ਅਨੁਰਾਗ ਦੇ ਤਿੰਨ ਅਤੇ ਪਰਵੇਸ਼ ਦੇ ਚਾਰ ਦਿਨ ਪ੍ਰਚਾਰ ਕਰਨ ’ਤੇ ਰੋਕ

ਚੋਣ ਕਮਿਸ਼ਨ ਨੇ ਭਾਜਪਾ ਆਗੂ ਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਸੰਸਦ ਮੈਂਬਰ ਪਰਵੇਸ਼ ਵਰਮਾ ’ਤੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਚੋਣ ਪ੍ਰਚਾਰ ਦੌਰਾਨ ਦੋਵੇਂ ਆਗੂਆਂ ਨੇ ਵਿਵਾਦਿਤ ਭਾਸ਼ਨ ਦਿੱਤੇ ਸਨ ਜਿਸ ਮਗਰੋਂ ਚੋਣ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਅਨੁਰਾਗ ਠਾਕੁਰ ਦੇ ਪ੍ਰਚਾਰ ਕਰਨ ’ਤੇ 72 ਘੰਟੇ ਯਾਨੀ ਤਿੰਨ ਦਿਨਾਂ ਲਈ ਪਾਬੰਦੀ ਲਗਾਈ ਹੈ। ਦਿੱਲੀ ਤੋਂ ਸੰਸਦ ਮੈਂਬਰ ਪਰਵੇਸ਼ ਵਰਮਾ 96 ਘੰਟੇ ਯਾਨੀ 4 ਦਿਨਾਂ ਤੱਕ ਪ੍ਰਚਾਰ ਨਹੀਂ ਕਰ ਸਕਣਗੇ। ਬੁੱਧਵਾਰ ਨੂੰ ਚੋਣ ਕਮਿਸ਼ਨ ਨੇ ਦੋਵੇਂ ਆਗੂਆਂ ਨੂੰ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ ਬਾਹਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਮਾਡਲ ਟਾਊਨ ਦੇ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਉਪਰ ਵੀ 48 ਘੰਟੇ ਚੋਣ ਪ੍ਰਚਾਰ ਕਰਨ ’ਤੇ ਰੋਕ ਲਾਈ ਗਈ ਸੀ।
ਚੋਣ ਕਮਿਸ਼ਨ ਨੇ ਦੋਵੇਂ ਆਗੂਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਸੀ ਪਰ ਉਨ੍ਹਾਂ ਵੱਲੋਂ ਦਾਖ਼ਲ ਜਵਾਬ ਤੋਂ ਚੋਣ ਕਮਿਸ਼ਨ ਨੂੰ ਤਸੱਲੀ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਦੇ ਅੱਜ ਸ਼ਾਮ 5 ਵਜੇ ਤੋਂ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਰਵੇਸ਼ ਵਰਮਾ ਨੇ ਦੋ ਵਿਵਾਦਿਤ ਬਿਆਨ ਦਾਗ਼ੇ ਸਨ। ਇਸ ’ਚ ਸ਼ਾਹੀਨ ਬਾਗ਼ ਬਾਰੇ ਉਸ ਦੀ ਉਹ ਟਿੱਪਣੀ ਵੀ ਸ਼ਾਮਲ ਹੈ ਜਿਸ ’ਚ ਉਸ ਨੇ ਕਿਹਾ ਸੀ ਕਿ ਸ਼ਾਹੀਨ ਬਾਗ਼ ਦੇ ਲੋਕ ਘਰਾਂ ’ਚ ਦਾਖ਼ਲ ਹੋ ਕੇ ਭੈਣਾਂ ਤੇ ਧੀਆਂ ਨਾਲ ਬਲਾਤਕਾਰ ਕਰਨਗੇ ਪਰ ਮੋਦੀ ਤੇ ਅਮਿਤ ਸ਼ਾਹ ਲੋਕਾਂ ਨੂੰ ਬਚਾਉਣ ਲਈ ਨਹੀਂ ਆਉਣਗੇ। ਵਿਕਾਸਪੁਰੀ ’ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸਰਕਾਰੀ ਜ਼ਮੀਨ ’ਤੇ ਬਣੀਆਂ ਸਾਰੀਆਂ ਮਸਜਿਦਾਂ ਨੂੰ ਹਟਾ ਦਿੱਤਾ ਜਾਵੇਗਾ। ਅਨੁਰਾਗ ਠਾਕੁਰ ਨੇ ਰਿਠਾਲਾ ’ਚ ਗੋਲੀ ਮਾਰਨ ਵਾਲਾ ਭੜਕਾਊ ਬਿਆਨ ਦਿੱਤਾ ਸੀ ਜਿਸ ਕਰਕੇ ਚੋਣ ਕਮਿਸ਼ਨ ਨੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ‘ਦਹਿਸ਼ਤਗਰਦ’ ਆਖਣ ਵਾਲੇ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਵਰਮਾ ਨੂੰ ਜਵਾਬ ਦੇਣ ਲਈ ਸ਼ੁੱਕਰਵਾਰ ਨੂੰ ਸ਼ਾਮ ਪੰਜ ਵਜੇ ਤੱਕ ਦਾ ਸਮਾਂ ਦਿੱਤਾ ਗਿਆ।

Previous articleਪੁਲੀਸ ਨੇ ਗਾਂਧੀ ਸਮ੍ਰਿਤੀ ਨੇੜੇ ‘ਭਾਰਤ ਜੋੜੋ ਸੰਵਿਧਾਨ ਬਚਾਓ ਯਾਤਰਾ’ ਰੋਕੀ
Next articleਬਜਟ ਤੋਂ ਇਕ ਦਿਨ ਪਹਿਲਾਂ ਮੋਦੀ ਸਰਕਾਰ ਲਈ ਖ਼ਤਰੇ ਦੀ ਘੰਟੀ