ਹਾਲੇ ਖ਼ਤਰਾ ਟਲਿਆ ਨਹੀਂ…

ਸੁਖਦੇਵ ਸਿੰਘ

(ਸਮਾਜ ਵੀਕਲੀ)

ਉਸ ਦਿਨ ਸ਼ਨਿੱਚਰਵਾਰ ਸੀ। ਸਿਮਰ ਦੇ ਪਾਪਾ ਦਾ ਦਫ਼ਤਰ ਬੰਦ ਸੀ ਤੇ ਮੇਰਾ ਸਕੂਲ ਖੁੱਲ੍ਹਾ। ਮੈਂ ਆਪਣੀ ਨੌਂ ਕੁ ਸਾਲਾਂ ਦੀ ਧੀ ਨੂੰ ਰੋਜ਼ ਦੀ ਤਰ੍ਹਾਂ ਜਗਾਇਆ। ਉਹ ਮੇਰੇ ਨਾਲ ਹੀ ਮੇਰੇ ਸਕੂਲ ਜਾਂਦੀ ਹੈ ਕਿਉਂਕਿ ਕਰੋਨਾ ਕਾਰਨ ਉਸ ਦਾ ਸਕੂਲ ਬੰਦ ਹੈ। ਉਸ ਦਾ ਹੀ ਨਹੀਂ, ਸਭ ਬੱਚਿਆਂ ਦੇ ਸਕੂਲ ਕਾਲਜ ਬੰਦ ਨੇ। ਪਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਮ ਦਿਨਾਂ ਵਾਂਗੂੰ ਹੀ ਅਧਿਆਪਕਾਂ ਨੂੰ ਸਕੂਲ ਵਿੱਚ ਹਾਜ਼ਰ ਰਹਿਣਾ ਪੈਂਦਾ ਹੈ। ਕਿਉਂਕਿ ਘਰ ਵਿੱਚ ਮੇਰੀ ਧੀ ਨੂੰ ਸਾਂਭਣ ਲਈ ਕੋਈ ਨਹੀਂ ਹੈ ਤੇ ਹਾਲੇ ਛੋਟੀ ਹੋਣ ਕਾਰਨ ’ਕੱਲੀ ਘਰ ਵੀ ਨਹੀਂ ਰਹਿ ਸਕਦੀ। ਇਸ ਲਈ ਨਾ ਚਾਹੁੰਦਿਆਂ ਵੀ ਉਸ ਨੂੰ ਮੇਰੇ ਨਾਲ ਮੇਰੇ ਸਕੂਲ ਜਾਣਾ ਪੈਂਦਾ ਹੈ।

ਭਾਵੇਂ ਸ਼ਨਿੱਚਰਵਾਰ ਸੀ, ਫੇਰ ਵੀ ਸਿਮਰ ਦੇ ਪਾਪਾ ਤੜਕੇ ਉੱਠ, ਤਿਆਰ ਹੋ, ਗੱਡੀ ਸਟਾਰਟ ਕਰਨ ਲੱਗੇ। ਉਂਜ ਜਦੋਂ ਦਫ਼ਤਰ ਜਾਂਦੇ ਤਾਂ ਘਰੋਂ ਪੌਣੇ ਕੁ ਨੌਂ ਵਜੇ ਨਿਕਲਦੇ ਕਿਉਂ ਜੋ ਪੰਜ-ਸੱਤ ਮਿੰਟ ਤਾਂ ਲੱਗਦੇ ਨੇ ਉਨ੍ਹਾਂ ਦੇ ਦਫ਼ਤਰ ਪਹੁੰਚਣ ਵਿਚ, ਪਰ ਛੁੱਟੀ ਵਾਲੇ ਦਿਨ ਸਾਝਰੇ ਉੱਠ ਘਰੋਂ ਨਿਕਲਣਾ ਉਨ੍ਹਾਂ ਦਾ ਪਿਛਲੇ ਕਈ ਸਾਲਾਂ ਤੋਂ ਨਿੱਤ ਨੇਮ ਹੈ। ਉਹ ਛੁੱਟੀ ਵਾਲੇ ਦਿਨ ਪਿੰਡ ਹੋ ਆਉਂਦੇ ਕਿਉਂਕਿ ਪਿੰਡ ਨਾਲ ਉਨ੍ਹਾਂ ਦਾ ਗੂੜ੍ਹਾ ਮੋਹ ਹੈ। ਉਂਜ ਵੀ ਬੰਦਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੀ ਚੰਗਾ ਲੱਗਦਾ ਹੈ। ਭਾਵੇਂ ਆਪਣੇ ਪਿੰਡ ਤੋਂ ਦੂਰ ਰਹਿਣਾ ਸਾਡੀ ਮਜਬੂਰੀ ਹੈ ਕਿਉਂਕਿ ਸਾਡੀ ਦੋਵਾਂ ਦਾ ਰਿਜ਼ਕ ਇੱਥੇ ਸ਼ਹਿਰ ਵਿੱਚ ਹੈ। ਮੈਂ ਤੇ ਮੇਰੀ ਧੀ ਵੀ ਮਹੀਨੇ ਕੁ ਬਾਅਦ ਜ਼ਰੂਰ ਗੇੜਾ ਮਾਰ ਆਉਂਦੇ, ਪਰ ਹਰੇਕ ਹਫ਼ਤੇ ਜਾਣਾ ਸਾਡੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵੱਸੋਂ ਬਾਹਰ ਦੀ ਗੱਲ ਹੈ। ਕਿਉਂ ਜੋ ਹਫ਼ਤੇ ਭਰ ਦੀ ਭੱਜ ਦੌੜ ਤੋਂ ਬਾਅਦ ਆਰਾਮ ਅਤੇ ਬਹੁਤ ਸਾਰੇ ਅਧੂਰੇ ਪਏ ਕੰਮਾਂ ਲਈ ਐਤਵਾਰ ਦਾ ਦਿਨ ਹੀ ਉੱਘੜ ਕੇ ਸਾਹਮਣੇ ਆਉਂਦਾ।

ਸਿਮਰ ਦੇ ਪਾਪਾ ਆਮ ਤੌਰ ’ਤੇ ਸ਼ਨਿੱਚਰਵਾਰ ਅਤੇ ਐਤਵਾਰ ਪਿੰਡ ਹੀ ਬਿਤਾਉਂਦੇ। ਪਿੱਛੋਂ ਅਸੀਂ ਦੋਵੇਂ ਮਾਵਾਂ ਧੀਆਂ ਆਪੋ ਆਪਣੀਆਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਨੂੰ ਸਾਂਭੀ ਰੱਖਦੀਆਂ। ਕਦੀ ਕਦੀ ਆਪਣੀ ਧੀ ਨੂੰ ਖ਼ੁਸ਼ ਰੱਖਣ ਲਈ ਮੈਂ ਬੱਚੀ ਬਣ ਉਸ ਨਾਲ ਖੇਡਦੀ ਤੇ ਕਦੀ ਕਦੀ ਜਦੋਂ ਮੇਰੀ ਧੀ ਮੇਰੀ ਮਾਂ ਵਾਂਗੂੰ ਮੈਨੂੰ ਨਸੀਹਤਾਂ ਦਿੰਦੀ ਮੇਰੀ ਮਾਂ ਹੀ ਜਾਪਦੀ ਤਾਂ ਮੈਂ ਮੋਹ ਨਾਲ ਉਸ ਨੂੰ ਆਪਣੀ ਬੁੱਕਲ ’ਚ ਕੱਜ ਲੈਂਦੀ।

ਉਸ ਸ਼ਨਿੱਚਰਵਾਰ ਵੀ ਸਿਮਰ ਦੇ ਪਾਪਾ ਪਿੰਡ ਚਲੇ ਗਏ। ਉਹ ਐਤਵਾਰ ਰਾਤੀਂ ਦਸ ਕੁ ਵਜੇ ਘਰ ਪਰਤੇ। ਆਉਂਦੇ ਸਾਰ ਆਖਣ ਲੱਗੇ, ‘‘ਅੱਜ ਸਿਹਤ ਕੁਝ ਢਿੱਲੀ ਜਿਹੀ ਜਾਪ ਰਹੀ ਹੈ। ਇੰਜ ਲੱਗਦੈ ਜਿਵੇਂ ਸਰੀਰ ’ਚ ਜਾਨ ਹੀ ਨਾ ਹੋਵੇ। ਸਰੀਰ ਬਹੁਤ ਟੁੱਟਿਆ ਟੁੱਟਿਆ ਮਹਿਸੂਸ ਹੋ ਰਿਹਾ।’’ ਆਖਦੇ ਆਖਦੇ ਖੰਘਣ ਲੱਗੇ। ਉਨ੍ਹਾਂ ਦੀਆਂ ਗੱਲਾਂ ਸੁਣ ਤੇ ਖੰਘਦੇ ਵੇਖ ਮੇਰਾ ਮੱਥਾ ਠਣਕਿਆ। ਮੇਰੇ ਮਨ ਵਿੱਚ ਅਚਾਨਕ ਹੀ ਕਰੋਨਾ ਦੀ ਸੰਭਾਵਨਾ ਨੇ ਦਸਤਕ ਦਿੱਤੀ। ਮੇਰੀ ਧੀ ਮੇਰੇ ਕੋਲ ਹੀ ਖੜ੍ਹੀ ਸੀ। ਮੈਂ ਸੋਚਣ ਲੱਗੀ ਕਿ ਜੇਕਰ ਸੱਚਮੁੱਚ ਹੀ ਕਰੋਨਾ ਹੋਇਆ ਤਾਂ ਹੋਰ ਪਰਿਵਾਰਾਂ ਵਾਂਗੂੰ ਅਸੀਂ ਸਾਰਿਆਂ ਨੇ ਵੀ ਕਰੋਨਾ ਦੀ ਦਹਿਸ਼ਤ ਵਿੱਚ ਲਪੇਟਿਆ ਜਾਣਾ ਹੈ।

