ਅਮਰੀਕਾ ’ਚ ਮੌਤਾਂ ਦੀ ਗਿਣਤੀ ਇਟਲੀ ਨਾਲੋਂ ਵਧੀ

ਵਾਸ਼ਿੰਗਟਨ  (ਸਮਾਜਵੀਕਲੀ)  – ਅਮਰੀਕਾ ਨੇ ਕਰੋਨਾਵਾਇਰਸ ਕਰ ਕੇ ਹੋਈਆਂ ਮੌਤਾਂ ਦੇ ਮਾਮਲੇ ’ਚ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ। ਜੌਹਨਜ਼ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਐਤਵਾਰ ਤਕ ਅਮਰੀਕਾ ’ਚ 20,604 ਮੌਤਾਂ ਹੋ ਚੁੱਕੀਆਂ ਸਨ ਜਦਕਿ ਇਟਲੀ ’ਚ ਇਹ ਅੰਕੜਾ 19,648 ਸੀ।

ਸਪੇਨ ’ਚ 16,606, ਫਰਾਂਸ ’ਚ 13832 ਅਤੇ ਇੰਗਲੈਂਡ ’ਚ 9,875 ਵਿਅਕਤੀ ਕਰੋਨਾ ਦੀ ਭੇਟ ਚੜ੍ਹ ਚੁੱਕੇ ਹਨ। ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ’ਚ ਵੀ ਅਮਰੀਕਾ ਮੋਹਰੀ ਹੈ। ਉਥੇ 5,29,887 ਪੀੜਤ ਹਨ ਜਦਕਿ ਦੂਜੇ ਨੰਬਰ ’ਤੇ ਸਪੇਨ ਹੈ ਜਿਥੇ 1,63,027 ਮਰੀਜ਼ ਹਨ। ਇਟਲੀ ’ਚ ਕਰੋਨਾ ਦੇ 1,52,271 ਕੇਸ ਹਨ।

ਅਮਰੀਕਾ ’ਚ ਕਰੋਨਾ ਮਹਾਮਾਰੀ ਦੇ ਮੁੱਖ ਕੇਂਦਰ ਨਿਊਯਾਰਕ ਪ੍ਰਾਂਤ ’ਚ ਹੁਣ ਤਕ ਸਭ ਤੋਂ ਵੱਧ 8,627 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਨਿਊ ਜਰਸੀ (2183) ਅਤੇ ਮਿਸ਼ੀਗਨ (1276) ਦਾ ਨੰਬਰ ਆਉਂਦਾ ਹੈ। ਕੁੱਲ ਮਿਲਾ ਕੇ ਮੁਲਕ ’ਚ 32,001 ਮਰੀਜ਼ ਠੀਕ ਹੋ ਚੁੱਕੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਪਹਿਲਾਂ ਮਹਾਮਾਰੀ ਕਾਰਨ ਇਕ ਲੱਖ ਤੋਂ 2 ਲੱਖ 40 ਹਜ਼ਾਰ ਮੌਤਾਂ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ ਪਰ ਇਸ ਹਫ਼ਤੇ ਇਹ ਅਨੁਮਾਨ ਘਟਾ ਕੇ 60 ਹਜ਼ਾਰ ਕਰ ਦਿੱਤਾ ਹੈ। ਵ੍ਹਾਈਟ ਹਾਊਸ ਟਾਸਕ ਫੋਰਸ ਦੇ ਮੈਂਬਰਾਂ ਮੁਤਾਬਕ 50 ’ਚੋਂ 42 ਪ੍ਰਾਂਤਾਂ ਵੱਲੋਂ ਘਰਾਂ ’ਚ ਰਹਿਣ ਦੇ ਦਿੱਤੇ ਹੁਕਮਾਂ ਦੀ ਸਫ਼ਲਤਾ ਕਾਰਨ ਮੌਤਾਂ ਦੇ ਅੰਕੜੇ ’ਚ ਗਿਰਾਵਟ ਦਾ ਅਨੁਮਾਨ ਲਗਾਇਆ ਗਿਆ ਹੈ।

Previous articleਭਾਰਤ ਦੀ ਵਿਕਾਸ ਦਰ 1.5 ਤੋਂ 2.8 ਫ਼ੀਸਦ ਰਹਿਣ ਦਾ ਅਨੁਮਾਨ
Next articleਕਰੋਨਾਵਾਇਰਸ: ਪਿੰਡ ਜਵਾਹਰਪੁਰ ਵਿੱਚ ਤਿੰਨ ਹੋਰ ਮਰੀਜ਼ ਮਿਲੇ