ਵਿਸ਼ਵ ਹਾਕੀ: ਜਰਮਨੀ ਨੇ ਨੈਦਰਲੈਂਡਜ਼ ਨੂੰ 4-1 ਨਾਲ ਦਰਡ਼ਿਆ

ਦੋ ਵਾਰ ਦੇ ਚੈਂਪੀਅਨ ਜਰਮਨੀ ਨੇ ਪਿਛਲੇ ਸਾਲ ਦੇ ਉਪ ਜੇਤੂ ਨੈਦਰਲੈਂਡਜ਼ ਨੂੰ ਬੁੱਧਵਾਰ ਨੂੰ ਇੱਥੇ ਪੂਲ ‘ਡੀ’ ਦੇ ਮੈਚ ਵਿਚ 4-1 ਨਾਲ ਹਰਾ ਕੇ ਪੁਰਸ਼ ਵਿਸ਼ਵ ਕੱਪ ਹਾਕੀ ਦੇ ਕੁਆਰਟਰ ਫਾਈਨਲ ਮੈਚ ’ਚ ਸਿੱਧੇ ਪ੍ਰਵੇਸ਼ ਵੱਲ ਮਜ਼ਬੂਤ ਕਦਮ ਵਧਾਏ। ਉੱਧਰ, ਵਿਸ਼ਵ ਕੱਪ ਹਾਕੀ ਦੇ ਪੂਲ ‘ਡੀ’ ਦੇ ਦੂਜੇ ਮੈਚ ਵਿੱਚ ਚਾਰ ਵਾਰ ਦੇ ਚੈਂਪੀਅਨ ਪਾਕਿਸਤਾਨ ਨੇ ਮਲੇਸ਼ੀਆ ਨੂੰ ਸਖ਼ਤ ਟੱਕਰ ਦਿੱਤੀ, ਜਿਸ ਸਦਕਾ ਦੋਹਾਂ ਟੀਮਾਂ ਵਿਚਾਲੇ ਮੈਚ 1-1 ਨਾਲ ਡਰਾਅ ਹੋ ਗਿਆ।
ਜਰਮਨੀ ਵੱਲੋਂ ਮੈਥੀਅਸ ਮੁੱਲਰ (30ਵੇਂ ਮਿੰਟ), ਲੂਕਾਸ ਵਿੰਡਫੈਡਰ (52ਵੇਂ ਮਿੰਟ), ਮਾਰਕੋ ਮਿਲਟਕਾਊ (54ਵੇਂ) ਅਤੇ ਕ੍ਰਿਸਟੋਫਰ ਰੂਹਰ (58ਵੇਂ ਮਿੰਟ) ਨੇ ਗੋਲ ਕੀਤੇ। ਉਸ ਦੀ ਇਹ ਆਪਣੇ ਪੂਲ ’ਚ ਲਗਾਤਾਰ ਦੂਜੀ ਜਿੱਤ ਹੈ। ਨੈਦਰਲੈਂਡਜ਼ ਨੇ ਹਾਲਾਂਕਿ ਵੇਲੈਂਟਾਈਨ ਵਰਗਾ ਦੇ 13ਵੇਂ ਮਿੰਟ ’ਚ ਕੀਤੇ ਗਏ ਗੋਲ ਨਾਲ ਸ਼ੁਰੂਆਤੀ ਬਡ਼੍ਹਤ ਹਾਸਲ ਕੀਤੀ ਸੀ। ਇਸ ਜਿੱਤ ਨਾਲ ਜਰਮਨੀ ਪੂਲ ‘ਡੀ’ ’ਚ ਛੇ ਅੰਕਾਂ ਨਾਲ ਸਿਖ਼ਰ ’ਤੇ ਪਹੁੰਚ ਗਿਆ ਹੈ। ਨੈਦਰਲੈਂਡਜ਼ ਦੇ ਤਿੰਨ ਅੰਕ ਹਨ। ਜਰਮਨੀ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਨੂੰ 1-0 ਨਾਲ ਹਰਾਇਆ ਸੀ ਜਦੋਂਕਿ ਨੈਦਰਲੈਂਡਜ਼ ਨੇ ਮਲੇਸ਼ੀਆ ਨੂੰ 7-0 ਨਾਲ ਕਰਾਰੀ ਹਾਰ ਦਿੱਤੀ ਸੀ। ਵਿਸ਼ਵ ਦੇ ਨੰਬਰ ਚਾਰ ਨੈਦਰਲੈਂਡਜ਼ ਅਤੇ ਨੰਬਰ ਛੇ ਜਰਮਨੀ ਵਿਚਾਲੇ ਮੁਕਾਬਲੇ ਵਿੱਚ ਡਚ ਟੀਚ ਨੇ ਸ਼ੁਰੂ ਵਿੱਚ ਹਮਲਾਵਰ ਰੁਖ਼ ਦਿਖਾਇਆ ਪਰ ਮੈਚ ਅੱਗੇ ਵਧਣ ਦੇ ਨਾਲ ਜਰਮਨ ਹਾਵੀ ਹੋ ਗਏ। ਨੈਦਰਲੈਂਡਜ਼ ਦੇ ਕਪਤਾਨ ਬਿਲੀ ਬੇਕਰ ਕੋਲ ਗੋਲ ਕਰਨ ਦਾ ਪਹਿਲਾ ਮੌਕਾ ਸੀ ਪਰ ਅੱਠਵੇਂ ਮਿੰਟ ’ਚ ਉਸ ਦਾ ਨੇਡ਼ਿਓਂ ਲਗਾਇਆ ਗਿਆ ਸ਼ਾਟ ਜਰਮਨ ਗੋਲਕੀਪਰ ਟੋਬਿਆਸ ਵਾਲਟਰ ਨੇ ਰੋਕ ਦਿੱਤਾ। ਪਹਿਲੇ ਕੁਆਰਟਰ ਵਿੱਚ ਹਾਲਾਂਕਿ ਨੈਦਰਲੈਂਡਜ਼ ਦਾ ਪ੍ਰਦਰਸ਼ਨ ਚੰਗਾ ਰਿਹਾ ਅਤੇ ਉਸ ਨੇ ਬਡ਼੍ਹਤ ਵੀ ਬਣਾਈ। ਵਰਗਾ ਨੇ 13ਵੇਂ ਮਿੰਟ ਮਾਈਕਰੋ ਪਰੂਈਜਸਰ ਦੇ ਰਿਵਰਸ ਹਿੱਟ ਕਰਾਸ ’ਤੇ ਇਹ ਗੋਲ ਕੀਤਾ। ਜਰਮਨ ਟੀਮ ਨੂੰ ਪਹਿਲਾ ਕੁਆਰਟਰ ਸਮਾਪਤ ਹੋਣ ਤੋਂ ਠੀਕ ਪਹਿਲਾਂ ਪੈਨਲਟੀ ਕਾਰਨਰ ਵੀ ਮਿਲਿਆ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਜਰਮਨੀ ਨੇ ਇਸ ਤੋਂ ਬਾਅਦ ਵੀ ਦਬਾਅ ਬਣਾਈ ਰੱਖਿਆ ਅਤੇ ਉਸ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ। ਇਨ੍ਹਾਂ ’ਚੋਂ ਦੂਜੇ ’ਤੇ ਮੁੱਲਰ ਨੇ ਗੋਲ ਕੀਤਾ। ਅੱਧੇ ਸਮੇਂ ਤੋਂ ਬਾਅਦ ਵੀ ਜਰਮਨੀ ਦਾ ਹਮਲਾਵਰ ਰਵੱਈਆ ਬਰਕਰਾਰ ਰਿਹਾ ਪਰ ਉਹ ਨੈਦਰਲੈਂਡਜ਼ ਸੀ ਜਿਸ ਨੂੰ ਦੋ ਮਿੰਟਾਂ ਦੇ ਅੰਦਰ ਚਾਰ ਪੈਨਲਟੀ ਕਾਰਨ ਮਿਲੇ। ਉਸ ਨੇ ਹਾਲਾਂਕਿ ਇਹ ਸਾਰੇ ਮੌਕੇ ਗੁਆ ਦਿੱਤੇ। ਨੈਦਰਲੈਂਡਜ਼ ਨੂੰ ਇਹ ਅਣਗਹਿਲੀ ਭਾਰੀ ਪਈ ਅਤੇ ਜਰਮਨੀ ਨੇ ਆਪਣੇ ਚੌਥੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਉਸ ਵੱਲੋਂ ਇਹ ਗੋਲ ਡਿਫੈਂਡਰ ਨੇ ਕੀਤਾ। ਉਸ ਤੋਂ ਦੋ ਮਿੰਟਾਂ ਬਾਅਦ ਮਿਲਟਕਾਊ ਨੇ ਨਿਕਲਸ ਵੈਲੇਨ ਦੇ ਪਾਸ ’ਤੇ ਗੋਲ ਕਰ ਕੇ ਸਕੋਰ 3-1 ਕਰ ਦਿੱਤਾ। ਜਰਮਨੀ ਇੱਥੇ ਹੀ ਨਹੀਂ ਰੁਕਿਆ। ਉਸ ਨੂੰ ਆਖ਼ਰੀ ਹੂਟਰ ਬਜਣ ਤੋਂ ਦੋ ਮਿੰਟ ਪਹਿਲਾਂ ਪੈਨਲਟੀ ਕਾਰਨਰ ਸਟਰੋਕ ਮਿਲਿਆ ਜਿਸ ਨੂੰ ਰੂਹਰ ਨੇ ਗੋਲ ’ਚ ਬਦਲ ਦਿੱਤਾ।