ਹੋਲੇ ਮਹੱਲੇ ’ਤੇ ਡਿਊਟੀ ਦੇ ਕੇ ਆਏ 30 ਪੁਲੀਸ ਮੁਲਾਜ਼ਮਾਂ ਦੀ ਜਾਂਚ

ਫਰੀਦਕੋਟ ਜ਼ਿਲ੍ਹੇ ਦੇ 30 ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਅੱਜ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਸਿਹਤ ਦੀ ਜਾਂਚ ਕੀਤੀ ਗਈ। ਇਹ ਸਾਰੇ ਮੁਲਾਜ਼ਮ ਅਤੇ ਅਧਿਕਾਰੀ 5 ਤੋਂ ਲੈ ਕੇ 12 ਮਾਰਚ ਤੱਕ ਹੋਲੇ ਮਹੱਲੇ ’ਤੇ ਆਨੰਦਪੁਰ ਸਾਹਿਬ ਸਰਕਾਰੀ ਡਿਊਟੀ ਦੇ ਕੇ ਆਏ ਸਨ। ਮੁੱਢਲੀ ਸਿਹਤ ਪੜਤਾਲ ਤੋਂ ਬਾਅਦ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਪੁਲੀਸ ਮੁਲਾਜ਼ਮ ਵਿੱਚ ਕਰੋਨਾ ਵਾਇਰਸ ਦੇ ਮੁੱਢਲੇ ਲੱਛਣ ਨਹੀਂ ਦੇਖੇ ਗਏ। ਪੁਲੀਸ ਅਧਿਕਾਰੀਆਂ ਨੇ ਸਾਰੇ ਮੁਲਾਜ਼ਮਾਂ ਨੂੰ ਚੌਕਸੀ ਵਰਤਣ ਅਤੇ ਭੀੜ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸੇ ਦਰਮਿਆਨ ਜ਼ਿਲ੍ਹਾ ਪੁਲੀਸ ਮੁਖੀ ਮਨਜੀਤ ਸਿੰਘ ਢੇਸੀ ਅਤੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਅਤੇ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਅਤੇ ਪੁਲੀਸ ਮੁਖੀ ਨੇ ਕਿਹਾ ਕਿ ਬਿਨਾਂ ਵਜ੍ਹਾ ਸ਼ਹਿਰ ’ਚ ਘੁੰਮਣ ਵਾਲੇ ਨੌਜਵਾਨਾਂ ਦੀ ਕਲਾਸ ਵੀ ਲਾਈ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਨੰਦਪੁਰ ਸਾਹਿਬ ਹੋਲੇ ਮਹੱਲੇ ’ਤੇ ਜਾਣ ਵਾਲੇ ਸਾਰੇ ਨਾਗਰਿਕਾਂ ਨੂੰ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਨਾਲ ਤੁਰੰਤ ਸੰਪਰਕ ਕਰਨ ਲਈ ਕਿਹਾ ਹੈ ਅਤੇ ਇਸ ਤੋਂ ਇਲਾਵਾ ਇਲਾਕੇ ’ਚ ਮੁਨਾਦੀ ਵੀ ਕਰਵਾਈ ਜਾ ਰਹੀ ਹੈ।