ਵਿਸ਼ਵ ਕੱਪ: ਤਿਆਰੀ ਲਈ ਨਿਊਜ਼ੀਲੈਂਡ ਖ਼ਿਲਾਫ਼ ਉਤਰੇਗਾ ਭਾਰਤ

ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਭਾਰਤੀ ਟੀਮ ਸ਼ਨਿੱਚਰਵਾਰ ਨੂੰ ਇੱਥੇ ਵਿਸ਼ਵ ਕੱਪ ਲਈ ਆਪਣੇ ਸ਼ੁਰੂਆਤੀ ਮੈਚ ਵਿੱਚ ਨਿਊਜ਼ੀਲੈਂਡ ਨਾਲ ਖੇਡੇਗੀ। ਇਹ ਮੈਚ ਖਿਡਾਰੀਆਂ ਲਈ ਖ਼ੁਦ ਨੂੰ ਹਾਲਾਤ ਅਨੁਸਾਰ ਢਾਲਣ ਲਈ ਅਹਿਮ ਹੈ। ਇਸ ਦੇ ਨਾਲ ਹੀ ਭਾਰਤ ਨੇ ਚੌਥੇ ਨੰਬਰ ਦੀ ਬੱਲੇਬਾਜ਼ੀ ਬਾਰੇ ਸ਼ੰਕਾ ਵੀ ਦੂਰ ਕਰਨੀ ਹੈ। ਕੇਨਿੰਗਟਨ ਓਵਲ ਵਿੱਚ ਹੋਣ ਵਾਲੇ ਇਸ ਮੁਕਾਬਲੇ ਵਿੱਚ ਟੀਮ ਆਪਣੇ ਮਜ਼ਬੂਤ ਗੇਂਦਬਾਜ਼ਾਂ ਨੂੰ ਵਰਤਣ ਦੀ ਥਾਂ ਲੋਕੇਸ਼ ਰਾਹੁਲ ਅਤੇ ਵਿਜੈ ਸ਼ੰਕਰ ’ਤੇ ਧਿਆਨ ਲਗਾਏਗੀ, ਜੋ ਚੌਥੇ ਨੰਬਰ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਵਿਰਾਟ ਕੋਹਲੀ ਦੀ ਟੀਮ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਟੂਰਨਾਮੈਂਟ ਵਿੱਚ ਦੋ ਖ਼ਿਤਾਬਾਂ ਵਿੱਚੋਂ ਇੱਕ ਹੋਰ ਟਰਾਫ਼ੀ ਜੋੜਨ ਦੇ ਇਰਾਦੇ ਨਾਲ ਇੱਥੇ ਪਹੁੰਚੀ ਹੈ। ਭਾਰਤ ਨੇ 1983 ਅਤੇ 2011 ਵਿੱਚ ਖ਼ਿਤਾਬ ਆਪਣੇ ਨਾਮ ਕੀਤਾ ਸੀ। ਇੱਕ ਰੋਜ਼ਾ ਰੈਂਕਿੰਗਜ਼ ਵਿੱਚ ਭਾਰਤੀ ਟੀਮ ਇੰਗਲੈਂਡ ਤੋਂ ਪਿੱਛੇ ਦੂਜੇ ਸਥਾਨ ’ਤੇ ਹੈ। ਭਾਰਤ ਮੇਜ਼ਬਾਨ ਦੇਸ਼ ਅਤੇ ਮੌਜੂਦਾ ਚੈਂਪੀਅਨ ਆਸਟਰੇਲੀਆ ਨਾਲ ਟੂਰਨਾਮੈਂਟ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ੁਮਾਰ ਹੋਵੇਗਾ। ਭਾਰਤ ਪੰਜ ਜੂਨ ਨੂੰ ਸਾਊਥੈਂਪਟਨ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਟੂਰਨਾਮੈਂਟ ਵਿੱਚ ਮੁਹਿੰਮ ਸ਼ੁਰੂ ਕਰੇਗਾ। ਵਿਰੋਧੀ ਟੀਮਾਂ ਦੀਆਂ ਨਜ਼ਰਾਂ ਭਾਰਤੀ ਕਪਤਾਨ ’ਤੇ ਹੋਣਗੀਆਂ, ਜੋ ਇੱਕ ਰੋਜ਼ਾ ਕ੍ਰਿਕਟ ਤੋਂ ਇਲਾਵਾ ਟੈਸਟ ਕ੍ਰਿਕਟ ਵਿੱਚ ਵੀ ਅੱਵਲ ਨੰਬਰ ਬੱਲੇਬਾਜ਼ ਹੈ। ਨਾਲ ਹੀ ਵਿਰੋਧੀ ਟੀਮਾਂ ਉਸ ਦੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਵੀ ਪਰਖਣਾ ਚਾਹੁੰਣਗੀਆਂ। ਸਲਾਮੀ ਬੱਲੇਬਾਜ਼ੀ ਵਜੋਂ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਮਗਰੋਂ ਤੀਜੇ ਨੰਬਰ ’ਤੇ ਵਿਰਾਟ ਕੋਹਲੀ ਦੀ ਮੌਜੂਦਗੀ ਨਾਲ ਚੋਟੀ ਦੇ ਤਿੰਨ ਬੱਲੇਬਾਜ਼ਾਂ ਦੇ ਹਿਸਾਬ ਨਾਲ ਭਾਰਤ ਦੁਨੀਆਂ ਵਿੱਚ ਸਭ ਤੋਂ ਮਜ਼ਬੂਤ ਟੀਮ ਹੈ। ਇਸ ਵਿੱਚ ਅਨੁਭਵੀ ਮਹਿੰਦਰ ਸਿੰਘ ਧੋਨੀ, ਹਰਫ਼ਨਮੌਲਾ ਕੇਦਾਰ ਜਾਧਵ ਅਤੇ ਹਾਰਦਿਕ ਪਾਂਡਿਆ ਵੀ ਮੌਜੂਦ ਹਨ। ਵਿਰੋਧੀਆਂ ਦੀ ਨਜ਼ਰ ਭਾਰਤ ਦੇ ਤੇਜ਼ ਗੇਂਦਬਾਜ਼ਾਂ ’ਤੇ ਵੀ ਹੋਵੇਗੀ। ਦੁਨੀਆਂ ਦਾ ਸਰਵੋਤਮ ਇੱਕ ਰੋਜ਼ਾ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇਜ਼ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਕਰੇਗਾ, ਜਿਸ ਵਿੱਚ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਅਤੇ ਹਾਰਦਿਕ ਸ਼ਾਮਲ ਹਨ। ਸਪਿੰਨਰ ਵਜੋਂ ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ਵੀ ਭਾਰਤੀ ਟੀਮ ਦਾ ਹਿੱਸਾ ਹੋਣਗੇ। ਹਾਲ ਦੇ ਸਾਲਾਂ ਵਿੱਚ ਇੱਕ ਰੋਜ਼ਾ ਦੇ ਸਰਵੋਤਮ ਬੱਲੇਬਾਜ਼ਾਂ ਵਿੱਚ ਸ਼ੁਮਾਰ ਰੋਸ ਟੇਲਰ ਨੇ ਕਿਹਾ ਸੀ ਕਿ ਚੰਗਾ ਹੈ ਕਿ ਨਿਊਜ਼ੀਲੈਂਡ ਦੀ ਟੀਮ ਆਪਣੇ ਅਭਿਆਸ ਮੈਚ ਵਿੱਚ ਭਾਰਤ ਨਾਲ ਖੇਡ ਰਹੀ ਹੈ। ਕੋਹਲੀ ਨੇ ਆਪਣੀ ਟੀਮ ਦੀ ਕਾਬਲੀਅਤ ’ਤੇ ਭਰੋਸਾ ਪ੍ਰਗਟਾਇਆ ਸੀ। ਨਿਊਜ਼ੀਲੈਂਡ ਨੇ ਆਪਣਾ ਆਖ਼ਰੀ ਇੱਕ ਰੋਜ਼ਾ 19 ਫਰਵਰੀ ਨੂੰ ਬੰਗਲਾਦੇਸ਼ ਖ਼ਿਲਾਫ਼ ਖੇਡਿਆ ਸੀ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗਾ।