ਹੜ੍ਹਾਂ ਦੀ ਸਥਿਤੀ ’ਚ ਸੁਧਾਰ: ਧਰਮਕੋਟ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ

ਧਰਮਕੋਟ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ, ਜੋ ਸੋਮਵਾਰ ਨੂੰ ਖਤਰੇ ਦੇ ਪੱਧਰ 724 ਫੁੱਟ ’ਤੇ ਪਹੁੰਚ ਗਿਆ ਸੀ, ਵਿੱਚ ਅੱਜ ਤਿੰਨ ਫੁੱਟ ਦੀ ਗਿਰਾਵਟ ਹੋ ਜਾਣ ਕਾਰਣ ਨਦੀ ਕਿਨਾਰੇ ਵਸੇ ਲੋਕਾਂ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਇਸ ਮੌਕੇ ਐੱਨਡੀਆਰਐੱਫ ਇੰਸਪੈਕਟਰ ਰਾਹੁਲ ਪ੍ਰਤਾਪ ਸਿੰਘ ਅਤੇ ਸਬ-ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਦੱਸਿਆ ਕਿ 22 ਮੈਂਬਰੀ ਐੱਨਡੀਆਰਐੱਫ ਦੀ ਟੀਮ ਨੇ ਪੰਜ ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ, ਕੰਬੋ ਖੁਰਦ, ਭੈਣੀ, ਮਹਿਰੂਵਾਲ ਅਤੇ ਸ਼ੇਰੇਵਾਲਾ ਵਾਸੀਆਂ 450 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਨਦੀ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਰਹੇਗਾ ਤਾਂ ਜੋ ਉਹ ਕਿਸੇ ਵੀ ਤਰਾਂ ਦੀ ਐਮਰਜੈਂਸੀ ਅਤੇ ਬਚਾਅ ਕਾਰਜਾਂ ਨੂੰ ਲੋੜ ਪੈਣ ’ਤੇ ਸੰਭਾਲ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਐੱਨਡੀਆਰਐੱਫ ਦੀ ਇੱਕ ਕੰਪਨੀ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਧਰਮਕੋਟ ਸਬ-ਡਿਵੀਜ਼ਨ ਵਿਚ ਲਗਭਗ 28 ਹੜ੍ਹ ਪ੍ਰਭਾਵਿਤ ਪਿੰਡ ਪੈਂਦੇ ਹਨ। ਹੜ੍ਹਾਂ ਵਿੱਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਰਾਹਤ ਕੇਂਦਰ ਧਰਮਕੋਟ, ਕਿਸ਼ਨਪੁਰਾ ਕਲਾਂ, ਕਲਾਂ, ਖੰਬਾ ਅਤੇ ਫਤਹਿਗੜ੍ਹ ਪੰਜਤੂਰ ਲਿਜਾਇਆ ਜਾ ਰਿਹਾ ਹੈ, ਜਿੱਥੇ ਖਾਣ-ਪੀਣ ਅਤੇ ਰਾਹਤ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਲੋਕਾਂ ਦੇ ਇਲਾਜ ਲਈ ਸਾਰੇ ਕੇਂਦਰਾਂ ’ਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪਿੰਡ ਰੇੜ੍ਹਵਾਂ ਵਿਚ ਐਮਰਜੈਂਸੀ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ।