ਸੀਤਾਰਾਮਨ ਵੱਲੋਂ ਇੰਡੋ-ਪੈਸੇਫਿਕ ਕਮਾਂਡ ਦੇ ਹੈੱਡਕੁਆਰਟਰ ਦਾ ਦੌਰਾ

ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਅਮਰੀਕਾ ਫੇਰੀ ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਲਿਜਾਣ ਦੀ ਦਿਸ਼ਾ ਵਿੱਚ ਕੀਤੇ ਯਤਨਾਂ ਦਾ ਹਿੱਸਾ ਹੈ। ਆਪਣੀ ਪਲੇਠੀ ਅਮਰੀਕਾ ਫੇਰੀ ਦੇ ਆਖਰੀ ਦਿਨ ਰੱਖਿਆ ਮੰਤਰੀ ਨੇ ਹਵਾਈ ਸਥਿਤ ਯੁੱਧਨੀਤਕ ਇੰਡੋ-ਪੈਸੇਫਿਕ ਕਮਾਂਡ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ। ਉਧਰ ਅਮਰੀਕਾ ਦੇ ਇਕ ਸਿਖਰਲੇ ਕਮਾਂਡਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਰੱਖਿਆ ਤੇ ਖੇਤਰੀ ਸੁਰੱਖਿਆ ਵਿੱਚ ਆਲਮੀ ਭਾਈਵਾਲ ਹਨ।ਯੂਐਸ ਇੰਡੋ-ਪੈਸੇਫਿਕ ਕਮਾਂਡਰ ਐਡਮਿਰਨ ਫ਼ਿਲ ਡੈਵਿਡਸਨ ਨੇ ਕਿਹਾ, ‘ਅਸੀਂ ਦੋਵੇਂ ਜਮਹੂਰੀ ਮੁਲਕ ਨੇਮ ਆਧਾਰਤ ਕੌਮਾਂਤਰੀ ਸਰਹੱਦ ਨੂੰ ਬਹਾਲ ਰੱਖਣ ਲਈ ਵਚਨਬੱਧ ਹਾਂ। ਅਸੀਂ ਰੱਖਿਆ ਤੇ ਸੁਰੱਖਿਆ ਵਿੱਚ ਆਲਮੀ ਭਾਈਵਾਲ ਹਾਂ।’ ਇਸ ਤੋਂ ਪਹਿਲਾਂ ਪੈਂਟਾਗਨ ਵਿੱਚ ਆਪਣੇ ਅਮਰੀਕੀ ਹਮਰੁਤਬਾ ਜੇਮਸ ਮੈਟਿਜ਼ ਨਾਲ ਮੁਲਾਕਾਤ ਮਗਰੋਂ ਸੀਤਾਰਾਮਨ ਨੇ ਕਿਹਾ ਕਿ ਹਾਲੀਆ ਉੱਚ ਪੱਧਰੀ ਮੀਟਿੰਗਾਂ ਦੋਵਾਂ ਮੁਲਕਾਂ ਦੀ ਦੁਵੱਲੀ ਭਾਈਵਾਲੀ ਦੀ ਡੂੰਘਾਈ ਤੇ ਮਿਆਰ ਵੱਲ ਇਸ਼ਾਰਾ ਕਰਨ ਦੇ ਨਾਲ ਦੁਵੱਲੇ ਤੇ ਆਲਮੀ ਮੁੱਦਿਆਂ ’ਤੇ ਨੇੜੇ ਹੋ ਕੇ ਕੰਮ ਕਰਨ ਦੀ ਇੱਛਾ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਉੱਚ ਪੱਧਰੀ ਮੁਲਾਕਾਤਾਂ ਦੌਰਾਨ ਐਫ-16 ਉਤਪਾਦਨ ਬੇਸਾਂ ਨੂੰ ਭਾਰਤ ਵਿੱਚ ਤਬਦੀਲ ਕਰਨ ਬਾਰੇ ਕੋਈ ਐਲਾਨ ਨਹੀਂ ਹੋਇਆ।