ਅਕਾਲੀ ਦਲ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਿਆ: ਜਾਖੜ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰੀਦਕੋਟ ਵਿੱਚ ਕੀਤੀ ਗਈ ਰੈਲੀ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠਲਾ ਅਕਾਲੀ ਦਲ ਤਿੰਨ ਸਾਲ ਬਾਅਦ ਉਸੇ ਜ਼ਿਲ੍ਹੇ ਵਿੱਚ ਜਸ਼ਨ ਮਨਾ ਰਿਹਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ ਤੇ ਅਕਾਲੀ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟਾ ਰਹੀਆਂ ਸੰਗਤਾਂ ’ਤੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਕਿਹਾ ਕਿ ਫਰੀਦਕੋਟ ਵਿੱਚ ਰੈਲੀ ਕਰ ਕੇ ਸੁਖਬੀਰ ਬਾਦਲ ਨੇ ਆਪਣੇ ਹੰਕਾਰ ਦਾ ਪ੍ਰਗਟਾਵਾ ਕੀਤਾ ਕਿ ਉਸ ਨੂੰ ਪੀੜਤ ਪਰਿਵਾਰ ਜਾਂ ਪੰਥ ਨਾਲ ਕੋਈ ਲਾਗਾ ਦੇਗਾ ਨਹੀਂ ਹੈ।
ਸ੍ਰੀ ਜਾਖੜ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰੈਲੀ ਇਹੀ ਸਿੱਧ ਕਰਨ ਲਈ ਕੀਤੀ ਗਈ ਹੈ ਤਿੰਨ ਸਾਲ ਪਹਿਲਾਂ ਉਸ ਦੀ ਸਰਕਾਰ ਵੱਲੋਂ ਗੋਲੀ ਚਲਾਉਣ ਦੇ ਜਿਹੜੇ ਹੁਕਮ ਦਿੱਤੇ ਸਨ ਉਹ ਠੀਕ ਸਨ ਅਤੇ ਉਹ ਅੱਜ ਵੀ ਇਸ ਲਈ ਮੁਆਫ਼ੀ ਮੰਗਣ ਲਈ ਤਿਆਰ ਨਹੀਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਫਰੀਦਕੋਟ ਦੀ ਰੈਲੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਮਾਡਰਨ ਅਕਾਲੀ ਦਲ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਅਕਾਲੀ ਦਲ ਹੀ ਬਹਿਬਲ ਕਲਾਂ ਤੇ ਬਰਗਾੜੀ ਵਿਚ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਇਸ ਰੈਲੀ ਨੂੰ ਪੀੜਤ ਪਰਿਵਾਰਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੇ ਤੁੱਲ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਇਨਸਾਫ਼ ਮੰਗ ਰਹੇ ਹਨ ਤੇ ਸੁਖਬੀਰ ਡੇਰਾਮੁਖੀ ਨੂੰ ਖੁਸ਼ ਕਰਨ ਲਈ ਜਸ਼ਨ ਮਨਾ ਰਿਹਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਲੋਕਾਂ ਦਾ ਸੁਖਬੀਰ ਬਾਦਲ ਪ੍ਰਤੀ ਜਿਹੜਾ ਗੁੱਸਾ ਹੈ ਉਹ ਹੁਣ ਭਾਰੀ ਨਫ਼ਰਤ ਵਿਚ ਬਦਲ ਗਿਆ ਹੈ।
ਸੁਖਬੀਰ ਨੂੰ ਲੋਕਾਂ ਦੇ ਅਜਿਹੇ ਗੁੱਸੇ ਤੋਂ ਬਚਾਉਣ ਲਈ ਹੀ ਸਰਕਾਰ ਨੇ ਰੈਲੀ ਲਈ ਪ੍ਰਵਾਨਗੀ ਦੇਣ ਤੋਂ ਮਨ੍ਹਾਂ ਕੀਤਾ ਸੀ। ਸੁਖਬੀਰ ਬਾਦਲ ਅੱਜ ਤੱਕ ਵੀ ਨਹੀਂ ਦੱਸ ਸਕੇ ਹਨ ਕਿ ਗੋਲੀ ਚਲਾਉਣ ਦੇ ਹੁਕਮ ਕੀਹਨੇ ਦਿੱਤੇ ਸਨ ਅਤੇ ਬੇਅਦਬੀ ਦੀਆਂ ਘਟਨਾਵਾਂ ਲਈ ਕੋਣ ਦੋਸ਼ੀ ਸੀ? ਇਕ ਹੋਰ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਪੈਟਰੋਲ ਦੇ ਭਾਅ ਸੈਂਕੜੇ ਤੋਂ ਪਾਰ ਨਾ ਜਾਣ ਤਾਂ ਇਸ ਲਈ ਅਗਲੀਆਂ ਆਮ ਚੋਣਾਂ ਵਿਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਹੁਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਪਿਛੋਕੜ ਚਾਹੇ ਜੋ ਮਰਜ਼ੀ ਰਿਹਾ ਹੋਵੇ ਪਰ ਅੱਜ-ਕੱਲ੍ਹ ਉਨ੍ਹਾਂ ਦਾ ਦਿਲ ਪੂੰਜੀਪਤੀਆਂ ਲਈ ਧੜਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਮ ਆਦਮੀ ਦੇ ਹਿੱਤ ਦਾਅ ’ਤੇ ਲਾ ਕੇ ਪੂੰਜੀਪਤੀਆਂ ਦੇ ਹਿੱਤ ਸਾਧਨ ਵਿਚ ਲੱਗੇ ਹੋਏ ਹਨ।

Previous articleਹਰਿਆਣਾ ਜਬਰ ਜਨਾਹ ਮਾਮਲਾ: ਮੁੱਖ ਮੁਲਜ਼ਮ ਸਮੇਤ ਤਿੰਨ ਗ੍ਰਿਫ਼ਤਾਰ
Next article‘ਰਾਵਣ’ ਵੱਲੋਂ ਭੂਆ ਆਖੇ ਜਾਣ ਤੋਂ ਮਾਇਆਵਤੀ ਖ਼ਫਾ