ਅਕਾਲ ਤਖ਼ਤ ਦੇ ਜਥੇਦਾਰ ਦੀ ਕੇਂਦਰ ਬਾਰੇ ਟਿੱਪਣੀ ਮਗਰੋਂ ਵਿਵਾਦ

ਅੰਮ੍ਰਿਤਸਰ (ਸਮਾਜ ਵੀਕਲੀ) : ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਗ਼ੈਰ-ਜਮਹੂਰੀ ਅਤੇ ਈਵੀਐਮ ਦੀ ਮਦਦ ਰਾਹੀਂ ਬਣੀ ਸਰਕਾਰ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਮਾਮਲੇ ਬਾਰੇ ਨਵਾਂ ਵਾਦ-ਵਿਵਾਦ ਸ਼ੁਰੂ ਹੋ ਗਿਆ ਹੈ।

ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਬਾਰੇ ਕੀਤੀ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਕਾਲ ਤਖ਼ਤ ਦਾ ਸਿੱਖ ਧਰਮ ਵਿਚ ਰੁਤਬਾ ਸਰਵਉੱਚ ਹੈ, ਇਸ ਲਈ ਜਥੇਦਾਰ ਵਿਰੁੱਧ ਕਿਸੇ ਵੀ ਸਿਆਸੀ ਆਗੂ ਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਮੀਰੀ ਪੀਰੀ ਦਾ ਪ੍ਰਤੀਕ ਹੈ, ਜਿਸ ਕਰਕੇ ਸਿੱਖਾਂ ਨੂੰ ਧਾਰਮਿਕ ਸ਼ਕਤੀ ਦੇ ਨਾਲ ਰਾਜਨੀਤਕ ਚੇਤਨਾ ਵੀ ਮਿਲਦੀ ਹੈ। ਜਥੇਦਾਰ ਵਲੋਂ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ਦੀ ਸੱਚਾਈ ਬਿਆਨ ਕਰਨ ’ਤੇ ਕੁਝ ਸਿਆਸੀ ਜਮਾਤਾਂ ਦੇ ਆਗੂਆਂ ਨੂੰ ਇਹ ਬਿਆਨ ਚੁੱਭਿਆ ਹੈ।

ਉਨ੍ਹਾਂ ਕਿਹਾ ਕਿ ਜਥੇਦਾਰ ਨੇ ਬਿਲਕੁਲ ਸੱਚ ਬਿਆਨਿਆ ਹੈ। ਪਿਛਲੇ ਸਮੇਂ ਤੋਂ ਲਗਾਤਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਾਂ ਦੇ ਇਤਿਹਾਸਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਘੱਟ ਗਿਣਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਾਢੇ ਤਿੰਨ ਦਹਾਕੇ ਬੀਤ ਜਾਣ ਦੇ ਬਾਅਦ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਇਸ ਦੇ ਬਾਵਜੂਦ ਅੱਜ ਵੀ ਸਿੱਖਾਂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਜਾਰੀ ਹਨ।

ਜੇਕਰ ਸ੍ਰੀ ਅਕਾਲ ਤਖ਼ਤ ਨੇ ਸੱਚਾਈ ਨੂੰ ਦਰਸਾਉਣ ਵਾਲਾ ਬਿਆਨ ਦਿੱਤਾ ਹੈ ਤਾਂ ਇਸ ਦਾ ਵਿਰੋਧ ਕਰਨ ਦੀ ਥਾਂ ਸੱਤਾਧਾਰੀ ਸਿਆਸੀ ਪਾਰਟੀਆਂ ਨੂੰ ਆਤਮ ਮੰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗਰੇਵਾਲ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਨਸੀਹਤ ਦੇਣ। ਉਨ੍ਹਾਂ ਦਾ ਜਥੇਦਾਰ ਸਬੰਧੀ ਗ਼ੈਰ ਇਖ਼ਲਾਕੀ ਬਿਆਨ ਨਾ ਬਰਦਾਸ਼ਤਯੋਗ ਹੈ, ਉਨ੍ਹਾਂ ਨੂੰ ਆਪਣੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ।

Previous articleਮਹਾਰਾਸ਼ਟਰ ਸਰਕਾਰ ਵਰਵਰਾ ਰਾਓ ਨੂੰ ਨਾਨਾਵਤੀ ਹਸਪਤਾਲ ਭੇਜਣ ਲਈ ਰਾਜ਼ੀ
Next articleਜਥੇਦਾਰ ਤੋਂ ਮੁਆਫ਼ੀ ਮੰਗਣ ਭਾਜਪਾ ਆਗੂ ਗਰੇਵਾਲ: ਅਕਾਲੀ ਦਲ