ਅਦਾਇਗੀ ਨਾ ਹੋਣ ’ਤੇ ਕਿਸਾਨਾਂ ਨੇ ਧਰਨਾ ਮਾਰ ਕੇ ਰੁਕਵਾਇਆ ਕੰਮ

ਕੌਮਾਂਤਰੀ ਸਰਹੱਦ ਕੋਲ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ਵਿੱਚ ਜ਼ਮੀਨ ਮਾਲਕ ਕਿਸਾਨਾਂ ਨੇ ਅੱਜ ਧਰਨਾ ਮਾਰ ਕੇ ਕੰਮ ਰੁਕਵਾ ਦਿੱਤਾ। ਪਿੰਡ ਚੰਦੂਕੇ, ਪੱਖੋਕੇ, ਜੌੜੀਆਂ ਅਤੇ ਡੇਰਾ ਬਾਬਾ ਨਾਨਕ ਦੇ ਜ਼ਮੀਨ ਮਾਲਕ ਕਿਸਾਨਾਂ ਨੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗ੍ਰਹਿਣ ਕੀਤੀਆਂ ਜ਼ਮੀਨਾਂ ਦੇ ਪੈਸੇ ਹਾਲੇ ਤਕ ਖ਼ਾਤਿਆਂ ਵਿੱਚ ਨਹੀਂ ਭੇਜੇ ਗਏ ਹਨ। ਇਸ ਦੇ ਨਾਲ ਇਸ ਰਕਮ ’ਤੇ 10 ਫ਼ੀਸਦੀ ਟੀਡੀਐਸ ਕੱਟਿਆ ਜਾ ਰਿਹਾ ਹੈ ਜੋ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਨੂੰ ਮਿਲਣ ਵਾਲੇ ਕੁੱਲ 34 ਲੱਖ ਪ੍ਰਤੀ ਏਕੜ ’ਚੋਂ ਕਰੀਬ ਤਿੰਨ ਲੱਖ ਰੁਪਏ ਟੀਡੀਐਸ ਦੇ ਰੂਪ ’ਚ ਕੱਟੇ ਜਾਣੇ ਹਨ। ਧਰਨੇ ਕਾਰਨ ਮਿੱਟੀ, ਬੱਜਰੀ ਤੇ ਹੋਰ ਸਾਜ਼ੋ-ਸਾਮਾਨ ਦੇ ਭਰੇ ਟਿੱਪਰ ਅਤੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਰੋਹ ਵਿੱਚ ਆਏ ਕਿਸਾਨਾਂ ਦੀ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨਾਲ ਗਰਮਾ-ਗਰਮੀ ਵੀ ਹੋਈ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਗ੍ਰਹਿਣ ਕੀਤੀ ਜ਼ਮੀਨ ਦੇ ਚੈੱਕ ਨਹੀਂ ਮਿਲ ਜਾਂਦੇ, ਉਹ ਕੰਮ ਨਹੀਂ ਚੱਲਣ ਦੇਣਗੇ। ਉਨ੍ਹਾਂ ਸ਼ਨਿਚਰਵਾਰ ਨੂੰ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਮੁਖਤਾਰ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਹੋਰਾਂ ਨੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐਸਡੀਐਮ ਦਫ਼ਤਰ ਨੇ ਉਨ੍ਹਾਂ ਨੂੰ ਲੰਘੇ ਚਾਰ ਮਹੀਨੇ ਤੋਂ ਧੋਖੇ ਵਿੱਚ ਰੱਖਿਆ ਹੈ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਕਣਕ ਅਤੇ ਗੋਭੀ ਨੂੰ ਬਿਨਾਂ ਦੇ ਮੁਆਵਜ਼ੇ ਦੇ ਕਟਵਾ ਦਿੱਤਾ ਗਿਆ ਜਦੋਂ ਕਿ ਪਾਕਿਸਤਾਨ ਵਾਲੇ ਪਾਸੇ ਲਾਂਘੇ ਲਈ ਗ੍ਰਹਿਣ ਕੀਤੀ ਜਾ ਰਹੀ ਜ਼ਮੀਨ ’ਚ ਕਣਕ ਦੀ ਫਸਲ ਨੂੰ ਹੁਣ ਕੰਬਾਈਨ ਨਾਲ ਕੱਟਿਆ ਜਾ ਰਿਹਾ ਹੈ। ਗੁੱਸੇ ਨਾਲ ਭਰੇ-ਪੀਤੇ ਕਿਸਾਨਾਂ ਨੇ ਐਸਡੀਐਮ ਨੂੰ ਕਿਹਾ ਕਿ ਟੀਡੀਐਸ ਕੱਟਣ ਬਾਰੇ ਉਨ੍ਹਾਂ ਨੂੰ ਕੋਈ ਅਗੇਤੀ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਲਾਂਘੇ ਲਈ ਕੁੱਲ 104 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਤਰਨ ਤਾਰਨ ’ਚ ਕਿਸਾਨਾਂ ਨੂੰ 80 ਲੱਖ ਤੋਂ ਇੱਕ ਕਰੋੜ ਰੁਪਏ ਤਕ ਪ੍ਰਤੀ ਏਕੜ ਮੁਆਵਜ਼ਾ ਮਿਲਿਆ ਹੈ ਪਰ ਇੱਧਰ ਕਿਸਾਨਾਂ ਨੂੰ ਸਿਰਫ਼ 34 ਲੱਖ ਰੁਪਏ ਦਿੱਤੇ ਜਾ ਰਹੇ ਹਨ ਅਤੇ ਉਸ ਵਿੱਚੋਂ ਵੀ 10 ਫ਼ੀਸਦੀ ਟੀਡੀਐਸ ਕੱਟਿਆ ਜਾ ਰਿਹਾ ਹੈ। ਉਧਰ ਐਸਡੀਐਮ ਸ੍ਰੀ ਢਿੱਲੋਂ ਨੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸ਼ਾਂਤ ਕਰਨ ਦੇ ਬੜੇ ਯਤਨ ਕੀਤੇ। ਸ੍ਰੀ ਢਿੱਲੋਂ ਨੇ ਦੱਸਿਆ ਕਿ ਟੀਡੀਐਸ ‘ਉਪਰੋਂ’ ਆਏ ਆਦੇਸ਼ਾਂ ਅਨੁਸਾਰ ਕੱਟਿਆ ਜਾ ਰਿਹਾ ਹੈ।

Previous articleਗੋਦਰੇਜ ਪ੍ਰਾਪਰਟੀਜ਼ ਨੇ ਆਰਕੇ ਸਟੂਡੀਓ ਦੀ ਜ਼ਮੀਨ ਖਰੀਦੀ
Next articleਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ: ਹੰਸ