ਸਤਿਆਰਥੀ ਵੱਲੋਂ ਬਾਲ ਜਿਨਸੀ ਸੋਸ਼ਣ ਰੋਕਣ ਲਈ ਸੰਮੇਲਨ ਬੁਲਾਉਣ ਦੀ ਅਪੀਲ

ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਡਿਜੀਟਲ ਬਾਲ ਜਿਨਸੀ ਸੋਸ਼ਣ ਤੇ ਤਸਕਰੀ ਰੋਕਣ ਲਈ ਸੰਯੁਕਤ ਰਾਸ਼ਟਰ ਨੂੰ ਸੰਮੇਲਨ ਬੁਲਾਉਣ ਦੀ ਅਪੀਲ ਕੀਤੀ ਹੈ। ਇਥੋਂ ਦੀ ਅਲੂਮਨੀ ਪੈਨ-ਆਈਆਈਐਮ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਸਤਿਆਰਥੀ ਨੇ ਕਿਹਾ ਕਿ ਇਸ ਸੋਸ਼ਣ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਪਹਿਲਕਦਮੀ ਕਰੇ। ਉਨ੍ਹਾਂ ਕਿਹਾ ਕਿ ਉਹ ਇਸ ਖੇਤਰ ਵਿਚ ਕੰਮ ਵੀ ਕਰ ਰਹੇ ਹਨ। ਉਹ ਇਸ ਬਾਰੇ ਭਾਰਤ ਸਰਕਾਰ ਨਾਲ ਵੀ ਰਾਬਤਾ ਬਣਾ ਰਹੇ ਹਨ। ਉਹ ਚਾਹੁੰਦੇ ਹਨ ਕਿ ਸੰਯੁਕਤ ਰਾਸ਼ਟਰ ਕਾਨੂੰਨੀ ਤੌਰ ’ਤੇ ਬਾਲ ਜਿਨਸੀ ਸੋਸ਼ਣ ਰੋਕਣ ਲਈ ਕੰਮ ਕਰੇ ਤੇ ਅਜਿਹੀ ਤਕਨਾਲੋਜੀ ਦੀ ਵਰਤੋਂ ’ਤੇ ਪਾਬੰਦੀ ਲਾਵੇ ਕਿਉਂਕਿ ਇਸ ਵੇਲੇ ਅਜਿਹੀ ਤਕਨਾਲੋਜੀ ਦਾ ਦੁਰਉਪਯੋਗ ਹੋ ਰਿਹਾ ਹੈ। ਇਸ ਲਈ ਮਜ਼ਬੂਤ ਇੱਛਾਸ਼ਕਤੀ ਵਾਲੇ ਵਿਅਕਤੀ ਚਾਹੀਦੇ ਹਨ ਜੋ ਇਹ ਮੁੱਦਾ ਕੌਮਾਂਤਰੀ ਮੰਚ ’ਤੇ ਉਠਾਉਣ। ਉਨ੍ਹਾਂ ਕਿਹਾ ਕਿ ਇਸ ਸਾਲ ਸਤੰਬਰ ਵਿਚ ਹੋਣ ਵਾਲੇ ਸੰਮੇਲਨ ਲਈ ਇਹ ਮੁੱਦਾ ਚੁੱਕਣਾ ਜਲਦਬਾ਼ਜ਼ੀ ਹੋਵੇਗਾ ਪਰ ਅਗਲੇ ਸਾਲ ਇਸ ਮੁੱਦੇ ਨੂੰ ਵੱਡੇ ਪੱੱਧਰ ’ਤੇ ਉਭਾਰਨਾ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਅਪਰਾਧੀ ਬੱਚਿਆਂ ਦਾ ਜਿਨਸੀ ਸੋਸ਼ਣ ਕਰਕੇ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਨਸ਼ਰ ਕਰਦੇ ਹਨ। ਉਨ੍ਹਾਂ ਕਿਹਾ ਕਿ ਨੈਟਵਰਕ ਨੂੰ ਬਲਾਕ ਕਰਨ ਨਾਲ ਵੀ ਇਹ ਸਮੱਸਿਆ ਹੱਲ ਨਹੀਂ ਹੋਣੀ।