ਅਕਾਲੀ ਵਰਕਰਾਂ ਵੱਲੋਂ ਡੀਜੀਪੀ ਖ਼ਿਲਾਫ਼ ਰੋਸ ਮੁਜ਼ਾਹਰਾ

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦਿੱਤੇ ਬਿਆਨ ਦੇ ਰੋਸ ਵਜੋਂ ਅੱਜ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਡੀਜੀਪੀ ਦਿਨਕਰ ਗੁਪਤਾ ਖ਼ਿਲਾਫ਼ ਮੁਜ਼ਾਹਰਾ ਕਰਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਡੀਜੀਪੀ ਦਿਨਕਰ ਗੁਪਤਾ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਾਂਗਰਸ ਪਾਰਟੀ ਨੂੰ ਡੀਜੀਪੀ ਦੇ ਬਿਆਨ ’ਤੇ ਸਟੈਂਡ ਸਪੱਸ਼ਟ ਕਰਨ ਲਈ ਵੀ ਕਿਹਾ।
ਯੂਥ ਅਕਾਲੀ ਦਲ ਨੇ ਪਹਿਲਾਂ ਘੰਟਾ ਘਰ ਚੌਕ ਵਿੱਚ ਪੁਤਲਾ ਫੂਕ ਮੁਜ਼ਾਹਰਾ ਕਰਨਾ ਸੀ ਪਰ ਪੁਲੀਸ ਵੱਲੋਂ ਉੱਥੇ ਪੁਤਲਾ ਫੂਕਣ ਦੀ ਇਜਾਜ਼ਤ ਨਾ ਦੇਣ ’ਤੇ ਵਰਕਰ ਨਾਅਰੇਬਾਜ਼ੀ ਕਰਦਿਆਂ ਚੌੜਾ ਬਾਜ਼ਾਰ ਆ ਗਏ ਜਿਥੇ ਉਨ੍ਹਾਂ ਅਕਾਲ ਮਾਰਕੀਟ ਦੇ ਬਾਹਰ ਪੁਤਲਾ ਫੂਕਿਆ। ਗੋਸ਼ਾ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦਾ ਇਹ ਬਿਆਨ ਕਿ ਕਰਤਾਰਪੁਰ ਸਾਹਿਬ ਲਾਂਘੇ ਵਿੱਚ ਅਤਿਵਾਦੀ ਬਣਾਉਣ ਦੀ ਸੰਭਾਵਨਾ ਹੈ, ਨਾਲ ਸਮੁੱਚੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਖ਼ਿਲਾਫ਼ ਬਿਆਨ ਦਿੰਦੇ ਸਨ ਅਤੇ ਹੁਣ ਉਸੇ ਤਰਜ਼ ’ਤੇ ਡੀਜੀਪੀ ਦੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਕਦੇ ਵੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਨਹੀਂ ਖੋਲ੍ਹਣਾ ਚਾਹੁੰਦੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਹੋਰ ਕਾਂਗਰਸੀ ਮੰਤਰੀ ਕਰਤਾਰਪੁਰ ਸਾਹਿਬ ਗਏ ਸਨ ਅਤੇ ਡੀਜੀਪੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਉਪਰੰਤ ਅੱਤਵਾਦੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾਂ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਪਰ ਹੁਣ ਅਕਾਲੀ ਦਲ ਕਾਂਗਰਸ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਅਜਿਹੇ ਬਿਆਨ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਵਰੁਣ ਮਲਹੋਤਰਾ, ਰੂਬਲ ਢੱਲ , ਰਮਨਦੀਪ ਸਿੰਘ ਖਾਲਸਾ, ਅਮਨਦੀਪ ਸਿੰਘ, ਪਾਰਸ, ਸ਼ੈਰੀ, ਜਸਵੰਤ ਸਿੰਘ ਜੱਸੀ, ਕਰਨਵੀਰ ਦੁੱਗਰੀ, ਗਗਨਦੀਪ ਸਿੰਘ ਵਿੰਕਲ, ਤਰਨਦੀਪ ਸਿੰਘ ਸੰਨੀ ਆਦਿ ਵੀ ਹਾਜ਼ਰ ਸਨ।

Previous articleਨਾਗਰਿਕਤਾ ਸੋਧ ਕਾਨੂੰਨ ਤੇ ਰਾਖਵੇਂਕਰਨ ਬਾਰੇ ਫ਼ੈਸਲੇ ਖ਼ਿਲਾਫ਼ ਰੋਸ ਮੁਜ਼ਾਹਰੇ ਤੇ ਧਰਨੇ
Next articleਏਸ਼ਿਆਈ ਕੁਸ਼ਤੀ ’ਚ ਜਤਿੰਦਰ ਦੀ ਚਾਂਦੀ