ਮੈਨੂੰ ਆਪਣੀ ਤਾਂ ਕੋਈ ਫ਼ਿਕਰ ਨਹੀਂ ਹੋਈ, ਪਰ ਪਤੀ ਅਤੇ ਧੀ ਦੀ ਫ਼ਿਕਰ ਨੇ ਮੇਰੇ ਮਨ ਨੂੰ ਬਹੁਤ ਝੰਜੋੜਿਆ। ਮੈਂ ਤੇ ਮੇਰੀ ਧੀ ਦੂਸਰੇ ਕਮਰੇ ਵਿੱਚ ਸੌਂ ਗਈਆਂ। ਮੈਂ ਸਾਰੀ ਰਾਤ ਹੀ ਆਪਣੇ ਪਤੀ ਤੇ ਧੀ ਦੀ ਸਿਹਤ ਲਈ ਫ਼ਿਕਰਾਂ ਵਿੱਚ ਘੁਲ਼ਦੀ ਰਹੀ। ਸਵੇਰੇ ਸਿਮਰ ਦੇ ਪਾਪਾ ਨੂੰ ਪੁੱਛਿਆ, ‘‘ਸਿਹਤ ਕਿਵੇਂ ਹੈ?’’

ਤਾਂ ਆਖਣ ਲੱਗੇ, ‘‘ਬੁਖਾਰ ਲੱਗਦੈ।’’

ਜਦੋਂ ਚੈੱਕ ਕੀਤਾ ਤਾਂ ਸੱਚਮੁਚ ਇੱਕ ਸੌ ਦੋ ਬੁਖ਼ਾਰ। ਮੈਂ ਉਸੇ ਵਕਤ ਆਪਣੀ ਧੀ ਦੇ ਕੱਪੜੇ ਪੈਕ ਕੀਤੇ ਅਤੇ ਉਸ ਨੂੰ ਉਸ ਦੇ ਨਾਨਕੇ ਛੱਡ ਆਈ ਕਿਉਂਕਿ ਮੇਰੇ ਪੇਕੇ ਵੀ ਇਸੇ ਸ਼ਹਿਰ ਵਿੱਚ ਹਨ। ਭਾਵੇਂ ਮੈਂ ਸਕੂਲ ਤੋਂ ਛੁੱਟੀ ਲੈਣ ਦੀ ਸੋਚ ਰਹੀ ਸਾਂ, ਪਰ ਇਹ ਆਪਣੇ ਦਫ਼ਤਰ ਜਾਣ ਲਈ ਤਿਆਰ ਹੋਣ ਲੱਗੇ ਤਾਂ ਮੈਂ ਵੀ ਇਨ੍ਹਾਂ ਨੂੰ ਦਵਾਈ ਲੈਣ ਲਈ ਆਖ ਆਪਣੇ ਸਕੂਲ ਲਈ ਤੁਰ ਪਈ। ਸਕੂਲ ਵਿੱਚ ਵੀ ਮੈਂ ਫ਼ਿਕਰਾਂ ਨਾਲ ਘਿਰੀ ਰਹੀ। ਇਸ ਜੱਦੋਜਹਿਦ ਵਿੱਚ ਸੋਮਵਾਰ ਗੁਜ਼ਰ ਗਿਆ। ਮੰਗਲਵਾਰ ਫਿਰ ਸਰਕਾਰੀ ਛੁੱਟੀ ਹੋਣ ਕਾਰਨ ਇਹ ਤੜਕੇ ਚਾਰ ਕੁ ਵਜੇ ਉੱਠ ਪਿੰਡ ਜਾਣ ਲਈ ਤਿਆਰ ਹੋ ਗਏ।

