੀ ਹਵਾਈ ਹਮਲੇ ਦਾ ਵਿਰੋਧ ਕਰ ਰਹੇ ਸਨ। ਇਨ੍ਹਾਂ ਹਮਲਿਆਂ ’ਚ ਹਿਜ਼ਬੁੱਲ੍ਹਾ ਬ੍ਰਿਗੇਡ ਦੇ ਕੱਟੜਵਾਦੀ ਗੁੱਟ ਨਾਲ ਸਬੰਧਤ ਘੱਟੋ-ਘੱਟ 25 ਲੜਾਕੇ ਮਾਰੇ ਗਏ ਸਨ। ਅਮਰੀਕਾ ਨੇ ਇਸੇ ਸਮੂਹ ’ਤੇ ਅਮਰੀਕੀ ਠੇਕੇਦਾਰ ਦੀ ਹੱਤਿਆ ਦਾ ਦੋਸ਼ ਲਾਇਆ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ‘ਮੈਂ ਸ਼ਾਂਤੀ ਚਾਹੁੰਦਾ ਹਾਂ, ਲੱਗਦਾ ਨਹੀਂ ਕਿ ਜੰਗ ਹੋਵੇਗੀ।’ ਇਸ ਤੋਂ ਪਹਿਲਾਂ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਵੱਡੀ ਕੀਮਤ ਅਦਾ ਕਰਨੀ ਪਵੇਗੀ। ਇਹ ਧਮਕੀ ਨਹੀਂ, ਖ਼ਤਰਾ ਹੈ।ਇਰਾਨ ਦੇ ਚੋਟੀ ਦੇ ਆਗੂ ਅਯਾਤੁੱਲ੍ਹਾ ਅਲੀ ਖਮੇਨੀ ਨੇ ਇਰਾਕ ਵਿਚ ਅਤਿਵਾਦੀ ਸਮੂਹ ’ਤੇ ਅਮਰੀਕੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਰਾਕ ਦੀ ਸਰਕਾਰ ਦੇ ਵਿਰੋਧੀ ਮੁਜ਼ਾਹਰਾਕਾਰੀਆਂ ਨੇ ਕਿਹਾ ਹੈ ਕਿ ਅਮਰੀਕਾ-ਇਰਾਨ ਤਣਾਅ ਦੇ ਬਾਵਜੂਦ ਉਹ ਰੈਲੀਆਂ ਕਰਨ ਤੋਂ ਪਿੱਛੇ ਨਹੀਂ ਹਟਣਗੇ। ਜਦਕਿ ਇਰਾਨ ਦੀ ਹਮਾਇਤ ਹਾਸਲ ਹਸ਼ਦ ਅਲ-ਸ਼ਬਾਬੀ ਨੇ ਆਪਣੇ ਸਮਰਥਕਾਂ ਨੂੰ ਅਮਰੀਕੀ ਸਫ਼ਾਰਤਖ਼ਾਨੇ ਕੋਲੋਂ ਧਰਨਾ ਚੁੱਕਣ ਲਈ ਕਿਹਾ ਹੈ। ਫਿਰ ਵੀ ਕਈ ਅਜੇ ਟਿਕੇ ਹੋਏ ਹਨ। ਇਰਾਨ ਵਿਚ ਅਮਰੀਕੀ ਹਿੱਤਾਂ ਦੀ ਨੁਮਾਇੰਦਗੀ ਕਰ ਰਹੇ ਸਵਿਟਜ਼ਰਲੈਂਡ ਦੇ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੂੰ ਤਹਿਰਾਨ ਨੇ ਤਲਬ ਕੀਤਾ ਹੈ। ਇਰਾਨ ਇਸ ਮੌਕੇ ਅਮਰੀਕਾ ਵੱਲੋਂ ਇਰਾਕ ’ਚ ਜੰਗ ਛੇੜਨ ਦੀ ਸ਼ਿਕਾਇਤ ਸਵਿਸ ਅਧਿਕਾਰੀਆਂ ਕੋਲ ਦਰਜ ਕਰਾਏਗਾ।

Previous articleਨਿਸ਼ਾਨੇਬਾਜ਼ੀ: ਖੁਸ਼ਸੀਰਤ ਸੰਧੂ ਨੇ ਫੁੰਡੇ 10 ਤਗ਼ਮੇ
Next articlePak cabinet rushes out draft bill on COAS extension