ਅਜੇ ਪਾਬੰਦੀਆਂ ’ਚ ਰਾਹਤਾਂ ਦੇਣ ਦਾ ਸਮਾਂ ਨਹੀਂ: ਡਬਲਿਊਐੱਚਓ

ਕੋਪੈੱਨਹੇਗਨ  (ਸਮਾਜਵੀਕਲੀ)ਵਿਸ਼ਵ ਸਿਹਤ ਸੰਗਠਨ ਦੇ ਯੂਰੋਪੀਅਨ ਦਫ਼ਤਰ ਨੇ ਅੱਜ ਕਿਹਾ ਕਿ ਕੁਝ ਮੁਲਕਾਂ ਤੋਂ ‘ਸਕਾਰਾਤਮਕ ਸੰਕੇਤ’ ਮਿਲਣ ਦੇ ਬਾਵਜੂਦ, ਕਰੋਨਵਾਇਰਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਆਇਦ ਪਾਬੰਦੀਆਂ ਨੂੰ ਵਾਪਸ ਲੈਣਾ ਹਾਲ ਦੀ ਘੜੀ ਜਲਦਬਾਜ਼ੀ ਹੋਵੇਗੀ। ਸੰਗਠਨ ਦੇ ਯੂਰੋਪ ਲਈ ਖੇਤਰੀ ਡਾਇਰੈਕਟਰ ਹਾਂਸ ਕਲੁਗੇ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਇਹ ਪਾਬੰਦੀਆਂ ’ਚ ਰਾਹਤਾਂ/ਢਿੱਲ ਦੇਣ ਦਾ ਸਹੀ ਸਮਾਂ ਨਹੀਂ ਹੈ।’ ਉਨ੍ਹਾਂ ਕਿਹਾ, ‘ਇਹ ਸਮਾਂ ਹੈ ਜਦੋਂ ਸਾਨੂੰ ਪੂਰੇ ਸਮਾਜ ਨੂੰ ਮਿਲ ਕੇ ਵਿੱਢੇ ਯਤਨਾਂ ਨੂੰ ਇਕ ਵਾਰ ਫਿਰ ਦੁੱਗਣਾ ਤੇ ਤਿੱਗਣਾ ਕਰਨਾ ਹੋਵੇਗਾ।’ ਕਲੁਗੇ ਨੇ ਸੱਦਾ ਦਿੱਤਾ ਕਿ ‘ਸਾਰੇ ਦੇਸ਼’ ਤਿੰਨ ਮੁੱਖ ਖੇਤਰਾਂ ’ਚ ਯਤਨਾਂ ਨੂੰ ਮਜ਼ਬੂਤ ਕਰਨ। ਪਹਿਲੇ ਯਤਨ ਵਜੋਂ ਸਿਹਤ ਸੇਵਾਵਾਂ ’ਚ ਲੱਗੇ ਕਾਮਿਆਂ ਨੂੰ ਬਚਾਉਣਾ ਹੈ। ਇਸ ਵਿੱਚ ਉਨ੍ਹਾਂ ਨੂੰ ਸਿਖਲਾਈ ਦੇਣਾ ਤੇ ਜ਼ਰੂਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਦੂਜੇ ਯਤਨ ਵਜੋਂ ਅਥਾਰਿਟੀਆਂ ਨੂੰ ਚਾਹੀਦਾ ਹੈ ਕਿ ਉਹ ਜਨ ਸਿਹਤ ਉਪਾਆਂ ਦੀ ਵਰਤੋਂ ਨਾਲ ਕੋਵਿਡ-19 ਦੇ ਫੈਲਾਅ ਨੂੰ ਰੋਕਣ ਤੇ ਇਸ ਦੀ ਰਫ਼ਤਾਰ ਨੂੰ ਮੱਧਮ ਪਾਉਣ। ਇਸ ਯਤਨਾ ਦਾ ਮੁੱਖ ਮੰਤਵ ਸਿਹਤਮੰਦ ਲੋਕਾਂ ਨੂੰ ਸ਼ੱਕੀ ਤੇ ਸੰਭਾਵੀ ਕੇਸਾਂ (ਪੀੜਤਾਂ) ਤੋਂ ਵੱਖ ਕਰਨਾ ਹੈ। ਤੀਜੀ ਕੋਸ਼ਿਸ਼ ਵਿੱਚ ਸਰਕਾਰਾਂ ਤੇ ਮੁਕਾਮੀ ਪ੍ਰਸ਼ਾਸਨ ਭਾਈਚਾਰਿਆਂ ਨਾਲ ਸੰਪਰਕ ਸਾਧਦਿਆਂ ਲੋਕਾਂ ਨੂੰ ‘ਮੌਜੂਦਾ ਤੇ ਸੰਭਾਵੀ ਭਵਿੱਖੀ ਉਪਾਆਂ’ ਬਾਰੇ ਦੱਸੇ। ਕਾਬਿਲੇਗੌਰ ਹੈ ਕਿ ਕਈ ਯੂਰੋਪੀਅਨ ਮੁਲਕਾਂ ਨੇ ਵਾਇਰਸ ਦੇ ਪਾਸਾਰ ਨੂੰ ਰੋਕਣ ਲਈ ਆਇਦ ਪਾਬੰਦੀਆਂ ’ਚ ਢਿੱਲ ਦੇਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਆਸਟਰੀਆ ਨੇ ਪਿਛਲੇ ਦਿਨੀਂ 14 ਅਪਰੈਲ ਤੋਂ ਕੁਝ ਕਾਰੋਬਾਰਾਂ ਤੇ ਜਨਤਕ ਪਾਰਕਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਸੀ।

Previous articleਸੱਤ ਮਰੀਜ਼ ਠੀਕ, ਪਠਲਾਵਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ
Next articleਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦੇ ਬੇਵਕਤਾ ਤੁਰ ਜਾਣ ਦੀ ਘਾਟ