ਸੁਪਾਰੀ ਦੇ ਕੇ ਪਤੀ ਦਾ ਕਤਲ ਕਰਵਾਇਆ

ਸੈਂਟਰਲ ਟਾਊਨ ’ਚ ਰਹਿਣ ਵਾਲੇ ਹਰਵਿੰਦਰ ਪਾਲ ਸਿੰਘ ਸੇਖੋਂ ਨੂੰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਨ ਵਾਲੀ ਉਸਦੀ ਪਤਨੀ ਪੁਸ਼ਪਿੰਦਰ ਕੌਰ ਨੂੰ ਸੀਆਈਏ-1 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਸ ਕਤਲਕਾਂਡ ’ਚ ਮੁਲਜ਼ਮ ਔਰਤ ਦਾ ਸਾਥ ਦੇਣ ਤੇ ਸੁਪਾਰੀ ਲੈਣ ਵਾਲੇ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਮੁਲਜ਼ਮ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚੋਂ ਇੱਕ ਮੁਲਜ਼ਮ ਪੁਸ਼ਪਿੰਦਰ ਦਾ ਵਿਦਿਆਰਥੀ ਹੈ ਜਿਸਦੀ ਪਛਾਣ ਪਿੰਡ ਦਾਦ ਵਾਸੀ ਜਸਪ੍ਰੀਤ ਸਿੰਘ ਉਰਫ਼ ਜੱਸ ਤੇ ਉਸਦੇ ਦੋਸਤ ਸ਼ਿਮਲਾਪੁਰੀ ਵਾਸੀ ਰਾਜੇਸ਼ ਕੁਮਾਰ ਉਰਫ਼ ਜਿੰਦਲ ਉਰਫ਼ ਜੋਨੀ ਦੇ ਰੂਪ ’ਚ ਹੋਈ ਹੈ। ਮੁਲਜ਼ਮ ਔਰਤ ਪੁਸ਼ਪਿੰਦਰ ਕੌਰ ਦੀ ਜੀਪੀਐੱਲ ਅਕੈਡਮੀ ’ਚ ਮੁਲਜ਼ਮ ਜੱਸ ਪੜ੍ਹਨ ਦੇ ਲਈ ਆਉਂਦਾ ਸੀ ਤੇ ਇਸੇ ਦੌਰਾਨ ਦੋਹਾਂ ’ਚ ਨਾਜਾਇਜ਼ ਸਬੰਧ ਬਣ ਗਏ। ਜਿਸ ਦੇ ਬਾਰੇ ’ਚ ਔਰਤ ਦੇ ਪਤੀ ਹਰਵਿੰਦਰ ਪਾਲ ਨੂੰ ਪਤਾ ਲੱਗਿਆ ਤਾਂ ਮੁਲਜ਼ਮਾਂ ਨੇ ਉਸਨੂੰ ਰਸਤੇ ’ਚੋਂ ਹਟਾਉਣ ਦੇ ਲਈ ਉਸਨੂੰ ਨਸ਼ੀਲੀ ਦਵਾਈ ਖੁਆ ਕੇ ਬੇਹੋਸ਼ ਕਰ ਦਿੱਤਾ ਤੇ ਉਸ ਤੋਂ ਬਾਅਦ ਬਰਫ਼ ਤੋੜਨ ਵਾਲੇ ਸੂਏ ਦੇ ਪਿੱਛੇ ਵਾਲੇ ਹਿੱਸੇ ਨਾਲ ਉਸਦਾ ਕਤਲ ਕਰ ਦਿੱਤਾ। ਇਸ ਸਬੰਧੀ ਪੱਤਰਕਾਰ ਮਿਲਣੀ ਕਰਦੇ ਹੋਏ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ 13 ਅਗਸਤ ਨੂੰ ਹਰਵਿੰਦਰਪਾਲ ਦੀ ਮੌਤ ਹੋਈ ਤਾਂ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਤੋਂ ਉਸਦੀ ਮਾਂ ਨਸੀਬ ਕੌਰ ਆਈ ਸੀ। ਕੁਝ ਦਿਨ ਇੱਥੇ ਰਹਿਣ ਤੋਂ ਬਾਅਦ ਨਸੀਬ ਕੌਰ ਨੇ ਹਿਮਾਚਲ ਜਾ ਕੇ ਉਨ੍ਹਾਂ ਨੂੰ ਸ਼ਿਕਾਇਤ ਭੇਜੀ ਸੀ ਕਿ ਉਸਦੇ ਲੜਕੇ ਦਾ ਕਤਲ ਹੋਇਆ ਹੈ। ਪੁਲੀਸ ਕਮਿਸ਼ਨਰ ਨੇ ਇਸ ਦੇ ਲਈ ਇੱਕ ਜਾਂਚ ਟੀਮ ਦਾ ਗਠਨ ਕੀਤਾ ਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਪੁਲੀਸ ਦੇ ਸਾਹਮਣੇ ਕਈ ਕਹਾਣੀਆਂ ਆਈਆਂ ਤੇ ਪੁਲੀਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਕਤਲ ਦੀ ਵਾਰਦਾਤ ’ਚ ਵਰਤਿਆ ਗਿਆ ਬਰਫ਼ ਵਾਲਾ ਸੂਆ, ਵੱਡਾ ਤੇ ਛੋਟਾ ਸਰਹਾਣਾ, ਪਰਨਾ, ਚਾਰਜ਼ਰ ਵਾਲੀ ਤਾਰ, ਦੋ ਦਸਤਾਨੇ ਤੇ ਚਾਦਰ ਬਰਾਮਦ ਕੀਤੀ ਹੈ।