ਵਿਲੱਖਣ ਸ਼ਖਸੀਅਤ : ਅਸ਼ੋਕ ਅਮਰੋਹੀ

ਡਾ. ਅਸ਼ੋਕ ਅਮਰੋਹੀ

(ਸਮਾਜ ਵੀਕਲੀ)

ਕਰੋਨਾ ਨੇ ਇਕ ਹੋਰ ਹੀਰਾ ਲੀਲ ਲਿਆ

ਇਤਿਹਾਸ ਗਵਾਹ ਹੈ , ਦੁਨੀਆਂ ਉਤੇ ਜਦੋਂ ਵੀ ਮਹਾਂਮਾਰੀ ਫੈਲੀ ਹੈ, ਮਾਨਵ ਜਾਤੀ ਦਾ ਘਾਣ ਹੋਇਆ ਹੈ. ਹਰ ਅਾਮ ਓ ਖਾਸ ਵਿਅਕਤੀ ਬੇਬਸ ਦਿਖਾਈ ਦਿੰਦਾ ਹੈ. ਰੱਬ ਨਾਲ ਸਿੱਧੀਆ ਗੱਲਾਂ ਕਰਨ ਵਾਲੇ ਅਖੌਤੀ ਬਾਬੇ ਮਾਨਵਜਾਤੀ ਦੇ ਬਚਾਓ ਵਿਚ ਬੁਰੀ ਤਰਾਂ ਫ਼ੇਲ ਸਾਬਤ ਹੋਏ ਹਨ. ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਜਦੋਂ ਕਦੀ ਵੀ ਮਾਨਵਜਾਤੀ ਉਤੇ ਭੀੜ ਪਈ ਹੈ ਸਿਰਫ਼ ਵਿਗਿਆਨ ਅਤੇ ਵਿਗਿਆਨੀ ਹੀ ਸਹਾਰਾ ਬਣੇ ਹਨ ਜਿਨਾਂ ਨੂੰ ਕੱਟੜ ਰੂੜੀਵਾਦੀਆਂ ਨੇ ਹਮੇਸ਼ਾ ਨਾ ਸਿਰਫ਼ ਸਤਾਇਆ, ਅਪਮਾਨਿਤ ਕੀਤਾ ਬਲਕਿ ਕਈ ਵਾਰੀ ਮੌਤ ਦੇ ਘਾਟ ਵੀ ਉਤਾਰਿਆ ਹੈ. ਕਰੋਨਾ ਮਹਾਂਮਾਰੀ ਨੇ ਇਕ ਵਾਰ ਫ਼ਿਰ ਆਪਣਾ ਇਤਿਹਾਸ ਦੁਹਰਾਇਆ ਹੈ.

ਮੇਰੇ ਵਰਗੇ ਬਹੁਤ ਲੋਕ ਹੋਣਗੇ ਜਿਨਾਂ ਨੇ ਆਪਣੇ ਪਰੀਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ , ਜਾਣਕਾਰਾਂ, ਸਮਾਜ ਦੀ ਬੇਹਤਰੀ ਲਈ ਕੰਮ ਕਰਨ ਵਾਲੇ ਯੋਧਿਆਂ , ਡਾਕਟਰਾਂ ,ਨਰਸਾਂ ਅਤੇ ਅਗਲੇਰੀ ਕਤਾਰ ਵਿਚ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਅਤੇ ਇਥੋਂ ਤੱਕ ਕਿ ਆਪਣੇ ਆਪ ਨੂੰ ਰੱਬ ਦੇ ਚਹੇਤੇ ਕਹਾਉਣ ਵਾਲੇ ਬਾਬਿਆਂ ਨੂੰ ਵੀ ਕਰੋਨਾ ਨੇ ਲੀਲ ਲਿਆ ਹੋਵੇ. ਮਾਨਵਜਾਤੀ ਦਾ ਏਡਾ ਵੱਡਾ ਘਾਣ ਹੋ ਜਾਣ ਦੇ ਬਾਵਜੂਦ ਵੀ ਕਈ ਲੋਕ ਇਸਨੂੰ ਸਾਜਿਸ਼ ਮੰਨਦੇ ਹਨ. ਕਈ ਇਸ ਵਿਚੋਂ ਬਿਜ਼ਨਿਸ ਤਲਾਸਦੇ ਹਨ. ਕਈ ਲੋਕ ਇਸ ਨੂੰ ਨਾਲੇ ਪੁੰਨ ਤੇ ਨਾਲੇ ਫ਼ਲੀਆਂ ਵਾਂਗੂੰ ਲੈਂਦੇ ਹਨ. ਕਈਆਂ ਨੇ ਆਪਾ ਤੱਕ ਵਾਰ ਦਿੱਤਾ ਪਰ ਕਈ ਅਜਿਹੇ ਵੀ ਹਨ ਜਿਨਾਂ ਨੇ ਲੋਕ ਭਲਾਈ ਦੇ ਨਾਂ ਉਤੇ ਦੋਹੀ ਹੱਥੀਂ ਲੁੱਟਿਆ ਹੈ. ਕਈਆਂ ਲਈ ਮੌਤਾਂ ਸਿਰਫ਼ ਅੰਕੜਾ ਹਨ ਪਰ ਕਈਆਂ ਲਈ ਮੌਤ ਉਮਰ ਭਰ ਦਾ ਦਰਦ ਹੈ, ਇਕ ਡਰਾਉਣੀ ਹਕੀਕਤ ਹੈ.

ਮੈਂ ਵੀ ਇਸ ਚੱਲ ਰਹੀ ਕਰੋਨਾ ਮਹਾਂਮਾਰੀ ਵਿਚ ਕਈ ਆਪਣੇ, ਕਈ ਜਾਣਕਾਰ, ਕਈ ਆਪਣਿਆਂ ਤੋਂ ਵੱਧ ਪਿਆਰੇ ਦੋਸਤ, ਸੰਗੀ – ਸਾਥੀ , ਅੰਬੇਡਕਰੀ ਲਹਿਰ ਦੇ ਜੁਝਾਰੂ ਸਾਥੀਆਂ ਅਤੇ ਸਮਾਜ ਦੇ ਹੀਰੇ ਕਹੇ ਜਾਣ ਵਾਲੇ ਸ਼ਖਸ਼ਾਂ ਨੂੰ ਖੋਹਿਆ ਹੈ. ਹੁਣੇ ਹੀ ਸਮਾਜ ਦਾ ਇਕ ਹੋਰ ਅਜਿਹਾ ਹੀਰਾ ਕਰੋਨਾ ਮਹਾਂਮਾਰੀ ਦੀ ਭੇਂਟ ਚੜ ਗਿਆ , ਜਿਨਾਂ ਨੂੰ ਪੈਦਾ ਕਰਨ ਲਈ ਸਮਾਜ ਨੂੰ ਬਹੁਤ ਘਾਲਣਾ ਘਾਲਣੀ ਪੈਦੀ ਹੈ. ਉਸ ਸ਼ਖਸ਼ੀਅਤ ਦਾ ਨਾਂ ਹੈ – ਸਾਬਕਾ ਭਾਰਤੀ ਰਾਜਦੂਤ ਡਾ. ਅਸ਼ੋਕ ਅਮਰੋਹੀ , ਜਿਨਾਂ ਨਾਲ ਮੇਰੀਆਂ ਬਹੁਤ ਪੁਰਾਣੀਆਂ ਯਾਦਾਂ ਜੁੜੀਆਂ ਹੋਈਆ ਹਨ. ਉਨਾਂ ਦੀ ਬੇਵਕਤੀ ਮੌਤ ਉਤੇ ਮੇਰੇ ਦੋਸਤੇ ਅਤੇ ਡਾ. ਅਸ਼ੋਕ ਅਮਰੋਹੀ ਦੇ ਸਾਥੀ ਰਾਜਦੂਤ ਸੀ੍ਮਾਨ ਰਮੇਸ਼ ਚੰਦਰ ਜੀ ਨੇ ਇੰਗਲਿਸ਼ ਵਿਚ ਲੇਖ ਲਿਖਿਆ ਹੈ, ਜਿਸ ਵਿਚ ਉਨਾਂ ਨੇ ਜਿੱਥੇ ਅਸ਼ੋਕ ਅਮਰੋਹੀ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆ ਹਨ, ਉਥੇ ਡਾ.ਅਸ਼ੋਕ ਅਮਰੋਹੀ ਦੇ ਬਤੌਰ ਰਾਜਦੂਤ ,ਉਨਾਂ ਦੀ ਕਾਰਜਸ਼ੈਲੀ, ਉਨਾਂ ਦੀ ਵਿਲੱਖਣ ਸ਼ਖਸ਼ੀਅਤ ਬਾਰੇ ਵਿਸਥਾਰ ਪੂਰਵਕ ਲਿਖਿਆ ਹੈ ਜਿਸ ਨੂੰ ਜਰੂਰ ਪੜਣਾ ਚਾਹੀਦਾ ਹੈ .

ਮੇਰੇ ਡਾ. ਅਸ਼ੋਕ ਅਮਰੋਹੀ ਅਤੇ ਉਸ ਦੇ ਪਰੀਵਾਰ ਨਾਲ ਬੜੇ ਡੂੰਘੇ ਸਬੰਧ ਹਨ. ਮੇਰੀ ਡਾ. ਅਸ਼ੋਕ ਅਮਰੋਹੀ ਨਾਲ ਮੁਲਾਕਾਤ ਸੰਨ 1980 ਦੇ ਆਸ ਪਾਸ ਉਦੋਂ ਹੋਈ ਜਦੋਂ ਉਹ ਆਪਣੇ ਦੋ ਹੋਰ ਡਾਕਟਰ ਸਾਥੀਆਂ ਨਾਲ ਜਲੰਧਰ ਦੇ ਸਿਵਲ ਹਸਪਤਾਲ ਵਿਚ ਇੰਟਰਨਸ਼ਿਪ ਕਰ ਰਹੇ ਸਨ. ਇਹ ਲੋਕ ਅੰਬੇਡਕਰ ਭਵਨ ਜਲੰਧਰ ਵਿਚ ਹੀ ਰਹਿੰਦੇ ਸਨ . ਉਸ ਵੇਲੇ ਮੈਂ ਅੰਬੇਡਕਰੀ ਗਤੀਵਿਧੀਆਂ ਵਿਚ ਲੀਨ ਰਹਿੰਦਾ ਸੀ . ਕਿਉਕਿ ਡਾ. ਅਮਰੋਹੀ ਦੇ ਪਿਤਾ ਚੌਧਰੀ ਪਰਭਾਤੀ ਰਾਮ ( ਅੰਮਿਰਤਸਰ ਤੋਂ) ਰਿਪਬਲਿਕਨ ਪਾਰਟੀ ਦੇ ਉਘੇ ਆਗੂ ਸਨ , ਅਤੇ ਅਸ਼ੋਕ ਖੁੱਦ ਵੀ ਅੰਬੇਡਕਰੀ ਗਤੀਵਿਧੀਆਂ ਵਿਚ ਦਿਲਚਸਪੀ ਲੈਦੇ ਸਨ ,ਇਸ ਕਰਕੇ ਮੇਰੀ ਉਸ ਨਾਲ ਖੂਬ ਬਣਦੀ ਸੀ.ਅੰਬੇਡਕਰ ਜਿਅੰਤੀ ਦੇ ਮੌਕੇ ਬੈਨਰ ਤਿਆਰ ਕਰਨੇ , ਮੋਟੋ ਲਿਖਣੇ , ਨਾਰੇ ਬਣਾਉਣੇ, ਗੱਤਿਆ ਉਤੇ ਸਲੋਗਨ ਲਿਖਣੇ ਅਤੇ ਹੋਰ ਅਨੇਕਾਂ ਕੰਮ ਰਲ ਮਿਲ ਕੇ ਕਰਦੇ ਸੀ. ਮੈਂ ਅੰਬੇਡਕਰ ਮਿਸ਼ਨ ਦੇ ਪਰਚਾਰ ਤੇ ਪਰਸਾਰ ਵਿਚ ਲੱਗਾ ਰਿਹਾ. ਮੈਨੂੰ ਬਾਦ ਵਿਚ ਪਤਾ ਲੱਗਾ ਕਿ ਉਸ ਨੇ ਆਈ. ਐਫ਼. ਐਸ. ਜੁਆਇਨ ਕਰ ਲਈ ਹੈ ਅਤੇ ਕਿਤੇ ਬਾਹਰਲੇ ਦੇਸ਼ ਵਿਚ ਹੈ. ਅਸ਼ੋਕ ਦੇ ਪਰੀਵਾਰ ਨਾਲ ਮੇਰਾ ਰਾਬਤਾ ਬਣਿਆ ਰਿਹਾ. ਚੌਧਰੀ ਪਰਭਾਤੀ ਰਾਮ ਦੀ ਅੰਬੇਡਕਰੀ ਲਹਿਰ ਵਿਚ ਖਾਸ ਥਾਂ ਹੈ. ਅੰਮਿਰਤਸਰ ਵਿਖੇ ਹਰਮੰਦਿਰ ਸਾਹਿਬ ਨੂੰ ਜਾਂਦਿਆਂ ਰਾਹ ਵਿਚ ਬਾਬਾ ਸਾਹਿਬ ਦਾ ਇਕ ਬਹੁਤ ਖੂਬਸੂਰਤ ਬੁੱਤ ਲੱਗਾ ਹੋਇਆ ਹੈ , ਇਸ ਚੌਕ ਨੂੰ ਬਨਵਾਉਣ ਵਿਚ ਚੌਧਰੀ ਸਾਹਿਬ ਦਾ ਬਹੁਤ ਯੋਗਦਾਨ ਹੈ. ਚੌਧਰੀ ਪਰਭਾਤੀ ਰਾਮ ਜੀ ਨੇ ਆਪਣੀ ਔਲਾਦ ਨੂੰ ਉਚੀ ਵਿਦਿਆ ਦੁਆਈ ਅਤੇ ਵੱਡੇ ਵੱਡੇ ਔਹਦਿਆ ਉਪਰ ਪਹੁੰਚਾਇਆ , ਆਪ ਭਾਵੇਂ ਉਹ ਸਧਾਰਨ ਪੜੇ ਲਿਖੇ ਸਨ. ਬਾਦ ਵਿਚ ਜਦੋਂ ਮੈਂ ਵੀ ਪਹਿਲਾਂ ਇੰਡੀਅਨ ਏਅਰ ਲਾਇਨ , ਫ਼ਿਰ ਏਅਰ ਇੰਡੀਆਂ ਵਿਚ ਬਤੌਰ ਟਰੈਫ਼ਿਕ ਸੁਪਰਡੈਂਟ ਅੰਮਿਰਤਸਰ ਏਅਰ ਪੋਰਟ ਉਤੇ ਤਾਇਨਾਤ ਸੀ ਤਾਂ ਡਾ. ਅਸ਼ੋਕ ਅਮਰੋਹੀ ਆਪਣੇ ਪਰੀਵਾਰ ਨਾਲ ਗਲਫ਼ ਨੂੰ ਜਾ ਰਿਹਾ ਸੀ. ਇਹ ਮੇਰੀ ਉਸ ਨਾਲ ਆਖਰੀ ਮੁਲਾਕਾਤ ਸੀ. ਰਿਟਾਇਰਮੈਟ ਤੋਂ ਬਾਦ ਉਹ ਦਿੱਲੀ ਸਥਾਈ ਤੌਰ ਤੇ ਰਹਿਣ ਲੱਗ ਪਿਆ. ਪਰ ਉਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਉਸ ਦੇ ਪਰੀਵਾਰਕ ਮੈਂਬਰਾਂ ਕੋਲੋ ਜਾਂ ਸਾਬਕਾ ਰਾਜਦੂਤ ਸੀ੍ ਰਮੇਸ਼ ਚੰਦਰ ਜੀ ,ਜੋ ਮੇਰੇ ਮੁਹੱਲੇ ਵਿਚ ਹੀ ਰਹਿੰਦੇ ਹਨ, ਪਾਸੋ ਮਿਲਦੀ ਰਹਿੰਦੀ ਸੀ. ਉਨਾਂ ਦੇ ਦੁਖਦਾਈ ਵਿਛੋੜੇ ਦੀ ਖਬਰ ਵੀ ਮੈਨੂੰ ਰਮੇਸ਼ ਚੰਦਰ ਦੁਆਰਾ ਮਿਲੀ. ਮੇਰੇ ਦੋਸਤਾਂ ਵਿਚੋਂ ਇਹ ਇਕ ਹੋਰ ਹੀਰਾ ਸੀ ਜਿਹੜਾ ਕਰੋਨਾ ਮਹਾਂਮਾਰੀ ਨੇ ਖੋਹ ਲਿਆ. ਉਸ ਦੇ ਤੁਰ ਜਾਣ ਨਾਲ ਜਿਥੇ ਪਰੀਵਾਰ ਨੂੰ ,ਉਥੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਕਿ ਇਹੋ ਜਿਹਿਆਂ ਸ਼ਖਸ਼ੀਅਤਾ ਨੂੰ ਪੈਦਾ ਕਰਨ ਲਈ ਬਹੁਤ ਸਮਾਂ ਲਗਦਾ ਹੈ. ਸਾਬਕਾ ਰਾਜਦੂਤ ਡਾ. ਅਸ਼ੋਕ ਅਮਰੋਹੀ ਦਾ ਅਚਾਨਕ ਸੰਸਾਰ ਤੋਂ ਅਲਵਿਦਾ ਹੋ ਜਾਣਾ ਮੇਰੇ ਲਈ ਆਪਣਿਆ ਦੇ ਚਲੇ ਜਾਣ ਤੋਂ ਵੱਧ ਪੀੜਾ ਦਾ ਕਾਰਨ ਬਣਿਆ ਹੋਇਆ ਹੈ. ਮੈਂ ਜਿਥੇ ਉਸ ਦੇ ਪਰੀਵਾਰ ਨਾਲ ਡੂੰਘੀ ਹਮਦਰਦੀ ਜਾਹਿਰ ਕਰਦਾ ਹਾਂ ਉਥੇ ਦਿਲੋਂ ਸ਼ਰਧਜਲੀ ਦਿੰਦੇ ਹੋਏ ਵੀ ਯਕੀਨ ਨਹੀਂ ਹੋ ਰਿਹਾ ਕਿ ਡਾ. ਅੋਸ਼ਕ ਹੁਣ ਇਸ ਦੁਨੀਆਂ ਉਤੇ ਨਹੀਂ ਰਿਹਾ—-
ਅਲਵਿਦਾ ਨਿਕਲੇ ਨਾ ਮੂੰਹੋਂ, ਮਾਫ਼ ਕਰ
ਹੱਥ ਹਿਲਾਇਆ ਹੈ ਕਿਵੇਂ, ਮੈਨੂੰ ਪਤਾ |

—- ਹਰਮੇਸ਼ ਜੱਸਲ .