ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ

ਗੋਲੀਆਂ ਮਾਰਨ ਮਗਰੋਂ ਲੱਤਾਂ ਵੱਢੀਆਂ

ਬਟਾਲਾ- ਇੱਥੋਂ ਨੇੜਲੇ ਪਿੰਡ ਢਿੱਲਵਾਂ ’ਚ ਅਕਾਲੀ ਆਗੂ ਦਾ ਗੋਲੀਆਂ ਮਾਰਨ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵੇਰਵਿਆਂ ਮੁਤਾਬਕ ਮ੍ਰਿਤਕ ਸਾਬਕਾ ਸਰਪੰਚ ਦਲਬੀਰ ਸਿੰਘ ਉਰਫ਼ ਪੱਪੂ (55) ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜ਼ਿਲ੍ਹਾ ਗੁਰਦਾਸਪੁਰ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਸੀ। ਸੋਮਵਾਰ ਰਾਤ ਕਰੀਬ ਸਾਢੇ 8 ਵਜੇ ਰੋਟੀ ਖਾਣ ਤੋਂ ਬਾਅਦ ਜਦ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਕੁਝ ਹਮਲਾਵਰਾਂ ਨੇ ਪਹਿਲਾਂ ਉਸ ਦੇ ਗੋਲੀਆਂ ਮਾਰੀਆਂ ਤੇ ਬਾਅਦ ਵਿਚ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਹਮਲਾਵਰਾਂ ਨੇ ਦਲਬੀਰ ਦੀਆਂ ਲੱਤਾਂ ਹੀ ਵੱਢ ਦਿੱਤੀਆਂ। ਵੇਰਵਿਆਂ ਮੁਤਾਬਕ ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਕਿਸੇ ਗੱਲ ਤੋਂ ਤਕਰਾਰ ਹੋਇਆ ਸੀ ਤੇ ਪਿੰਡ ਵਾਸੀਆਂ ਨੇ ਸਮਝੌਤਾ ਕਰਵਾਇਆ ਸੀ। ਪੁਲੀਸ ਮੁਤਾਬਕ ਦਲਬੀਰ ਸਿੰਘ ਦੇ ਹਮਲਾਵਰਾਂ ਨੇ ਛੇ ਗੋਲੀਆਂ ਮਾਰੀਆਂ। ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ 7 ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਕਤਲ ਯੋਜਨਾਬੱਧ ਢੰਗ ਨਾਲ ਨਹੀਂ ਸਗੋਂ ਤਕਰਾਰ ਕਾਰਨ ਹੋਇਆ ਹੈ। ਮ੍ਰਿਤਕ ਦੇ ਲੜਕੇ ਸੰਦੀਪ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਪਿਤਾ ’ਤੇ ਬਲਵਿੰਦਰ ਸਿੰਘ, ਉਸ ਦੇ ਪੁੱਤਰ ਮਨਦੀਪ ਸਿੰਘ, ਮੇਜਰ ਸਿੰਘ ਵਾਸੀ ਪਿੰਡ ਢਿੱਲਵਾਂ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ।

ਅਕਾਲੀ ਦਲ ਨੇ ਕਾਂਗਰਸੀ ਧਿਰ ਨੂੰ ਦੋਸ਼ੀ ਠਹਿਰਾਇਆ

ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਕਤਲ ਕਾਂਗਰਸੀ ਧਿਰ ਦੀ ਸ਼ਹਿ ’ਤੇ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਦੋਸ਼ ਲਾਏ ਕਿ ਇਹ ਕਤਲ ਕਾਂਗਰਸ ਦੀ ਸ਼ਹਿ ’ਤੇ ਕੀਤਾ ਗਿਆ ਹੈ। ਡੀਐੱਸਪੀ (ਫਤਿਹਗੜ੍ਹ ਚੂੜੀਆਂ) ਬਲਬੀਰ ਸਿੰਘ ਅਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰ ਰਹੀ ਹੈ।

Previous articleJoan Collins hates wearing jeans
Next articleShriya would learn a musical instrument if kept under house arrest