ਸਿਹਤ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ

ਮਾਨਸਾ (ਸਮਾਜ ਵੀਕਲੀ) ( ਔਲਖ ): ਮਲਟੀਪਰਪਜ਼ ਹੈਲਥ ਇੰਮਪਲਾਈਜ਼ ਯੂਨੀਅਨ ਮਾਨਸਾ ਦੇ ਫੈਸਲੇ ਅਨੁਸਾਰ ਅੱਜ ਯੁਨੀਅਨ ਦੇ ਨੁਮਾਇੰਦਿਆਂ ਵੱਲੋਂ ਬਲਾਕ ਪ੍ਰਧਾਨ ਅਮਰਜੀਤ ਸਿੰਘ ਅਤੇ ਨਿਰਮਲ ਸਿੰਘ ਕਣਕਵਾਲੀਆ ਦੀ ਅਗਵਾਈ ਵਿੱਚ ਐਸ. ਐਮ. ਓ. ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਅਤੇ ਐਸ. ਐਮ. ਓ. ਸਰਦੂਲਗੜ੍ਹ ਡਾ. ਸੁਖਵਿੰਦਰ ਸਿੰਘ ਦਿਓਲ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਸਿਹਤ ਕਰਮਚਾਰੀ ਆਪਣੇ ਮੁਢਲੇ ਕੰਮਾਂ ਤੋਂ ਇਲਾਵਾ ਕਰੋਨਾ ਸੈਪਲਿੰਗ, ਕਰੋਨਾ ਵੈਕਸੀਨੇਸਨ ਅਤੇ ਕਰੋਨਾ ਸਬੰਧੀ ਹੋਰ ਕੰਮ ਕਰ ਰਹੇ ਹਨ।

ਇਨ੍ਹਾਂ ਕੰਮਾਂ ਨੂੰ ਕਰਦਿਆਂ ਸਿਹਤ ਮੁਲਾਜ਼ਮਾਂ ਨੂੰ ਕੁਝ ਮੁਸ਼ਕਿਲਾਂ ਪੇਸ਼ ਆ ਰਹੀਆ ਹਨ। ਜਿੰਨ੍ਹਾਂ ਬਾਰੇ ਦੱਸਦਿਆ ਉਨਾਂ ਕਿਹਾ ਕਿ ਰੋਜ਼ਾਨਾ ਕਰੋਨਾ ਸੈਂਪਲਿੰਗ ਅਤੇ ਵੈਕਸੀਨੇਸਨ ਡਿਉਟੀਆਂ ਦੇ ਚਲਦਿਆਂ ਬਾਕੀ ਕੰਮ ਠੱਪ ਹੋ ਗਏ ਹਨ ਇਸ ਲਈ ਇਨ੍ਹਾਂ ਡਿਉਟੀਆਂ ਨੂੰ ਹਫਤੇ ਦੇ ਕੁਝ ਦਿਨ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਕਰੋਨਾ ਵੈਕਸੀਨੇਸਨ ਸੈਸ਼ਨ ਵਾਲੀ ਥਾਂ ਤੇ ਵੈਕਸੀਨ ਅਤੇ ਹੋਰ ਸਮਾਨ ਪਹੁਚਾਉਣ ਅਤੇ ਵਾਪਸ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਹ ਕੰਮ ਮਲਟੀ ਪਰਪਜ਼ ਹੈਲਥ ਵਰਕਰ ਮੇਲ/ਫੀਮੇਲ ਤੇ ਨਾ ਥੋਪਿਆ ਜਾਵੇ। ਵੈਕਸੀਨ ਡਿਊਟੀ ਘੰਟਿਆਂ ਦੌਰਾਨ ਭਾਵ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਹੀ ਲਗਵਾਈ ਜਾਵੇ।