ਮੈਨੂੰ ਸੁੱਤੀ ਨੂੰ ਜਗਾ ਆਖਣ ਲੱਗੇ, ‘‘ਮੈਂ ਪਿੰਡ ਚੱਲਿਆ। ਗੇਟ ਲਗਾ ਲਓ। ਖੇਤਾਂ ’ਚ ਕਣਕ ਪਈ ਵੱਢੀ ਹੋਈ। ਮੰਡੀ ਦਾਣੇ ਸੁੱਟ ਕੇ ਆਉਣੇ ਐ।’’ ਨੀਂਦ ਵਿੱਚ ਅੱਖਾਂ ਮਲਦੀ ਮਲਦੀ ਮੈਂ ਗੇਟ ਬੰਦ ਕਰ ਮੁੜ ਸੌਂ ਗਈ। ਇਹ ਉਸ ਰਾਤ ਵੀ ਦੇਰ ਨਾਲ ਪਰਤੇ।

ਸਿਹਤ ਬਾਰੇ ਪੁੱਛਣ ’ਤੇ ਆਖਣ ਲੱਗੇ, ‘‘ਖੰਘ ਨੇ ਮੱਤ ਮਾਰੀ ਪਈ। ਬੁਖਾਰ ਵੀ ਪੱਕਾ ਡੇਰਾ ਜਮਾ ਕੇ ਬੈਠ ਗਿਆ।’’ ਦਵਾਈ ਬਾਰੇ ਪੁੱਛਣ ’ਤੇ ਆਖਣ ਲੱਗੇ, ‘‘ਲੈ ਲਈ ਸੀ ਦਵਾਈ ਤਾਂ… ਪਰ ਦਵਾਈ ਨੇ ਭੋਰਾ ਅਸਰ ਨਹੀਂ ਕੀਤਾ।’’

ਮੈਂ ਇਨ੍ਹਾਂ ਨੂੰ ਅਗਲੇ ਦਿਨ ਬੁੱਧਵਾਰ ਮੁੜ ਟੈਸਟ ਕਰਵਾਉਣ ਲਈ ਕਿਹਾ ਕਿ ਮਾੜੇ ਵਕਤ ਦਾ ਕੋਈ ਪਤਾ ਨਹੀਂ ਹੁੰਦਾ, ਪਰ ਇਨ੍ਹਾਂ ਟੈਸਟ ਨਹੀਂ ਕਰਵਾਇਆ ਤੇ ਕਿਸੇ ਪ੍ਰਾਈਵੇਟ ਡਾਕਟਰ ਤੋਂ ਦਵਾਈ ਲੈ ਲਈ। ਵੀਰਵਾਰ ਨੂੰ ਇਨ੍ਹਾਂ ਦਾ ਖੰਘ ਨਾਲ ਬਹੁਤ ਮਾੜਾ ਹਾਲ ਸੀ। ਛਾਤੀ ਵਿੱਚ ਬਹੁਤ ਜਕੜਣ ਮਹਿਸੂਸ ਹੋਣ ਲੱਗੀ। ਤਕਰੀਬਨ ਸਾਰੀ ਰਾਤ ਬੈਠ ਕੇ ਕੱਢੀ। ਮੇਰੇ ਵਾਰ ਵਾਰ ਮਿੰਨਤਾਂ ਕਰਨ ’ਤੇ ਵੀ ਹਸਪਤਾਲ ਜਾਣ ਲਈ ਰਾਜ਼ੀ ਨਹੀਂ ਹੋਏ। ਮੈਂ ਇਨ੍ਹਾਂ ਨੂੰ ਵੇਖ ਵੇਖ ਆਪ ਵੀ ਰੋਣਹਾਕੀ ਹੋਈ ਪਈ ਸਾਂ। ਪਰ ਕੋਈ ਮੰਨੇ ਵੀ! ਪਤਾ ਨਹੀਂ ਕਿਉਂ ਟੈਸਟ ਕਰਵਾਉਣ ਤੋਂ ਇਹ ਬਹੁਤ ਹੀ ਕਤਰਾ ਰਹੇ ਸਨ। ਇਨ੍ਹਾਂ ਦੇ ਮਨ ਵਿੱਚ ਇੱਕੋ ਗੱਲ ਪਲ਼ ਰਹੀ ਸੀ ਕਿ ਟੈਸਟ ਰਿਪੋਰਟ ਕਰੋਨਾ ਪਾਜ਼ੇਟਿਵ ਹੀ ਦੱਸੇਗੀ। ਪਰ ਮੇਰਾ ਮੰਨਣਾ ਸੀ ਕਿ ਜਿੰਨੀ ਜਲਦੀ ਰਿਪੋਰਟ ਆਵੇ ਓਨੀ ਜਲਦੀ ਇਲਾਜ ਸ਼ੁਰੂ ਹੋ ਜਾਵੇਗਾ। ਕਿਉਂਕਿ ਰਿਪੋਰਟ ਪਾਜ਼ੇਟਿਵ ਨਾ ਹੋਣ ਦਾ ਕੋਈ ਕਾਰਨ ਹੀ ਨਹੀਂ ਸੀ ਬਚਿਆ। ਸਾਰੇ ਲੱਛਣ ਕਰੋਨਾ ਹੋਣ ਦੀ ਇੱਕ ਸੌ ਇੱਕ ਫ਼ੀਸਦੀ ਗਵਾਹੀ ਭਰਦੇ ਨਜ਼ਰ ਆ ਰਹੇ ਸਨ।

ਆਖ਼ਿਰ ਸ਼ੁੱਕਰਵਾਰ ਨੂੰ ਬਹੁਤ ਕੋਸ਼ਿਸ ਤੋਂ ਬਾਅਦ ਇਨ੍ਹਾਂ ਦਾ ਡਰ ਕੁਝ ਹੱਦ ਤਕ ਦੂਰ ਕਰਨ ਵਿੱਚ ਮੈਂ ਸਫ਼ਲ ਹੋ ਗਈ। ਇਹ ਸਵੇਰੇ ਹਸਪਤਾਲ ਟੈਸਟ ਲਈ ਚਲੇ ਗਏ। ਟੈਸਟ ਕਰਵਾ ਘਰ ਆ ਗਏ ਤੇ ਰਿਪੋਰਟ ਦੀ ਉਡੀਕ ਕਰਨ ਲੱਗੇ ਜਿਹੜੀ ਤੀਸਰੇ ਦਿਨ ਆਉਣੀ ਸੀ। ਇਨ੍ਹਾਂ ਤਿੰਨ ਦਿਨਾਂ ਦੌਰਾਨ ਪ੍ਰਾਈਵੇਟ ਡਾਕਟਰ ਦੀ ਲਿਖੀ ਦਵਾਈ ਨੇ ਵੀ ਬਹੁਤ ਵਧੀਆ ਅਸਰ ਵਿਖਾਇਆ। ਅਸਲ ਵਿਚ ਉਸ ਡਾਕਟਰ ਨੇ ਕਰੋਨਾ ਦੇ ਲੱਛਣ ਵੇਖ ਕਰੋਨਾ ਮਰੀਜ਼ ਨੂੰ ਦਿੱਤੀ ਜਾਣ ਵਾਲੀ ਦਵਾਈ ਹੀ ਲਿਖੀ ਸੀ। ਐਨੇ ਨੂੰ ਇਨ੍ਹਾਂ ਦੀ ਰਿਪੋਰਟ ਵੀ ਫ਼ੋਨ ’ਤੇ ਆ ਗਈ। ਜਿਸ ਦਾ ਡਰ ਸੀ ਭਾਵ ਮੈਨੂੰ ਪੱਕਾ ਯਕੀਨ ਸੀ ਉਹੀ ਹੋਇਆ। ਇਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਤੇ ਇਨ੍ਹਾਂ ਦਾ ਇਲਾਜ ਕਰੋਨਾ ਮਰੀਜ਼ ਵਾਂਗੂੰ ਸ਼ੁਰੂ ਹੋ ਗਿਆ। ਇਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਠੀਕ ਹੈ। ਭਾਵੇਂ ਪੂਰੀ ਤਰ੍ਹਾਂ ਠੀਕ ਹੋਣ ਲਈ ਅਜੇ ਵਕਤ ਲੱਗੇਗਾ।

