ਸਿੱਧੂ ਨੇ ਮੁੱਖ ਮੰਤਰੀ ਦੇ ਨਿਵਾਸ ’ਤੇ ਭੇਜਿਆ ਅਸਤੀਫ਼ਾ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਅੱਜ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ’ਤੇ ਪੁੱਜਦਾ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਨੇ ਵੀ ਅਸਤੀਫਾ ਮਿਲਣ ਦੀ ਪੁਸ਼ਟੀ ਕੀਤੀ ਹੈ, ਪਰ ਇਸ ਦੇ ਬਾਵਜੂਦ ਅਸਤੀਫਾ ਲਟਕਣ ਦੀ ਸੰਭਾਵਨਾ ਹੈ, ਕਿਉਂਕਿ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਨੇ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਕੇ ਕੁਝ ਗਲਤ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਦੀ ਸਲਾਹ ਨਾਲ ਕੀਤਾ ਜਾਂਦਾ ਹੈ, ਜਿਸ ਕਰ ਕੇ ਸਿੱਧੂ ਵੱਲੋਂ ਅਸਤੀਫ਼ਾ ਪਾਰਟੀ ਪ੍ਰਧਾਨ ਨੂੰ ਭੇਜਣਾ ਠੀਕ ਹੈ। ਇਸ ਤੋਂ ਸਪੱਸ਼ਟ ਹੈ ਕਿ ਸਿੱਧੂ ਦਾ ਅਸਤੀਫਾ ਕਾਂਗਰਸ ਹਾਈ ਕਮਾਂਡ ਦੀ ਸਲਾਹ ਨਾਲ ਹੀ ਪ੍ਰਵਾਨ ਕੀਤਾ ਜਾਵੇਗਾ। ਕਾਂਗਰਸ ਹਾਈ ਕਮਾਂਡ ਇਸ ਮੁੱਦੇ ’ਤੇ ਹੁਣ ਕੀ ਰਣਨੀਤੀ ਅਪਣਾਉਂਦੀ ਹੈ, ਇਹ ਸਭ ਉਸ ’ਤੇ ਹੀ ਨਿਰਭਰ ਕਰੇਗਾ। ਹਾਈ ਕਮਾਂਡ ਸਿੱਧੂ ਨੂੰ ਅਸਤੀਫਾ ਵਾਪਸ ਲੈਣ ਅਤੇ ਮੁੱਖ ਮੰਤਰੀ ਨੂੰ ਅਸਤੀਫਾ ਪ੍ਰਵਾਨ ਨਾ ਕਰਨ ਦੀ ਸਲਾਹ ਵੀ ਦੇ ਸਕਦੀ ਹੈ, ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖੁਦ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਹਨ ਤੇ ਇਸ ਸਥਿਤੀ ਵਿਚ ਉਹ ਇਸ ਮੁੱਦੇ ’ਤੇ ਕੋਈ ਰਾਏ ਦੇਣਗੇ ਜਾਂ ਨਹੀਂ ਕਹਿਣਾ ਮੁਸ਼ਕਿਲ ਹੈ। ਸਿੱਧੂ ਕਿਉਂਕਿ ਕਾਂਗਰਸ ਪਾਰਟੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਸਹਿਮਤੀ ਨਾਲ ਸ਼ਾਮਲ ਹੋਏ ਸਨ ਤੇ ਇਸ ਕਰ ਕੇ ਉਨ੍ਹਾਂ ਵਲੋਂ ਅਸਤੀਫਾ ਪ੍ਰਵਾਨ ਕਰਨ ਦੀ ਸਲਾਹ ਦੇਣ ਦੇ ਆਸਾਰ ਨਹੀਂ ਹਨ। ਇਸ ਕਾਰਨ ਸਿੱਧੁੂ ਦਾ ਅਸਤੀਫਾ ਲਟਕ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਨੂੰ ਸਥਾਨਕ ਸਰਕਾਰਾਂ ਦਾ ਮਹਿਕਮਾ ਮਿਲਣ ਦੇ ਆਸਾਰ ਨਹੀਂ ਹਨ ਤੇ ਬਿਜਲੀ ਮਹਿਕਮੇ ਦੇ ਨਾਲ ਕੋਈ ਹੋਰ ਮਹਿਕਮਾ ਦੇ ਕੇ ਉਨ੍ਹਾਂ ਨੂੰ ਮਨਾਇਆ ਜਾ ਸਕਦਾ ਹੈ। ਸਿੱਧੂ ਬਾਰੇ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ ਕਿ ਉਹ ਅਸਤੀਫਾ ਦੇਣ ਤੋਂ ਬਾਅਦ ਕਿਹੜਾ ਰਸਤਾ ਚੁਣਨਗੇ। ਕੀ ਉਹ ਕਾਂਗਰਸ ਤੋਂ ਵੱਖ ਹੋ ਜਾਣਗੇ ਜਾਂ ਕਾਂਗਰਸ ਵਿਚ ਰਹਿ ਕੇ ਹੀ ਸਰਗਰਮੀ ਕਰਨਗੇ ਜਾਂ ਫਿਰ ਸੂਬੇ ਵਿਚ ਤੀਜਾ ਫਰੰਟ ਬਣਾਉਣ ਲਈ ਵਧਣਗੇ? ਸਿੱਧੂ ਨੇ ਛੇ ਜੂਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੌਨ ਵਰਤ ਰੱਖਿਆ ਹੋਇਆ ਹੈ ਤੇ ਉਹ ਕੇਵਲ ਟਵਿੱਟਰ ’ਤੇ ਹੀ ਪ੍ਰਤੀਕਰਮ ਦੇ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਦੀ ਥਾਂ ਮੰਤਰੀ ਬਣਨ ਦੇ ਚਾਹਵਾਨ ਵਿਧਾਇਕ ਵੀ ਸਰਗਰਮ ਹੋ ਚੁੱਕੇ ਹਨ। ਸਿੱਧੂ ਨੇ ਆਪਣਾ ਅਸਤੀਫਾ ਆਪਣੇ ਕਰੀਬੀ ਮਿੱਤਰ ਬਨੀ ਸੰਧੂ ਰਾਹੀਂ ਮੁੱਖ ਮੰਤਰੀ ਦੇ ਓ.ਐਸ.ਡੀ. ਐਮ.ਪੀ.ਸਿੰਘ ਕੋਲ ਅੱਜ ਦਿਨੇ ਸਾਢੇ ਗਿਆਰਾਂ ਵਜੇ ਪਹੁੰਚਾ ਦਿੱਤਾ ਸੀ। ਇਸ ਦੀ ਟਵਿੱਟਰ ’ਤੇ ਹੀ ਪੁਸ਼ਟੀ ਕਰ ਦਿੱਤੀ ਗਈ ਸੀ। ਦਿੱਲੀ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਆਪਣਾ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਸ ਵਿੱਚ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨੂੰ ਝੋਨੇ ਦੇ ਸੀਜ਼ਨ ਦੇ ਮਹੱਤਵਪੂਰਨ ਸਮੇਂ ’ਚ ਕੰਮ ਛੱਡਣ ਦੀ ਬਜਾਏ ਨਵਾਂ ਮਹਿਕਮਾ ਪ੍ਰਵਾਨ ਕਰਨਾ ਚਾਹੀਦਾ ਸੀ। ਉਨ੍ਹਾਂ ਸਵਾਲ ਕੀਤਾ ਕਿ ਜਰਨੈਲ ਵੱਲੋਂ ਸੌਂਪਿਆ ਗਿਆ ਕੰਮ ਕਰਨ ਤੋਂ ਇਕ ਸਿਪਾਹੀ ਕਿਵੇਂ ਇਨਕਾਰ ਕਰ ਸਕਦਾ ਹੈ। ਜੇ ਸਰਕਾਰ ਕਾਰਗਰ ਢੰਗ ਨਾਲ ਚਲਾਉਣੀ ਹੈ ਤਾਂ ਇਸ ਵਿੱਚ ਕੁਝ ਅਨੁਸ਼ਾਸਨ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦਾ ਕੋਈ ਰੌਲਾ ਨਹੀਂ ਹੈ। ਉਨ੍ਹਾਂ ਅਜੇ ਅਸਤੀਫ਼ਾ ਦੇਖਣਾ ਹੈ। ਪਹਿਲਾਂ ਉਹ ਅਸਤੀਫ਼ਾ ਪੜ੍ਹਣਗੇ ਤੇ ਫਿਰ ਟਿੱਪਣੀ ਕਰਨਗੇ। ਰਾਹੁਲ ਗਾਂਧੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿਸ਼ਚਿਤ ਸ੍ਰੀ ਗਾਂਧੀ ਨੂੰ ਮਿਲਣਗੇ।