ਵਿਨੇਸ਼ ਫੋਗਾਟ ਨੂੰ ਕੁਸ਼ਤੀ ਵਿੱਚ ਸੋਨ ਤਗ਼ਮਾ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਇੱਥੇ ਰੂਸ ਦੀ ਕੈਟਰੀਨਾ ਪੋਲੇਸ਼ਚੁਕ ’ਤੇ ਸ਼ਾਨਦਾਰ ਜਿੱਤ ਨਾਲ ਯਾਸਰ ਡੋਗੂ ਕੌਮਾਂਤਰੀ ਟੂਰਨਾਮੈਂਟ ਵਿੱਚ 53 ਕਿਲੋ ਵਰਗ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਹਾਸਲ ਕੀਤਾ। ਪੁਰਸ਼ਾਂ ਦੇ ਫਰੀਸਟਾਈਲ ਵਿੱਚ ਰਾਹੁਲ ਅਵਾਰੇ (61 ਕਿਲੋ) ਨੇ ਤੁਰਕੀ ਦੇ ਮੁਨੀਰ ਅਕਤਾਸ ’ਤੇ 4-1 ਦੀ ਜਿੱਤ ਨਾਲ ਰੈਂਕਿੰਗ ਸੀਰੀਜ਼ ਵਿੱਚ ਪਹਿਲਾ ਕਰੀਅਰ ਖ਼ਿਤਾਬ ਜਿੱਤਿਆ।
ਸੀਨੀਅਰ ਭਾਰਤੀ ਮਹਿਲਾ ਪਹਿਲਵਾਨ ਨੇ ਬੀਤੇ ਹਫ਼ਤੇ ਸਪੇਨ ਗ੍ਰਾਂ ਪ੍ਰੀ ਵਿੱਚ ਪੋਡੀਅਮ ਸਥਾਨ ਹਾਸਲ ਕੀਤਾ ਸੀ। ਉਸ ਨੇ ਯੂਡਬਲਯੂਡਬਲਯੂ ਰੈਂਕਿੰਗ ਸੀਰੀਜ਼ ਟੂਰਨਾਮੈਂਟ ਦੇ ਫਾਈਨਲ ਵਿੱਚ ਰੂਸੀ ਖਿਡਾਰਨ ਨੂੰ 9-5 ਨਾਲ ਸ਼ਿਕਸਤ ਦਿੱਤੀ। ਵਿਨੇਸ਼ ਦਾ ਤਗ਼ਮਾ ਮਹਿਲਾ ਵਰਗ ਵਿੱਚ ਭਾਰਤ ਦਾ ਤੀਜਾ ਸੋਨਾ ਸੀ। ਇਸ ਤੋਂ ਪਹਿਲਾਂ ਸੀਮਾ ਨੇ 50 ਕਿਲੋ ਅਤੇ ਮੰਜੂ ਨੇ 59 ਕਿਲੋ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਮੈਡਰਿਡ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦਿਵਿਆ ਕਕਰਾਨ (68 ਕਿਲੋ) ਅਤੇ ਚਾਂਦੀ ਦਾ ਤਗ਼ਮਾ ਜੇਤੂ ਪੂਜਾ ਟਾਂਡਾ (57 ਕਿਲੋ) ਤਗ਼ਮੇ ਦੇ ਗੇੜ ਤੱਕ ਨਹੀਂ ਪਹੁੰਚ ਸਕੀਆਂ। ਸੱਟ ਮਗਰੋਂ ਵਾਪਸੀ ਕਰ ਰਹੀ ਸਾਕਸ਼ੀ ਵੀ ਤਗ਼ਮੇ ਦੀ ਦੌੜ ’ਚੋਂ ਬਾਹਰ ਰਹੀ।
ਪੁਰਸ਼ਾਂ ਦੇ ਫਰੀਸਟਾਈਲ ਵਿੱਚ ਰਾਹੁਲ ਅਵਾਰੇ (61 ਕਿਲੋ) ਨੇ ਤੁਰਕੀ ਦੇ ਮੁਨੀਰ ਅਕਤਾਸ ’ਤੇ 4-1 ਦੀ ਜਿੱਤ ਨਾਲ ਰੈਂਕਿੰਗ ਸੀਰੀਜ਼ ਵਿੱਚ ਪਹਿਲਾ ਕਰੀਅਰ ਖ਼ਿਤਾਬ ਜਿੱਤਿਆ। ਉਤਕਰਸ਼ ਕਾਲੇ ਨੇ ਇਸੇ ਵਰਗ ਵਿੱਚ ਕਾਂਸੀ ਹਾਸਲ ਕੀਤੀ। ਦੀਪਕ ਪੂਨੀਆ ਨੂੰ 86 ਕਿਲੋ ਵਜ਼ਨ ਵਰਗ ਦੇ ਫਾਈਨਲ ਵਿੱਚ ਅਜ਼ਰਬਾਇਜਾਨ ਦੇ ਅਲੈਕਜ਼ੈਂਡਰ ਗੋਸਿਤਯੇਵ ਤੋਂ 2-7 ਨਾਲ ਹਾਰ ਝੱਲਣੀ ਪਈ ਅਤੇ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਸੁਮੀਤ ਨੇ 125 ਕਿਲੋ ਵਿੱਚ ਕਾਂਸੀ ਜਿੱਤ ਕੇ ਭਾਰਤ ਦੀ ਤਗ਼ਮਿਆਂ ਦੀ ਗਿਣਤੀ ਵਧਾਈ। ਸਨੋਬਾ ਤਨਾਜੀ ਗੋਂਗਨੇ 65 ਕਿਲੋ ਵਿੱਚ ਤੁਰਕੀ ਦੇ ਖਿਡਾਰੀ ਤੋਂ ਹਾਰ ਗਿਆ। ਰਜਨੀਸ਼ (70 ਕਿਲੋ) ਅਤੇ ਵਿੱਕੀ (92 ਕਿਲੋ) ਵੀ ਕਾਂਸੀ ਦੇ ਤਗ਼ਮੇ ਦਾ ਮੁਕਾਬਲਾ ਹਾਰ ਗਏ, ਜਦਕਿ ਅਮਿਤ ਧਨਖੜ (74 ਕਿਲੋ) ਅਤੇ ਸਤਿਆਵ੍ਰਤ ਕਾਦਿਆਨ (97 ਕਿਲੋ) ਕੁਆਲੀਫਿਕੇਸ਼ਨ ਗੇੜ ਤੋਂ ਅੱਗੇ ਨਹੀਂ ਵਧ ਸਕੇ।