ਅਟਲਾਂਟਾ ’ਚ ਸਿਆਹਫਾਮ ਦੀ ਪੁਲੀਸ ਗੋਲੀ ਨਾਲ ਮੌਤ; ਪ੍ਰਦਰਸ਼ਨ ਸ਼ੁਰੂ

ਅਟਲਾਂਟਾ (ਸਮਾਜਵੀਕਲੀ):  ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਪੁਲਿਸ ਅਧਿਕਾਰੀ ਨੇ ਸਿਆਹਫਾਮ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਅਟਲਾਂਟਾ ਪੁਲੀਸ ਮੁਖੀ ਨੇ ਅਸਤੀਫਾ ਦੇ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸਿਆਹਫਾਮ ਵਿਅਕਤੀ ਪੁਲੀਸ ਅਧਿਕਾਰੀ ਦੀ ਟੇਜ਼ਰ ਬੰਦੂਕ ਖੋਹ ਕੇ ਫ਼ਰਾਰ ਹੋ ਰਿਹਾ ਸੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ।

ਨਸ਼ੇ ਵਿੱਚ ਗੱਡੀ ਚਲਾਉਣ ਵਾਲੇ 27 ਸਾਲ ਦੇ ਰੇਸ਼ਾਰਡ ਬਰੂਕਸ ਦੀ ਪੁਲੀਸ ਗੋਲੀ ਨਾਲ ਮੌਤ ਤੋਂ ਬਾਅਦ ਅਟਲਾਂਟਾ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਮੌਤ ਤੋਂ ਬਾਅਦ ਫਿਰ ਪੁਲੀਸ ਮੁਖੀ ਐਰਿਕਾ ਸ਼ੀਲਡਜ਼ ਨੇ ਅਸਤੀਫਾ ਦੇ ਦਿੱਤਾ। ਜਾਰਜੀਆ ਬਿਊਰੋ ਆਫ ਆਫ਼ ਇਨਵੈਸਟੀਗੇਸ਼ਨ (ਜੀਬੀਆਈ) ਦੇ ਡਾਇਰੈਕਟਰ ਵਿਕ ਰੇਨੋਲਡਸ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਰੈਸਟੋਰੈਂਟ ਦੇ ਬਾਹਰ ਵਾਪਰੀ, ਜਿਸ ਨੂੰ ਸੁਰੱਖਿਆ ਕੈਮਰਿਆਂ ਅਤੇ ਚਸ਼ਮਦੀਦਾਂ ਨੇ ਮੋਬਾਈਲ ਫੋਨਾਂ ਵਿੱਚ ਰਿਕਾਰਡ ਕਰ ਲਿਆ।

ਰੇਨੋਲਡਜ਼ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਜਦੋਂ ਕੋਈ ਅਧਿਕਾਰੀ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਜਨਤਾ ਨੂੰ ਇਹ ਜਾਣਨ ਦਾ ਅਧਿਕਾਰ ਹੁੰਦਾ ਹੈ ਕਿ ਕੀ ਹੋਇਆ।” ਪ੍ਰਦਰਸ਼ਨਕਾਰੀਆਂ ਨੇ ਰੈਸਟੋਰੈਂਟ ਨੂੰ ਅੱਗ ਲਾ ਦਿੱਤੀ ਅਤੇ ਨੇੜਲੇ ਰਾਜਮਾਰਗ ਦੇ ਨਾਲ-ਨਾਲ ਨੇੜਲੇ ਆਵਾਜਾਈ ਵਿੱਚ ਵਿਘਨ ਪਾਇਆ।

ਅਟਲਾਂਟਾ ਦੇ ਮੇਅਰ ਕੇਸ਼ਾ ਲਾਂਸ ਬੋਟਮਜ਼ ਨੇ ਸ਼ਨਿਚਰਵਾਰ ਦੁਪਹਿਰ ਨੂੰ ਅਟਲਾਂਟਾ ਮੁਖੀ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਮੇਅਰ ਨੇ ਬਰੂਕਸ ਨੂੰ ਗੋਲੀ ਮਾਰਨ ਵਾਲੇ ਅਧਿਕਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਅਪੀਲ ਵੀ ਕੀਤੀ।

Previous articleਅਨਮੋਲ ਨਾਰੰਗ ਨੇ ਰਚਿਆ ਇਤਿਹਾਸ, ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਮਹਿਲਾ ਸਿੱਖ ਬਣੀ
Next articleਗਿਲਗਿਤ-ਬਾਲਟਿਸਤਾਨ ’ਚੋਂ ਦੋ ‘ਭਾਰਤੀ ਜਾਸੂਸ’ ਗ੍ਰਿਫ਼ਤਾਰ