ਅਮਰੀਕਾ ਡਬਲਿਊਐਚਓ ਨਾਲੋਂ ਨਾਤਾ ਤੋੜੇਗਾ: ਟਰੰਪ

ਵਾਸ਼ਿੰਗਟਨ (ਸਮਾਜਵੀਕਲੀ): ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨਾਲੋਂ ਨਾਤਾ ਤੋੜ ਦੇਵੇਗਾ। ਟਰੰਪ ਨੇ ਕਿਹਾ ਕਿ ਸਿਹਤ ਸੰਗਠਨ ਬੇਹੱਦ ਲੋੜੀਂਦੇ ਸੁਧਾਰ ਲਿਆਉਣ ’ਚ ਅਸਫ਼ਲ ਰਿਹਾ ਹੈ ਤੇ ਇਸ ਨੇ ਕਰੋਨਾਵਾਇਰਸ ਬਾਰੇ ਸੰਸਾਰ ਨੂੰ ਉਸ ਵੇਲੇ ਗੁਮਰਾਹ ਕੀਤਾ ਜਦ ਇਹ ਚੀਨ ਤੋਂ ਫੈਲਣਾ ਸ਼ੁਰੂ ਹੋਇਆ।

ਟਰੰਪ ਨੇ ਕਿਹਾ ਕਿ ਡਬਲਿਊਐਚਓ ਕਰੋਨਾਵਾਇਰਸ ਮਹਾਮਾਰੀ ਲਈ ਚੀਨ ਦੀ ਜ਼ਿੰਮੇਵਾਰੀ ਤੈਅ ਕਰਨ ਵਿਚ ਵੀ ਨਾਕਾਮ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ‘ਚੀਨ ਦਾ ਵਿਸ਼ਵ ਸਿਹਤ ਸੰਗਠਨ ਉਤੇ ਮੁਕੰਮਲ ਕਬਜ਼ਾ ਹੈ।’ ਇਹ ਐਲਾਨ ਟਰੰਪ ਨੇ ਚੀਨ ਖ਼ਿਲਾਫ਼ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਕੀਤਾ।

ਟਰੰਪ ਨੇ ਕਿਹਾ ਕਿ ਸੰਗਠਨ ਨੂੰ ਦਿੱਤੇ ਜਾਂਦੇ ਫੰਡ ਜਨਤਕ ਸਿਹਤ ਨਾਲ ਜੁੜੇ ਹੋਰਨਾਂ ਯੋਗ ਆਲਮੀ ਲੋੜੀਂਦੇ ਕਦਮਾਂ ਲਈ ਖ਼ਰਚੇ ਜਾਣਗੇ। ਰਾਸ਼ਟਰਪਤੀ ਨੇ ਕਿਹਾ ਕਿ ‘ਸੰਸਾਰ ਨੂੰ ਵਾਇਰਸ ਬਾਰੇ ਚੀਨ ਤੋਂ ਜਵਾਬ ਚਾਹੀਦਾ ਹੈ। ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਸ਼ੁਰੂ ਹੋਈ ਬੀਮਾਰੀ ਨੇ ਅਮਰੀਕਾ ’ਚ ਇਕ ਲੱਖ ਜਾਨਾਂ ਲੈ ਲਈਆਂ ਹਨ।

ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਚੀਨ ਵਾਇਰਸ ਬਾਰੇ ‘ਸੰਸਾਰ ਨੂੰ ਗੁਮਰਾਹ’ ਕਰਨ ਲਈ ਵਿਸ਼ਵ ਸਿਹਤ ਸੰਗਠਨ ਉਤੇ ਦਬਾਅ ਪਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ’ਚ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹਨ ਤੇ ਮਹਾਮਾਰੀ ਦੀ ਰੋਕਥਾਮ ਦੇ ਪੱਖ ਤੋਂ ਟਰੰਪ ਦੀ ਤਿੱਖੀ ਆਲੋਚਨਾ ਹੋ ਰਹੀ ਹੈ।

Previous articleਹੋਟਲ, ਰੈਸਤਰਾਂ ਤੇ ਧਾਰਮਿਕ ਥਾਵਾਂ ਖੁੱਲ੍ਹਣ ਦੇ ਆਸਾਰ
Next articleਘਰ ’ਚ ਦਾਖ਼ਲ ਹੋ ਨੌਜਵਾਨ ’ਤੇ ਕਾਤਲਾਨਾ ਹਮਲਾ