ਸਿਹਤ ਮੁਲਾਜ਼ਮਾਂ ਨੇ ਆਪਣੀ ਛੁੱਟੀ ਵਾਲੇ ਦਿਨ ਕੁੱਝ ਪਰਿਵਾਰਕ ਕੰਮ ਵੀ ਕਰਨੇ ਹੁੰਦੇ ਹਨ ਇਸ ਲਈ ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਵੈਕਸੀਨੇਸਨ, ਸੈਂਪਲਿੰਗ ਅਤੇ ਕਰੋਨਾ ਸਬੰਧੀ ਹੋਰ ਕੰਮ ਨਾ ਲਏ ਜਾਣ। ਜੇਕਰ ਛੁੱਟੀ ਵਾਲੇ ਦਿਨ ਅਤਿ ਜ਼ਰੂਰੀ ਕਿਸੇ ਕਰਮਚਾਰੀ ਦੀ ਡਿਊਟੀ ਲਗਾਉਣੀ ਪੈ ਜਾਵੇ ਤਾਂ ਅਗਲੇ ਦਿਨ ਉਸ ਨੂੰ ਬਣਦਾ ਆਫ ਦਿੱਤਾ ਜਾਵੇ। ਸਵਿਧਾਨਕ ਹੱਕ ਅਨੁਸਾਰ ਮਿਲਦੀ ਅਚਨਚੇਤ ਛੁੱਟੀ ਅਤੇ ਬੀਮਾਰੀ ਸਬੰਧੀ ਛੁੱਟੀ ਤੇ ਰੋਕ ਨਾ ਲਗਾਈ ਜਾਵੇ ਕਿਉਂਕਿ ਬਿਨਾਂ ਕਿਸੇ ਐਮਰਜੈਂਸੀ ਤੋਂ ਕੋਈ ਸਿਹਤ ਮੁਲਾਜ਼ਮ ਛੁੱਟੀ ਨਹੀਂ ਲੈਂਦਾ। ਵੈਕਸੀਨ ਲਗਾਉਣ ਅਤੇ ਰਜਿਸਟ੍ਰੇਸ਼ਨ ਲਈ ਜੋ ਇਨਸੈਟਿਵ ਮਿਲਣਾ ਹੈ ਉਸ ਬਾਰੇ ਕਲੀਅਰ ਕੀਤਾ ਜਾਵੇ ਅਤੇ ਕੰਮ ਅਨੁਸਾਰ ਬਰਾਬਰ ਵੰਡ ਯਕੀਨੀ ਬਣਾਈ ਜਾਵੇ।

ਤੁਰੰਤ ਵਟਸਅਐਪ ਡਿਉਟੀਆਂ ਦੀ ਥਾਂ ਘੱਟੋ-ਘੱਟ ਇੱਕ ਦਿਨ ਪਹਿਲਾਂ ਡਿਊਟੀ ਬਾਰੇ ਸਿਹਤ ਮੁਲਾਜ਼ਮ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਉਹ ਉਸ ਡਿਊਟੀ ਪ੍ਰਤੀ ਮਾਨਸਿਕ ਤੌਰ ਤੇ ਤਿਆਰ ਹੋ ਸਕੇ। ਕਰੋਨਾ ਕਾਰਨ ਮਰਨ ਵਾਲਿਆਂ ਦੇ ਸੰਸਕਾਰ ਤੇ ਸਿਹਤ ਮੁਲਾਜ਼ਮਾਂ ਦੀ ਡਿਊਟੀ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਇਨ੍ਹਾਂ ਮੁਸ਼ਕਿਲਾਂ ਅਤੇ ਜਾਇਜ਼ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਇਨ੍ਹਾਂ ਨੂੰ ਫੌਰੀ ਤੌਰ ਤੇ ਹੱਲ ਕਰਨ। ਜੇਕਰ ਇਨ੍ਹਾਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਅਤੇ ਜਿਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਅਧਿਕਾਰੀ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਆਗੂ ਕੇਵਲ ਸਿੰਘ, ਜਗਦੀਸ਼ ਸਿੰਘ, ਸੰਜੀਵ ਕੁਮਾਰ, ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ, ਜਗਦੀਸ਼ ਰਾਏ, ਚਰਨਜੀਤ ਕੌਰ, ਜਸਵਿੰਦਰ ਕੌਰ, ਗੁਰਬਚਨ ਕੌਰ, ਹਰਜੀਤ ਕੌਰ, ਹੇਮ ਰਾਜ, ਰਵਿੰਦਰ ਸਿੰਘ, ਜਸਕਰਨ ਸਿੰਘ, ਰਾਜਦੀਪ ਸ਼ਰਮਾ, ਨਵਦੀਪ ਕਾਠ, ਅਸ਼ੋਕ ਕੁਮਾਰ ਆਦਿ ਮੌਜੂਦ ਸਨ।