ਵਿਸ਼ਵ ਹਾਕੀ ਕੱਪ: ਨੈਦਰਲੈਂਡਜ਼ ਨੇ ਤੋੜਿਆ ਭਾਰਤ ਦਾ ਸੁਫ਼ਨਾ

43 ਸਾਲਾਂ ਬਾਅਦ ਵਿਸ਼ਵ ਕੱਪ ਨੂੰ ਜਿੱਤਣ ਦੀਆਂ ਭਾਰਤੀ ਆਸਾਂ ’ਤੇ ਪਾਣੀ ਫੇਰਦਿਆਂ ਪਿਛਲੇ ਸਾਲ ਦੀ ਉਪ ਜੇਤੂ ਟੀਮ ਨੈਦਰਲੈਂਡਜ਼ ਨੇ ਮੇਜ਼ਬਾਨ ਭਾਰਤ ਨੂੰ 2-1 ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਘਰੇਲੂ ਮੈਦਾਨ ਉੱਤੇ ਭਾਰਤੀ ਟੀਮ ਕੋਲ ਇਹ ਸੁਨਹਿਰੀ ਮੌਕਾ ਸੀ ਪਰ ਨੈਦਰਲੈਂਡਜ਼ ਦੀ ਰਣਨੀਤੀ ਅੱਗੇ ਭਾਰਤੀ ਟੀਮ ਢਹਿ ਢੇਰੀ ਹੋ ਗਈ। ਇਸ ਮੈਚ ਨੂੰ ਦੇਖਣ ਪੁੱਜੇ ਦਰਸ਼ਕਾਂ ਨੂੰ ਵੀ ਨਿਰਾਸ਼ ਪਰਤਣਾ ਪਿਆ। ਇਸ ਦੌਰਾਨ ਐੱਫਆਈਐੱਚ ਪਲੇਸਮੈਂਟ ਨਿਯਮਾਂ ਦੇ ਅਧੀਨ ਭਾਰਤ ਨੂੰ ਇਸ ਵਿਸ਼ਵ ਕੱਪ ਵਿੱਚ ਅੰਕਾਂ ਦੇ ਅਧਾਰ ’ਤੇ ਛੇਵਾਂ ਸਥਾਨ ਦਿੱਤਾ ਗਿਆ ਹੈ। ਮੈਚ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀਆਂ ਦੀਆਂ ਅੱਖਾਂ ਨਮ ਹੋਈਆਂ ਪਰ ਕਾਰਨ ਵੱਖਰੇ ਸਨ। ਦੂਜੇ ਕੁਆਰਟਰ ਫਾਈਨਲ ਵਿੱਚ ਬੈਲਜੀਅਮ ਨੇ ਜਰਮਨੀ ਨੂੰ 2-1 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। 14 ਦਸੰਬਰ ਨੂੰ ਆਰਾਮ ਦਾ ਦਿਨ ਹੋਣ ਕਾਰਨ ਸੈਮੀ ਫਾਈਨਲ ਮੈਚ 15 ਦਸੰਬਰ ਨੂੰ ਖੇਡੇ ਜਾਣਗੇ।
ਇੱਥੋਂ ਦੇ ਕਲਿੰਗਾ ਸਟੇਡੀਅਮ ਵਿੱਚ ਅੱਜ ਖੇਡੇ ਗਏ ਦੋਵੇਂ ਕੁਆਰਟਰ ਫਾਈਨਲ ਮੈਚਾਂ ਦੀ ਰੂਪਰੇਖਾ ਇੱਕੋ ਜਿਹੀ ਰਹੀ। ਦੋਵੇਂ ਮੈਚਾਂ ਵਿੱਚ ਪਲੇਠੀ ਲੀਡ ਲੈਣ ਵਾਲੀਆਂ ਦੋਵੇਂ ਟੀਮਾਂ ਹਾਰ ਗਈਆਂ। ਭਾਰਤ-ਨੈਦਰਲੈਂਡਜ਼ ਮੈਚ ਦੇ ਪਹਿਲੇ ਕੁਆਰਟਰ ਵਿੱਚ ਟੱਕਰ ਬਰਾਬਰ ਦੀ ਰਹੀ ਪਰ ਪਹਿਲੀ ਲੀਡ ਭਾਰਤ ਨੇ ਹਾਸਲ ਕੀਤੀ। ਇਹ ਗੋਲ 12ਵੇਂ ਮਿੰਟ ਵਿੱਚ ਹੋਇਆ ਜਦੋਂ ਪੈਨਲਟੀ ਕਾਰਨਰ ਦੌਰਾਨ ਆਕਾਸ਼ਦੀਪ ਨੇ ਰੀਬਾਊਂਡ ਰਾਹੀਂ ਬਾਲ ਗੋਲਾਂ ਵਿੱਚ ਧਕੇਲ ਦਿੱਤੀ। ਇਸ ਗੋਲ ਤੋਂ ਤਿੰਨ ਮਿੰਟਾਂ ਬਾਅਦ ਹੀ ਨੈਦਰਲੈਂਡਜ਼ ਨੇ ਬਰਾਬਰੀ ਕਰ ਲਈ ਜਦੋਂ ‘ਡੀ’ ਦੇ ਬਾਹਰੋਂ ਆਉਂਦੀ ਹਿੱਟ ਬਰਿੰਕਮੈਨ ਥੈਰੀ ਨਾਲ ਖਹਿ ਕੇ ਗੋਲਕੀਪਰ ਸ੍ਰੀਜੇਸ਼ ਨੂੰ ਝਕਾਨੀ ਦਿੰਦੀ ਹੋਈ ਗੋਲਾਂ ਅੰਦਰ ਜਾ ਵੜੀ। ਇਸ ਤੋਂ ਬਾਅਦ ਭਾਰਤ ਫਾਰਵਰਡ ਲਾਈਨ ਨੇ ਬਹੁਤ ਹੀ ਤਾਲਮੇਲ ਵਾਲੀ ਖੇਡ ਦਿਖਾਉਂਦਿਆਂ ਨੈਦਰਲੈਂਡਜ਼ ਨੂੂੰ ਵਖ਼ਤ ਪਾਈ ਰੱਖਿਆ। ਭਾਰਤ ਵੱਲੋਂ ਬਣਾਏ ਦਬਾਅ ਦੇ ਉਲਟ ਨੈਦਰਲੈਂਡਜ਼ ਨੇ 50ਵੇਂ ਮਿੰਟ ਵਿੱਚ ਗੋਲ ਦਾਗ ਦਿੱਤਾ। ਇਹ ਗੋਲ ਵੀਰਡਨ ਮਿੰਕ ਨੇ ਪੈਨਲਟੀ ਕਾਰਨਰ ਰਾਹੀਂ ਕੀਤਾ। ਮੈਚ ਦੇ ਆਖਰੀ ਮਿੰਟਾਂ ਵਿੱਚ ਭਾਰਤੀ ਟੀਮ ਵੱਲੋਂ ਕੀਤੀਆਂ ਗਈਆਂ ਬਰਾਬਰੀ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਭਾਰਤ ਦੇ ਸੁਰਿੰਦਰ ਕੁਮਾਰ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਨੈਦਰਲੈਂਡਜ਼ ਦਾ ਮੁਕਾਬਲਾ ਹੁਣ ਪਿਛਲੇ ਸਾਲ ਦੀ ਜੇਤੂ ਟੀਮ ਆਸਟਰੇਲੀਆ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿੱਚ ਬੈਲਜੀਅਮ ਨੇ ਜਰਮਨੀ ਨੂੰ 2-1 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ।
ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਪਹਿਲੀ ਵਾਰ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪੁੱਜੀ ਹੈ। 2014 ਵਿੱਚ ਇਹ ਪੰਜਵੇਂ ਸਥਾਨ ’ਤੇ ਰਹੀ ਸੀ ਜੋ ਇਸ ਟੀਮ ਦਾ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਸੀ। ਦੂਜੇ ਪਾਸੇ ਜਰਮਨੀ ਦੀ ਟੀਮ ਦਾ ਵਿਸ਼ਵ ਹਾਕੀ ਵਿੱਚ ਮਾਣਮੱਤਾ ਇਤਿਹਾਸ ਰਿਹਾ ਹੈ ਪਰ ਇਹ ਟੀਮ ਪਿਛਲੇ ਸਾਲਾਂ ਤੋਂ ਔਸਤਨ ਪ੍ਰਦਸ਼ਨ ਕਰ ਰਹੀ ਹੈ ਜਿਹੜਾ ਇਸ ਵਿਸ਼ਵ ਕੱਪ ਵਿੱਚ ਵੀ ਜਾਰੀ ਰਿਹਾ। ਅੱਜ ਦੇ ਕੁਆਰਟਰ ਫਾਈਨਲ ਮੈਚ ਵਿੱਚ ਜਰਮਨੀ ਦੀ ਟੀਮ ਪਹਿਲੀ ਲੀਡ ਹਾਸਲ ਕਰਨ ਵਿੱਚ ਕਾਮਯਾਬ ਰਹੀ ਜਦੋਂ ਲਿੰਕੋਜੈਲ ਡੀਟਰ ਨੇ 14ਵੇਂ ਮਿੰਟ ਵਿੱਚ ਫੀਲਡ ਗੋਲ ਦਾਗਿਆ।
ਇੱਕ ਗੋਲ ਨਾਲ ਪਛੜਨ ਤੋਂ ਬਾਅਦ ਬੈਲਜੀਅਮ ਨੇ ਦੂਜੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਬਰਾਬਰੀ ਕਰ ਲਈ ਜਦੋਂ ਹੈਂਡਰਿਕਸ ਐਲਗਜ਼ੈਡਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ। ਇਸ ਗੋਲ ਤੋਂ ਬਾਅਦ ਦੋਵੇਂ ਟੀਮਾਂ ਨੇ ਲੀਡ ਹਾਸਲ ਕਰਨ ਵਿੱਚ ਪੂਰੀ ਵਾਹ ਲਾਈ ਪਰ ਸਫਲਤਾ ਬੈਲਜੀਅਮ ਨੂੰ ਮਿਲੀ। 50ਵੇਂ ਮਿੰਟ ਵਿੱਚ ਟੌਮ ਬੂਨ ਨੇ ਫੀਲਡ ਗੋਲ ਰਾਹੀਂ ਬੈਲਜੀਅਮ ਲਈ ਸੈਮੀ ਫਾਈਨਲ ਦਾ ਰਾਹ ਪੱਧਰਾ ਕਰ ਦਿੱਤਾ। ਇਸ ਟੂਰਨਾਮੈਂਟ ਵਿੱਚ ਐਲਗਜ਼ੈਂਡਰ ਦਾ ਪੰਜਵਾਂ ਗੋਲ ਸੀ। ਬੈਲਜੀਅਮ ਦੇ ਅਰਥਰ ਵੈਨ ਡੌਨ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਸੈਮੀ ਫਾਈਨਲ ਵਿੱਚ ਬੈਲਜੀਅਮ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ।