ਅਮਰੀਕਾ ’ਚ ਖਾਲਿਸਤਾਨ ਹਮਾਇਤੀਆਂ ਵੱਲੋਂ ਗਾਂਧੀ ਦੇ ਬੁੱਤ ਦੀ ਬੇਅਦਬੀ

ਵਾਸ਼ਿੰਗਟਨ  (ਸਮਾਜ ਵੀਕਲੀ) : ਭਾਰਤ ’ਚ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ’ਚ ਇੱਥੇ ਸਿੱਖ-ਅਮਰੀਕੀ ਨੌਜਵਾਨਾਂ ਨੇ ਰੋਸ ਮੁਜ਼ਾਹਰਾ ਕੀਤਾ। ਇਸੇ ਦੌਰਾਨ ਖਾਲਿਸਤਾਨੀ ਵੱਖਵਾਦੀਆਂ ਨੇ ਅਮਰੀਕਾ ਦੇ ਭਾਰਤੀ ਦੂਤਾਵਾਸ ਦੇ ਬਾਹਰ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਅਦਬੀ ਕੀਤੀ। ਗਰੇਟਰ ਵਾਸ਼ਿੰਗਟਨ ਡੀਸੀ, ਮੈਰੀਲੈਂਡ ਅਤੇ ਵਰਜੀਨੀਆ ਤੋਂ ਇਲਾਵਾ ਨਿਊਯਾਰਕ, ਨਿਊਜਰਸੀ, ਪੈਨਸਿਲਵੇਨੀਆ, ਇੰਡੀਆਨਾ, ਓਹਾਇਓ ਅਤੇ ਨੌਰਥ ਕੈਰੋਲੀਨਾ ਵਰਗੇ ਸੂਬਿਆਂ ਤੋਂ ਆਏ ਸੈਂਕੜੇ ਸਿੱਖਾਂ ਨੇ ਵਾਸ਼ਿੰਗਟਨ ਡੀਸੀ ’ਚ ਭਾਰਤੀ ਦੂਤਾਵਾਸ ਤੱਕ ਕਾਰ ਰੈਲੀ ਕੱਢੀ। ਇਸੇ ਦੌਰਾਨ ਭਾਰਤ ਵਿਰੋਧੀ ਪੋਸਟਰਾਂ ਤੇ ਬੈਨਰਾਂ ਨਾਲ ਖਾਲਿਸਤਾਨੀ ਝੰਡੇ ਲੈ ਕੇ ਕੁਝ ਵਿਅਕਤੀ ਆਏ।

ਇਨ੍ਹਾਂ ’ਚੋਂ ਕੁਝ ਖਾਲਿਸਤਾਨੀ ਹਮਾਇਤੀ ਹੱਥਾਂ ’ਚ ਕਿਰਪਾਨ ਫੜੀ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਆਏ ਅਤੇ ਉਸ ’ਤੇ ਇੱਕ ਪੋਸਟਰ ਚਿਪਕਾ ਦਿੱਤਾ। ਇਸ ਗਰੁੱਪ ਨੇ ਖਾਲਿਸਤਾਨ ਦੇ ਹੱਕ ’ਚ ਨਾਅਰੇ ਵੀ ਮਾਰੇ। ਭਾਰਤੀ ਦੂਤਾਵਾਸ ਨੇ ਬਿਆਨ ਜਾਰੀ ਕਰਕੇ ਮੁਜ਼ਾਹਰਾਕਾਰੀਆਂ ਦੇ ਰੂਪ ’ਚ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੀ ਹਰਕਤ ਦੀ ਨਿੰਦਾ ਕੀਤੀ। ਦੂਤਾਵਾਸ ਨੇ ਕਿਹਾ ਕਿ ਉਸ ਨੇ ਅਮਰੀਕੀ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਕੋਲ ਇਸ ਸਬੰਧੀ ਸਖ਼ਤ ਵਿਰੋਧ ਦਰਜ ਕਰਵਾਇਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਜਾਂਚ ਤੇ ਕਾਰਵਾਈ ਲਈ ਅਮਰੀਕੀ ਵਿਦੇਸ਼ ਮੰਤਰਾਲੇ ਸਾਹਮਣੇ ਵੀ ਇਹ ਮਾਮਲਾ ਚੁੱਕਿਆ ਹੈ।

ਲੰਘੀ ਦੁਪਹਿਰ ਜਦੋਂ ਇਹ ਘਟਨਾ ਵਾਪਰੀ ਤਾਂ ਵਾਸ਼ਿੰਗਟਨ ਡੀਸੀ ਪੁਲੀਸ ਤੇ ਖੁਫੀਆ ਸੇਵਾਵਾਂ ਦੇ ਮੁਲਾਜ਼ਮ ਵੱਡੀ ਗਿਣਤੀ ’ਚ ਉੱਥੇ ਹਾਜ਼ਰ ਸਨ। ਇਸ ਤੋਂ ਕਰੀਬ ਅੱਧੇ ਘੰਟੇ ਬਾਅਦ ਖਾਲਿਸਤਾਨੀ ਹਮਾਇਤੀਆਂ ਦੇ ਇੱਕ ਹੋਰ ਗਰੁੱਪ ਨੇ ਬੁੱਤ ਦੇ ਗਲੇ ’ਚ ਰੱਸੀ ਦੀ ਮਦਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੋਸਟਰ ਬੰਨ੍ਹ ਦਿੱਤਾ। ਇਸ ਤੋਂ ਇੱਕ ਘੰਟੇ ਤੋਂ ਵੀ ਵੱਧ ਸਮੇਂ ਬਾਅਦ ਖੁਫੀਆ ਸੇਵਾਵਾਂ ਦਾ ਇੱਕ ਏਜੰਟ ਬੁੱਤ ਵੱਲ ਆਉਂਦਾ ਦਿਖਾਈ ਦਿੰਦਾ ਅਤੇ ਉਸ ਖਾਲਿਸਤਾਨੀ ਹਮਾਇਤੀਆਂ ਨੂੰ ਕਿਹਾ ਕਿ ਉਹ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ।

Previous articleਮੁਕਾਬਲੇ ’ਚ ਦੋ ਪਾਕਿਸਤਾਨੀ ਅਤਿਵਾਦੀ ਹਲਾਕ
Next articleK’taka road transport staff makes U-turn, to continue strike