ਮੇਰੀ ਧੀ ਜੋ ਕਦੇ ਵੀ ਮੈਥੋਂ ਦੂਰ ਨਹੀਂ ਸੀ ਰਹੀ, ਇੱਥੋਂ ਤੱਕ ਕਿ ਨਾਨਕੇ ਵੀ ਕਦੇ ’ਕੱਲੀ ਰਹਿ ਕੇ ਨਹੀਂ ਸੀ ਵੇਖਿਆ, ਜਦੋਂ ਮੈਂ ਨਾਨਕੇ ਛੱਡਣ ਦੀ ਗੱਲ ਤੋਰੀ ਉਦੋਂ ਖ਼ੁਸ਼ ਹੋ ਗਈ ਤੇ ਚਹਿਕ ਕੇ ਆਖਣ ਲੱਗੀ, ‘‘ਬੱਲੇ! ਬੱਲੇ! ਮਜ਼ਾ ਈ ਆ ਗਿਆ। ਪਹਿਲੀ ਵਾਰ ਇਕੱਲੀ ਨਾਨਕੇ ਰਹਾਂਗੀ।’’ ਕਿਉਂਕਿ ਨਾਨਕੇ ਘਰ ਉਸ ਦੇ ਹਾਣ ਦੀ ਉਸ ਦੇ ਮਾਮੇ ਦੀ ਧੀ ਵੀ ਹੈ ਤੇ ਇਹ ਦੋਵੇਂ ਕਦੀ ਰੁੱਸ ਪੈਂਦੀਆਂ, ਕਦੀ ਖੇਡਦੀਆਂ, ਕਦੀ ਮੰਨ ਜਾਂਦੀਆਂ ਤੇ ਕਦੀ ਖ਼ੂਬ ਲੜਦੀਆਂ। ਮੇਰੀ ਧੀ ਨੇ ਬੜੀ ਚਾਈਂ ਚਾਈਂ ਪੈਕ ਕੀਤਾ ਬੈਗ ਮੋਢੇ ਪਾ ਲਿਆ। ਜਦੋਂ ਮੈਂ ਛੱਡ ਕੇ ਆਈ ਉਦੋਂ ਵੀ ਖ਼ੁਸ਼ੀ ਵਿੱਚ ਛਾਲਾਂ ਮਾਰ ਰਹੀ ਸੀ, ਪਰ ਮੇਰਾ ਮਨ ਉਦਾਸ ਸੀ। ਉਸ ਦੀ ਸਲਾਮਤੀ ਲਈ ਉਸ ਤੋਂ ਦੂਰ ਰਹਿਣ ਦੀ ਉਦਾਸੀ ਮੇਰੇ ਮਨ ਨੂੰ ਘੇਰੀ ਬੈਠੀ ਸੀ। ਮੈਂ ਕਿਵੇਂ ਦਿਲ ’ਤੇ ਪੱਥਰ ਧਰ ਘਰ ਪਰਤੀ ਇਹ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ।

ਦੂਜੇ ਦਿਨ ਹੀ ਮੇਰੀ ਧੀ ਦਾ ਫ਼ੋਨ ਆ ਗਿਆ। ਵੀਡੀਓ ਕਾਲ ਕਰ ਕੇ ਰੋਣ ਲੱਗੀ, ‘‘ਮੰਮੀ! ਮੰਮੀ! ਮੈਨੂੰ ਮਿਲਣ ਵੀ ਨਹੀਂ ਆਏ ਤੁਸੀਂ? ਮੈਨੂੰ ਲੈ ਜਾਓ ਅੱਜ। ਮੇਰਾ ਨਹੀਂ ਜੀਅ ਲੱਗਦਾ ਤੁਹਾਡੇ ਬਿਨਾਂ।’’ ਉਹਦੇ ਹਟਕੋਰਿਆਂ ਨੇ ਮੇਰੀ ਰੂਹ ਨੂੰ ਹਲੂਣ ਕੇ ਰੱਖ ਦਿੱਤਾ। ਅਸੀਂ ਦੋਵੇਂ ਆਹਮੋ ਸਾਹਮਣੇ ਫੋਨ ’ਤੇ ਰੋ ਰਹੀਆਂ ਸਾਂ। ਮੈਂ ਪਿਆਰ ਨਾਲ ਸਮਝਾਇਆ ਕਿ ਤੇਰੇ ਪਾਪਾ ਠੀਕ ਹੋ ਜਾਣ ਮੈਂ ਤੈਨੂੰ ਲੈ ਜਾਵਾਂਗੀ।

ਫਿਰ ਰੋਜ਼ ਉਸ ਦਾ ਇਕੋ ਸਵਾਲ ਹੁੰਦਾ, ‘‘ਮੰਮੀ, ਪਾਪਾ ਠੀਕ ਹੋ ਗਏ? ਤੁਸੀਂ ਮੈਨੂੰ ਕਦੋਂ ਲੈਣ ਆਉਣਾ? ਆ ਕੇ ਮੈਨੂੰ ਮਿਲ ਜਾਓ।’’

ਮੈਂ ਟਾਲਣ ਦੀ ਕੋਸ਼ਿਸ਼ ਕਰਦਿਆਂ ਆਖਦੀ, ‘‘ਦੱਸ ਕੀ ਲੈ ਕੇ ਆਵਾਂ ਤੇਰੇ ਲਈ? ਜਿੱਦਣ ਤੇਰੇ ਪਾਪਾ ਠੀਕ ਹੋ ਗਏ, ਉਸ ਦਿਨ ਮੈਂ ਆਪਣਾ ਟੈਸਟ ਕਰਵਾ ਕੇ ਫਿਰ ਤੇਰੇ ਲਈ ਸੋਹਣਾ ਜਿਹਾ ਗਿਫ਼ਟ ਅਤੇ ਚੀਜ਼ੀਆਂ ਲੈ ਕੇ ਆਊਂਗੀ।’’

ਪਰ ਉਹ ਰੋਂਦੀ ਰੋਂਦੀ ਆਖਦੀ, ‘‘ਮੈਨੂੰ ਕੁਝ ਨਹੀਂ ਚਾਹੀਦਾ। ਮੈਨੂੰ ਮੇਰੀ ਮੰਮੀ ਚਾਹੀਦੀ। ਤੁਸੀਂ ਆ ਜਾਓ। ਮੇਰਾ ਗਿਫ਼ਟ ਤਾਂ ਤੁਸੀਂ ਹੋ। ਤੁਹਾਨੂੰ ਘੁੱਟ ਕੇ ਜੱਫ਼ੀ ਪਾ ਕੇ ਮਿਲਣਾ।’’

ਜਦੋਂ ਉਹ ਰੋਂਦੀ ਰੋਂਦੀ ਇੰਜ ਆਖਦੀ ਤਾਂ ਮੇਰੇ ਕਾਲਜੇ ’ਚੋਂ ਹੂਕ ਜਿਹੀ ਨਿਕਲ ਜਾਂਦੀ। ਕੱਲ੍ਹ ਰਾਤੀਂ ਮੇਰੇ ਮੰਮੀ ਬਹੁਤ ਗੂੜ੍ਹੀ ਨੀਂਦਰ ਸੁੱਤੇ ਪਏ ਸਨ। ਉਨ੍ਹਾਂ ਦੀ ਦਿਲ ਦੀ ਦਵਾਈ ਚਲਦੀ। ਸ਼ਾਇਦ ਇਸ ਕਾਰਨ ਨੀਂਦ ਬਹੁਤ ਆਉਂਦੀ ਜਾਂ ਸਵੇਰ ਤੋਂ ਸ਼ਾਮ ਤੱਕ ਦੀ ਭੱਜ ਦੌੜ ਉਨ੍ਹਾਂ ਨੂੰ ਥਕਾ ਦਿੰਦੀ। ਮੈਨੂੰ ਰਾਤੀ ਬਾਰਾਂ ਕੁ ਵਜੇ ਦੇ ਕਰੀਬ ਫ਼ੋਨ ਆਇਆ ਮੈਂ ਕੋਈ ਕਿਤਾਬ ਪੜ੍ਹ ਰਹੀ ਸੀ। ਮੇਰਾ ਫ਼ੋਨ ਚਾਰਜਰ ’ਤੇ ਲੱਗਾ ਹੋਇਆ ਸੀ। ਮੈਂ ਘਬਰਾ ਗਈ ਕਿ ਅੱਧੀ ਰਾਤੀਂ ਭਲਾ ਕੀਹਦਾ ਫੋਨ ਹੋ ਸਕਦਾ ਹੈ?

ਮੂੰਹੋਂ ਨਿਕਲਿਆ, ‘‘ਰੱਬਾ! ਮਿਹਰ ਕਰੀਂ। ਕੋਈ ਸੁੱਖ ਦੀ ਖ਼ਬਰ ਹੋਵੇ।’’

ਫੋਨ ਚੁੱਕ ਕੇ ਵੇਖਿਆ ਤਾਂ ਮੇਰੀ ਧੀ ਦੀ ਵੀਡੀਓ ਕਾਲ। ਉਹ ਹਨੇਰੇ ਵਿੱਚ ਮੇਰੀ ਮਾਂ ਕੋਲ ਪਈ ਰੋ ਰਹੀ ਸੀ। ਉਸ ਦੀਆਂ ਸਿਸਕੀਆਂ ਤੇ ਹਟਕੋਰੇ ਸੁਣ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਤਰਨ ਲੱਗੇ ਤੇ ਮੈਂ ਪੁੱਛਣ ਲੱਗੀ, ‘‘ਕੀ ਹੋਇਆ ਪੁੱਤ? ਕਿਉਂ ਰੋ ਰਿਹਾ ਮੇਰਾ ਨੋਣੂ ਜਿਹਾ ਕਾਕਾ? ਮੇਰਾ ਗੁੱਗੂ… ਮੇਰਾ ਬਲੂੰਗੜਾ… ਚੁੱਪ ਹੋ ਜਾ… ਦੱਸ ਕੀ ਗੱਲ ਹੋਈ?’’

