ਹਲਕਾ ਦਾਖਾ ਦੇ ਪਿੰਡ ਜਾਂਗਪੁਰ ’ਚ ਚੱਲੀ ਗੋਲੀ, ਅਕਾਲੀ ਵਰਕਰ ਫੱਟੜ

ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿੱਚ ਸਵੇਰੇ ਤੋਂ ਸ਼ਾਮ ਤੱਕ ਮਾਹੌਲ ਪੂਰਾ ਸ਼ਾਂਤ ਚੱਲ ਰਿਹਾ ਸੀ, ਇਸ ਦੌਰਾਨ ਸ਼ਾਮ ਨੂੰ ਆਖ਼ਰੀ 10 ਮਿੰਟਾਂ ਵਿੱਚ ਪਿੰਡ ਜਾਂਗਪੁਰ ਵਿਚ ਅਕਾਲੀ ਕਾਂਗਰਸੀ ਵਰਕਰ ਆਹਮੋ-ਸਾਹਮਣੇ ਹੋ ਗਏ। ਪਹਿਲਾਂ ਤਾਂ ਦੋਵੇਂ ਪੱਖ ਇੱਕ-ਦੂਜੇ ਨਾਲ ਕੁੱਟਮਾਰ ਕਰਦੇ ਰਹੇ, ਪਰ ਹੌਲੀ-ਹੌਲੀ ਕੁੱਟਮਾਰ ਨੇ ਹਿੰਸਕ ਰੂਪ ਧਾਰਨ ਕਰ ਲਿਆ। ਦੋਵੇਂ ਪਾਸਿਓਂ ਹਥਿਆਰਾਂ ਤੇ ਲਾਠੀਆਂ ਨਾਲ ਹਮਲਾ ਕੀਤਾ ਗਿਆ ਤੇ ਬਾਅਦ ਵਿਚ ਪੱਥਰ ਵੀ ਵਰ੍ਹਾਏ ਗਏ। ਇਸੇ ਦੌਰਾਨ ਕਿਸੇ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਕ ਗੋਲੀ ਪਿੰਡ ਜਾਂਗਪੁਰ ਦੇ ਰਹਿਣ ਵਾਲੇ ਅਕਾਲੀ ਵਰਕਰ ਗੁਰਪ੍ਰੀਤ ਸਿੰਘ ਉਰਫ਼ ਗੋੋਪੀ ਦੇ ਪੱਟ ’ਤੇ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਡੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਭਾਰੀ ਗਿਣਤੀ ’ਚ ਪੁਲੀਸ ਫੋਰਸ ਸਣੇ ਪਿੰਡ ਜਾਂਗਪੁਰ ਪੁੱਜੇ। ਪੂਰੇ ਇਲਾਕੇ ਨੂੰ ਪੁਲੀਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਅਕਾਲੀਆਂ ਨੇ ਗੋਲੀਆਂ ਚਲਾਉਣ ਪਿੱਛੇ ਲੁਧਿਆਣਾ ਦੇ ਕਾਂਗਰਸੀ ਆਗੂ ਦੇ ਸਾਥੀਆਂ ’ਤੇ ਦੋਸ਼ ਲਾਇਆ ਹੈ ਜਦੋਂਕਿ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਜਾਂਗਪੁਰ ਦੇ ਲੋਕਾਂ ਨੇ ਕਿਹਾ ਕਿ ਸੋਮਵਾਰ ਦੀ ਸਵੇਰ ਤੋਂ ਹੀ ਕਾਂਗਰਸੀ ਆਗੂ ਦਲਜੀਤ ਸਿੰਘ ਗਰੇਵਾਲ ਭੋਲਾ ਸਾਥੀਆਂ ਨਾਲ ਇਲਾਕੇ ’ਚ ਘੁੰਮ ਰਹੇ ਸਨ। ਅਕਾਲੀ ਵਰਕਰਾਂ ਨੇ ਦੋਸ਼ ਲਗਾਏ ਕਿ ਸਾਰਾ ਦਿਨ ਸ਼ਾਂਤੀ ਨਾਲ ਵੋਟਾਂ ਪੈਂਦੀਆਂ ਰਹੀਆਂ, ਪਰ ਆਖ਼ਰੀ 10 ਮਿੰਟ ’ਚ ਸ੍ਰੀ ਗਰੇਵਾਲ ਸਾਥੀਆਂ ਨਾਲ ਬੂਥ ਨੰਬਰ-86 ਤੇ 87 ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪੁੱਜੇ। ਉਨ੍ਹਾਂ ਜਬਰੀ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਅਕਾਲੀ ਵਰਕਰਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸੇ ਕਾਰਨ ਦੋਵਾਂ ਵਿਚਕਾਰ ਹੱਥੋਪਾਈ ਸ਼ੁਰੂ ਹੋ ਗਈ ਤੇ ਹਥਿਆਰਾਂ ਦੇ ਨਾਲ ਨਾਲ ਅਕਾਲੀ ਕਾਂਗਰਸੀਆਂ ਨੇ ਇੱਕ-ਦੂਜੇ ’ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਪਿੰਡ ਦੇ ਗੁਰਤੇਜ ਸਿੰਘ ਨੇ ਦੱਸਿਆ ਕਿ ਭੋਲਾ ਤੇ ਉਸ ਦੇ ਸਾਥੀ ਫ਼ਰਾਰ ਹੋ ਰਹੇ ਸਨ ਤਾਂ ਉਨ੍ਹਾਂ ’ਚੋਂ ਕਿਸੇ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਕਾਂਗਰਸ ’ਚ ਸ਼ਾਮਲ ਹੋਏ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਗੋਲੀ ਚਲਾਉਣ ਦੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਲੇ ਆਪਣੀ ਹਾਰ ਨੂੰ ਦੇਖ ਕੇ ਪੂਰੀ ਤਰ੍ਹਾਂ ਬੌਖਲਾ ਗਏ ਹਨ ਤੇ ਬੇਤੁਕੇ ਬਿਆਨ ਦੇ ਰਹੇ ਹਨ। ਚੋਣ ਪ੍ਰਚਾਰ ਦੌਰਾਨ ਉਹ 10 ਦਿਨ ਉੱਥੇ ਰਹੇ, ਪਰ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਉਹ ਹਲਕਾ ਦਾਖਾ ’ਚ ਨਹੀਂ ਗਏ। ਉਨ੍ਹਾਂ ਨੂੰ ਤਾਂ ਖ਼ੁਦ ਫੋਨ ਜ਼ਰੀਏ ਪਤਾ ਲੱਗਿਆ ਕਿ ਪਿੰਡ ਜਾਂਗਪੁਰ ’ਚ ਗੋਲੀ ਚੱਲੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੁਝ ਲੈਣਾ-ਦੇਣਾ ਨਹੀਂ ਹੈ।
ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕਾਂਗਰਸੀ ਗੁੰਡਿਆਂ ਨੂੰ ਨਾਲ ਲੈ ਕੇ ਹਲਕੇ ’ਚ ਘੁੰਮਦੇ ਰਹੇ ਹਨ। ਉਨ੍ਹਾਂ ਪੂਰਾ ਇੱਕ ਮਹੀਨਾ ਹਲਕੇ ’ਚ ਗੁੰਡਾਗਰਦੀ ਕੀਤੀ ਹੈ। ਸੋਮਵਾਰ ਨੂੰ ਚੋਣਾਂ ਦੌਰਾਨ ਵੀ ਕਾਂਗਰਸੀਆਂ ਨੇ ਕਈ ਬੂਥਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।