ਸੁਸ਼ਾਂਤ ਕੇਸ: ਬਿਹਾਰ ਵੱਲੋਂ ਸੀਬੀਆਈ ਜਾਂਚ ਦੀ ਸਿਫ਼ਾਰਸ਼

ਮੁੰਬਈ (ਸਮਾਜ ਵੀਕਲੀ) : ਬਿਹਾਰ ਸਰਕਾਰ ਨੇ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ਵਿਚ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕਰ ਦਿੱਤੀ ਹੈ। ਪਟਨਾ ਵਿਚ ਦਰਜ ਐਫਆਈਆਰ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤੀ ਗਈ ਅਦਾਕਾਰਾ ਰੀਆ ਚਕਰਵਰਤੀ ਦੇ ਵਕੀਲ ਨੇ ਕਿਹਾ ਹੈ ਕਿ ਅਜਿਹੀ ਸਿਫ਼ਾਰਿਸ਼ ਕਰਨਾ ਬਿਹਾਰ ਸਰਕਾਰ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ।

ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਨੇ ਵੀ ਬਿਹਾਰ ਸਰਕਾਰ ’ਤੇ ਅਧਿਕਾਰ ਖੇਤਰ ਵਿਚ ਦਖ਼ਲਅੰਦਾਜ਼ੀ ਦਾ ਦੋਸ਼ ਲਾਇਆ ਹੈ। ਮੰਤਰੀ ਨਵਾਬ ਮਲਿਕ ਨੇ ਕਿਹਾ ਕਿ ਨਿਤੀਸ਼ ਸਰਕਾਰ ਕੋਵਿਡ ਨਾਲ ਜੁੜੀਆਂ ਨਾਕਾਮੀਆਂ ਲੁਕਾਉਣਾ ਚਾਹੁੰਦੀ ਹੈ ਤੇ ਧਿਆਨ ਭਟਕਾਉਣ ਲਈ ਜਾਂਚ ਦੀ ਸਿਫ਼ਾਰਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਘਟਨਾ ਮਹਾਰਾਸ਼ਟਰ ’ਚ ਵਾਪਰੀ ਹੈ ਤੇ ਬਿਹਾਰ ਕਿਵੇਂ ਜਾਂਚ ਕਰ ਸਕਦਾ ਹੈ? ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਤੇ ਉਸ ਦੇ ਸਹਿਯੋਗੀ ਰਲ ਕੇ ਲੋਕਤੰਤਰ ਤਬਾਹ ਕਰਨ ’ਤੇ ਤੁਲੇ ਹੋਏ ਹਨ।

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵੀਟ ਕੀਤਾ ਕਿ ਸੁਸ਼ਾਂਤ ਦੇ ਪਿਤਾ ਦੀ ਸਹਿਮਤੀ ਤੋਂ ਬਾਅਦ ਰਾਜ ਨੇ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕਰ ਦਿੱਤੀ ਹੈ। ਦੂਜੇ ਪਾਸੇ ਪਟਨਾ ਤੇ ਮੁੰਬਈ ਪੁਲੀਸ ਵਿਚਾਲੇ ਅਦਾਕਾਰ ਦੀ ਵਿਵਾਦਤ ਮੌਤ ਦੀ ਜਾਂਚ ਲਈ ਟਕਰਾਅ ਚੱਲ ਰਿਹਾ ਹੈ। ਰਾਜਪੂਤ ਦੇ ਪਿਤਾ ਰੀਆ ਤੇ ਹੋਰਾਂ ਉਤੇ ਅਦਾਕਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਾ ਚੁੱਕੇ ਹਨ। ਬਿਹਾਰ ਪੁਲੀਸ ਨੇ ਮੁੰਬਈ ਪੁਲੀਸ ਉਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਸੀ।

ਨਿਤੀਸ਼ ਨੇ ਕਿਹਾ ਕਿ ਸੀਬੀਆਈ ਦਾ ‘ਦਾਇਰਾ ਤੇ ਅਧਿਕਾਰ ਵੱਧ ਹਨ, ਇਸ ਨਾਲ ਪ੍ਰਭਾਵੀ ਜਾਂਚ ਹੋ ਸਕੇਗੀ।’ ਰੀਆ ਦੇ ਵਕੀਲ ਨੇ ਕਿਹਾ ਹੈ ਕਿ ਬਿਹਾਰ ਵਿਚ ਜ਼ੀਰੋ ਐਫਆਈਆਰ ਹੀ ਹੋ ਸਕਦੀ ਹੈ ਤੇ ਮਗਰੋਂ ਕੇਸ ਮੁੰਬਈ ਪੁਲੀਸ ਨੂੰ ਹੀ ਟਰਾਂਸਫਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਬਿਹਾਰ ਵੱਲੋਂ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕਾਨੂੰਨੀ ਮਾਪਦੰਡਾਂ ਉਤੇ ਖ਼ਰੀ ਨਹੀਂ ਉਤਰਦੀ।