ਸ਼ਰਾਬ ਕਾਂਡ ਲਈ ਕੈਪਟਨ ਤੇ ਵਿਧਾਇਕ ਜ਼ਿੰਮੇਵਾਰ: ਮਜੀਠੀਆ

ਜੰਡਿਆਲਾ ਗੁਰੂ (ਸਮਾਜ ਵੀਕਲੀ) : ਪਿੰਡ ਮੁੱਛਲ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਮਰੇ ਵਿਅਕਤੀਆਂ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਪੁੱਜੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜ਼ਹਿਰਲੀ ਸ਼ਰਾਬ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ਤੋਂ ਇਕ ਹਫ਼ਤੇ ਬਾਅਦ  ਸੂਬਾ ਸਰਕਾਰ ਦੀ ਜਾਗ ਖੁੱਲ੍ਹੀ ਹੈ।

ਸ੍ਰੀ ਮਜੀਠੀਆ ਨੇ ਆਖਿਆ ਕਿ ਇਨ੍ਹਾਂ ਮੌਤਾਂ ਦੇ ਜ਼ਿੰਮੇਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਵਿਧਾਇਕ ਹਨ। ਜੇ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਦਿੱਤੇ ਬਿਆਨਾਂ ਮਗਰੋਂ ਸਰਕਾਰ ਨੇ ਸਮੇਂ ਸਿਰ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਇਹ ਸੈਂਕੜੇ ਮੌਤਾਂ ਨਾ ਹੁੰਦੀਆਂ। ਉਨ੍ਹਾਂ ਆਖਿਆ ਕਿ ਪੁਲੀਸ ਵੱਲੋਂ ਇਨ੍ਹਾਂ ਮੌਤਾਂ ਦੇ ਜ਼ਿੰਮੇਵਾਰ ਅਸਲ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਪਿੰਡਾਂ ਵਿਚੋਂ ਦੇਸੀ ਲਾਹਣ ਫੜ ਕੇ  ਵੱਡੀ ਪ੍ਰਾਪਤੀ ਦੱਸੀ ਜਾ ਰਹੀ ਹੈ ਜਦਕਿ ਮੌਤਾਂ ਫ਼ੈਕਟਰੀਆਂ ਤੋਂ ਆਈ ਜ਼ਹਿਰੀਲੀ ਅਲਕੋਹਲ ਕਾਰਨ ਹੋਈਆਂ ਹਨ।

ਪੁਲੀਸ ਨੇ ਅਸਲ ਮੁਲਜ਼ਮਾਂ ਨੂੰ ਫੜਨ ਲਈ ਕਿਸੇ ਫੈਕਟਰੀ ’ਤੇ ਛਾਪਾ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਪਿੰਡ ਮੁੱਛਲ ਦੇ ਪੀੜਤ ਪਰਿਵਾਰਾਂ ਵੱਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ, ਜਿਸ ਵਿਚ ਨਸ਼ੇ ਬੰਦ ਕਰਨ, ਅਸਲ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦੇਣ, ਮੁਆਵਜ਼ੇ ਦੀ ਰਕਮ 25 ਲੱਖ ਕਰਨ ਅਤੇ ਪਰ‌ਿਵਾਰ ਦੇ ਇਕ ਮੈਂਬਰ ਨੂੰ ਪੱਕੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ।

ਇਸ ਦੌਰਾਨ ਸ੍ਰੀ ਮਜੀਠੀਆ ਮੋਟਰਸਾਈਕਲ ’ਤੇ ਮ੍ਰਿਤਕਾਂ ਦੇ ਘਰਾਂ ’ਚ ਗਏ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਥੇਦਾਰ ਬਲਜੀਤ ਸਿੰਘ, ਵੀਰ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਸੁਖਰਾਜ ਸਿੰਘ, ਸੰਦੀਪ ਸਿੰਘ, ਗਗਨਦੀਪ ਸਿੰਘ ਜੱਜ,   ਮਨਜੀਤ ਸਿੰਘ, ਗੁਰਮੀਤ ਸਿੰਘ    ਆਦਿ ਹਾਜ਼ਰ ਸਨ।