ਹਾਂਗਕਾਂਗ ‘ਚ ਮੁੜ ਭੜਕਿਆ ਲੋਕਤੰਤਰ ਦਾ ਅੰਦੋਲਨ

ਹਾਂਗਕਾਂਗ : ਹਫ਼ਤੇ ਦੇ ਅਖ਼ੀਰ ‘ਚ ਹਾਂਗਕਾਂਗ ‘ਚ ਇਕ ਵਾਰ ਮੁੜ ਤੋਂ ਲੋਕਤੰਤਰ ਹਮਾਇਤੀ ਅੰਦੋਲਨ ਤੇਜ਼ ਹੋਇਆ। ਸ਼ਨਿਚਰਵਾਰ ਨੂੰ ਚੀਨੀ ਫ਼ੌਜ ਦੇ ਹਾਂਗਕਾਂਗ ਸਥਿਤ ਸਭ ਤੋਂ ਵੱਡੇ ਟਿਕਾਣੇ ਦੇ ਨਜ਼ਦੀਕ ਜਮ੍ਹਾਂ ਹੋਏ ਹਜ਼ਾਰਾਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਬਲ ਵਰਤੋਂ ਕੀਤੀ ਤੇ ਪੀਪਰ ਸਪ੍ਰੇਅ ਦੀ ਵਰਤੋਂ ਕੀਤੀ। ਪੀਪਰ ਸਪ੍ਰੇਅ ਨਾਲ ਹਵਾ ‘ਚ ਮਿਰਚ ਦਾ ਅਸਰ ਪੈਦਾ ਹੋ ਜਾਂਦਾ ਹੈ ਜਿਸ ਨਾਲ ਛਿੱਕਾਂ ਆਉਣਾ, ਨੱਕ ਵਗਣਾ ਤੇ ਅੱਖਾਂ ‘ਚ ਜਲਣ ਪੈਦਾ ਹੋ ਜਾਂਦੀ ਹੈ।
ਕਾਲੇ ਕੱਪੜੇ ਤੇ ਮਾਸਕ ਪਾਈ ਇਹ ਪ੍ਰਦਰਸ਼ਨਕਾਰੀ ਫ਼ੌਜ ਦੇ ਟਿਕਾਣੇ ਦੇ ਨਜ਼ਦੀਕ ਸਭਾ ਕਰਨ ਲਈ ਇਕੱਤਰ ਹੋਏ ਸਨ। ਪਹਿਲਾਂ ਇਨ੍ਹਾਂ ਨੂੰ ਲੇਜ਼ਰ ਬੀਮ ਰਾਹੀਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਹੈਲੀਕਾਪਟਰ ਤੋਂ ਪਾਈ ਜਾ ਰਹੀ ਲੇਜ਼ਰ ਬੀਮ ਨਾਲ ਜਦੋਂ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਤਾਂ ਉਸ ਨੇ ਪੀਪਰ ਸਪ੍ਰੇਅ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਤੋੜਭੰਨ ‘ਤੇ ਉਤਰ ਆਏ। ਤੋੜਭੰਨ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਪਾਣੀ ਦੀਆਂ ਤੇਜ਼ ਬੁਛਾੜਾਂ ਵੀ ਕੀਤੀਆਂ ਤੇ ਲਾਠੀਚਾਰਜ ਵੀ ਕੀਤਾ। ਸ਼ਨਿਚਰਵਾਰ ਦੀ ਸਭਾ ‘ਚ ਹਿੱਸਾ ਲੈਣ ਆਏ ਨੌਜਵਾਨਾਂ ਨਾਲ ਵੱਡੀ ਗਿਣਤੀ ‘ਚ ਬਜ਼ੁਰਗ ਵੀ ਆਏ ਸਨ ਤੇ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਹਿਣ ਦਾ ਉਨ੍ਹਾਂ ਦਾ ਪ੍ਰੋਗਰਾਮ ਸੀ। ਇਹ ਸਭਾ ਲੋਕਤੰਤਰ ਦੀ ਮੰਗ ਨੂੰ ਲੈ ਕੇ 2014 ‘ਚ ਛਿੜੇ ਅੰਬ੍ਰੇਲਾ ਮੂਵਮੈਂਟ ਦੀ ਪੰਜਵੀਂ ਵਰ੍ਹੇਗੰਢ ਦੇ ਮੌਕੇ ਕਰਵਾਈ ਗਈ ਸੀ। ਅੰਬੇ੍ਲਾ ਮੂਵਮੈਂਟ ‘ਚ 79 ਦਿਨਾਂ ਤਕ ਹਾਂਗਕਾਂਗ ਦੀਆਂ ਸੜਕਾਂ ਜਾਮ ਰਹੀਆਂ ਸਨ। ਇਸੇ ਅੰਦੋਲਨ ਨਾਲ ਯੁਵਾ ਅੰਦੋਲਨਕਾਰੀ ਜੋਸ਼ੂਆ ਵਾਂਗ ਨੂੰ ਕੌਮਾਂਤਰੀ ਪਛਾਣ ਮਿਲੀ ਸੀ।
ਕਾਲੀ ਪੋਸ਼ਾਕ ‘ਚ ਆਏ 33 ਸਾਲਾ ਸੈਮ ਮੁਤਾਬਕ ਇਹ ਖ਼ਾਸ ਦਿਨ ਹਾਂਗਕਾਂਗ ਲਈ ਬਹੁਤ ਵਿਸ਼ੇਸ਼ ਹੈ। 2014 ‘ਚ ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਆਜ਼ਾਦੀ ਦਾ ਅੰਦੋਲਨ ਖ਼ਤਮ ਹੋ ਜਾਵੇਗਾ ਪਰ ਅਸੀਂ ਇਸ ਨੂੰ ਜ਼ਿੰਦਾ ਤੇ ਮਜ਼ਬੂਤ ਬਣਾ ਕੇ ਦਿਖਾ ਦਿੱਤਾ ਹੈ। ਲੋਕ ਹੁਣ ਜ਼ਿਆਦਾ ਸਮਰਪਣ ਨਾਲ ਹਾਂਗਕਾਂਗ ਦੀ ਆਜ਼ਾਦੀ ਲਈ ਲੜ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਚੀਨ ਗਣਤੰਤਰ ਦੇ 70ਵੇਂ ਸਥਾਪਨਾ ਦਿਵਸ ‘ਤੇ ਇਕ ਅਕਤੂਬਰ ਨੂੰ ਵੀ ਵੱਡੇ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਵੈਸੇ ਇਸ ਦਿਨ ਹੋਣ ਵਾਲੇ ਖ਼ੁਸ਼ੀ ਮਨਾਉਣ ਦੇ ਪ੍ਰੋਗਰਾਮਾਂ ਨੂੰ ਚੀਨ ਦੀ ਪ੍ਰਤੀਨਿਧੀ ਸਰਕਾਰ ਪਹਿਲਾਂ ਹੀ ਰੱਦ ਕਰ ਚੁੱਕੀ ਹੈ।