ਉਹ ਰੋਂਦੀ ਰੋਂਦੀ ਆਖਣ ਲੱਗੀ, ‘‘ਮੰਮੀ! ਮੈਨੂੰ ਨੀਂਦ ਨਹੀਂ ਆਉਂਦੀ। ਤੁਹਾਡੀ ਬਹੁਤ ਯਾਦ ਆਉਂਦੀ ਐ। ਜੀਅ ਕਰਦਾ ਤੁਹਾਡੇ ਕੋਲ ਮੈਂ ਭੱਜ ਕੇ ਆ ਜਾਵਾਂ। ਮੰਮੀ ਹੁਣ ਤਾਂ ਕਿੰਨੇ ਦਿਨ ਹੋ ਗਏ! ਮੈਨੂੰ ਲੈ ਜਾਓ।’’

ਮੈਂ ਉਹਨੂੰ ਦਿਲਾਸਾ ਦਿੰਦਿਆਂ ਆਖਿਆ, ‘‘ਅੱਛਾ, ਚੱਲ ਮੈਂ ਤੈਨੂੰ ਵਧੀਆ ਜਿਹੀ ਕਹਾਣੀ ਸੁਣਾਵਾਂ।’’

ਪਰ ਉਸ ਦੋਵੇਂ ਹੱਥਾਂ ਨਾਲ ਆਪਣੀਆਂ ਅੱਖਾਂ ਤੇ ਨੱਕ ਪੂੰਝਦੀ ਹੋਈ ਖਿੱਝ ਕੇ ਆਖਿਆ, ‘‘ਮੈਂ ਨ੍ਹੀਂ ਸੁਣਨੀ ਕਹਾਣੀ ਕਹੂਣੀ… ਮੈਨੂੰ ਫ਼ੋਨ ਵਾਲੀ ਮਾਂ ਨਹੀਂ, ਮੇਰੀ ਅਸਲੀ ਮਾਂ ਚਾਹੀਦੀ… ਪਹਿਲਾਂ ਵਾਲੀ।’’

ਮੈਂ ਹੱਸ ਕੇ ਆਖਿਆ, ‘‘ਮੈਂ ਸੱਚੀਮੁੱਚੀ ਵਾਲੀ ਮਾਂ ਹੀ ਤਾਂ ਹਾਂ ਤੇਰੀ।’’

ਮੈਨੂੰ ਮੇਰੀ ਧੀ ਨੇ ਤਰਲੇ ਭਰੇ ਲਹਿਜੇ ’ਚ ਆਖਿਆ, ‘‘ਮੰਮੀ ਕੱਲ੍ਹ ਆ ਜਾਓ। ਮੈਨੂੰ ਲੈ ਜਾਓ ਇੱਥੋਂ। ਹੁਣ ਤਾਂ ਪਾਪਾ ਠੀਕ ਐ ਨਾ। ਹੁਣ ਤਾਂ ਕੋਈ ਡਰ ਵਾਲੀ ਗੱਲ ਨਹੀਂ?’’

ਆਪਣੀ ਧੀ ਦੀਆਂ ਗੱਲਾਂ ਸੁਣ ਮੈਂ ਫ਼ਿਕਰਾਂ ਵਿੱਚ ਗੁਆਚ ਗਈ ਤੇ ਸੋਚਿਆ, ‘ਕਿੰਨੇ ਪਰਿਵਾਰ ਅਜਿਹੀਆਂ ਮੁਸ਼ਕਲਾਂ ਨਾਲ ਦੋ ਚਾਰ ਹੋ ਰਹੇ ਨੇ ਤੇ ਕਿੰਨੇ ਆਪਣੇ ਪਿਆਰਿਆਂ ਨੂੰ ਆਕਸੀਜਨ ਤੇ ਸਹੀ ਇਲਾਜ ਨਾ ਮਿਲਣ ਕਾਰਨ ਗੁਆ ਰਹੇ ਨੇ ਤੇ ਅਚਨਚੇਤ ਮੇਰੇ ਮੂੰਹੋਂ ਨਿਕਲਿਆ, ‘‘ਨਹੀਂ, ਖ਼ਤਰਾ ਹਾਲੇ ਟਲਿਆ ਨਹੀਂ।’’

ਸੁਖਦੇਵ ਸਿੰਘ
ਸੰਪਰਕ: 91-6283011456

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly