ਅਤਿਵਾਦ ਨੂੰ ਮੁੜ ਸਿਰ ਨਹੀਂ ਚੁੱਕਣ ਦਿਆਂਗੇ: ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੰਜਾਬ ’ਚ ਅਤਿਵਾਦ ਨੂੰ ਮੁੜ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਸੂਬੇ ’ਚ ਅਮਨ ਭੰਗ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲੀਸ ਵੱਲੋਂ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਵਿਚ ਕਰਵਾਏ ਗਏ ਦੂਜੇ ਕੇਪੀਐੱਸ ਗਿੱਲ ਯਾਦਗਾਰੀ ਭਾਸ਼ਨ ਸਮਾਰੋਹ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਅਤਿਵਾਦ ਸੌਖਿਆਂ ਹੀ ਕੌਮਾਂਤਰੀ ਸਰਹੱਦਾਂ ਪਾਰ ਕਰ ਸਕਦਾ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨਾਲ ਨੌਜਵਾਨਾਂ ਨੂੰ ਉਕਸਾਉਣਾ, ਦਹਿਸ਼ਤ ਫੈਲਾਉਣਾ ਅਤੇ ਦਹਿਸ਼ਤਗਰਦੀ ਦੀ ਵਿਚਾਰਧਾਰਾ ਦਾ ਪਸਾਰ ਸੌਖਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਸਰਹੱਦੀ ਸੂਬਾ ਹੋਣ ਤੇ ਜੰਮੂ-ਕਸ਼ਮੀਰ ਨਾਲ ਜੁੜੇ ਹੋਣ ਕਰ ਕੇ ਨਸ਼ਿਆਂ ਤੇ ਅਤਿਵਾਦ ਦੀ ਚੁਣੌਤੀ ਦੇ ਮੱਦੇਨਜ਼ਰ ਆਧੁਨਿਕ ਪੁਲੀਸਿੰਗ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਤਕਨੀਕੀ ਪੱਖੋਂ ਪਰਿਪੱਕ ਤੇ ਪੇਸ਼ੇਵਰ ਪਹੁੰਚ ਰੱਖਦੀ ਹੋਣੀ ਚਾਹੀਦੀ ਹੈ। ਕੈਪਟਨ ਨੇ ਸਾਬਕਾ ਡੀਜੀਪੀ ਕੇਪੀਐੱਸ ਗਿੱਲ ਵੱਲੋਂ ਪੰਜਾਬ ’ਚ ਅਤਿਵਾਦ ਨੂੰ ਠੱਲ ਪਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਮਰਹੂਮ ਅਧਿਕਾਰੀ ਤੋਂ ਪੰਜਾਬ ਪੁਲੀਸ ਨੂੰ ਸੇਧ ਲੈਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਪੰਜਾਬ ਪੁਲੀਸ ਨੂੰ ਹਦਾਇਤ ਦਿੱਤੀ ਕਿ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਖ਼ਤਰੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਪਾਕਿਸਤਾਨ ਵੱਲੋਂ ਪੰਜਾਬ ’ਚ ਗੜਬੜੀ ਪੈਦਾ ਕਰਨ ਦੀਆਂ ਹਾਲ ਹੀ ਵਿੱਚ ਕੀਤੀਆਂ ਕੋਸ਼ਿਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਪੁਲੀਸ ਨੇ ਇਨ੍ਹਾਂ ਮਨਸੂਬਿਆਂ ਨੂੰ ਪਹਿਲਾਂ ਹੀ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਪੁਲੀਸ ਨੇ ਦੋ ਦਰਜਨ ਤੋਂ ਵੱਧ ਅਤਿਵਾਦੀ ਸੰਗਠਨਾਂ ਦਾ ਪਰਦਾਫ਼ਾਸ਼ ਕੀਤਾ ਅਤੇ 100 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ। ਇਸ ਤੋਂ ਪਹਿਲਾਂ ਡੀਜੀਪੀ ਦਿਨਕਰ ਗੁਪਤਾ ਨੇ ਵੀ ਤਾਜ਼ਾ ਸੁਰੱਖਿਆ ਹਾਲਾਤ ਅਤੇ ਇੰਟਰਨੈੱਟ-ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਪਹਿਲਾ ਭਾਸ਼ਨ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਐੱਨ.ਐੱਨ. ਵੋਹਰਾ ਵੱਲੋਂ ਦਿੱਤਾ ਗਿਆ ਸੀ।

Previous articleBengal BJP workers celebrate after RS passes Citizenship Bill
Next articleਹਿੰਸਾ: ਗੁਹਾਟੀ ’ਚ ਕਰਫਿਊ; ਤ੍ਰਿਪੁਰਾ ’ਚ ਫ਼ੌਜ ਸੱਦੀ